ਸਿੰਧੁ
sinthhu/sindhhu

Definition

ਸੰਗ੍ਯਾ- ਇੱਕ ਜੱਟ ਗੋਤ ਜੋ ਸਿਧੂ ਅਤੇ ਸੰਧੂ ਤੋਂ ਵੱਖ ਹੈ। ੨. ਸੰ. सिन्धु ਅਟਕ ਦਰਿਆ, ਜੋ ਤਿੱਬਤ ਤੋਂ ਨਿਕਲਦਾ ਹੈ ਅਰ ਜਿਲਾ ਅਟਕ ਤਥਾ ਸਿੰਧ ਦੇਸ਼ ਵਿੱਚ ਵਹਿੰਦਾ ਹੋਇਆ ਕਰਾਚੀ ਪਾਸ ਅਰਬ ਸਮੁੰਦਰ ਵਿੱਚ ਜਾ ਮਿਲਦਾ ਹੈ. ਇਸ ਦੀ ਸਾਰੀ ਲੰਬਾਈ ੧੮੦੦ ਮੀਲ ਹੈ। ੩. ਸਿੰਧੁ (ਸਿੰਧ) ਦੇਸ਼, ਜੋ ਸਿੰਧ ਦਰਿਆ ਦੇ ਨਾਲ ਨਾਲ ਵਸਦਾ ਹੈ. ਇਸੇ ਨੂੰ ਫਾਰਸ ਦੇ ਲੋਕ ਹਿੰਦ,¹ ਯੂਨਾਨੀ Hindos ਅਤੇ ਅੰਗ੍ਰੇਜ਼ India ਆਖਦੇ ਹਨ. ਪਰ ਹੁਣ ਇਹ ਸ਼ਬਦ ਸਾਰੇ ਭਾਰਤ ਦਾ ਬੋਧ ਕਰਾਉਂਦਾ ਹੈ। ੪. ਮੱਧ ਭਾਰਤ ਦਾ ਇੱਕ ਦਰਿਆ ਜੋ ਟਾਂਕ ਰਿਆਸਤ ਤੋਂ ਨਿਕਲਦਾ ਅਤੇ ਜਮਨਾ ਨਾਲ ਮਿਲ ਜਾਂਦਾ ਹੈ। ੫. ਸਮੁੰਦਰ. ਸਾਗਰ। ੬. ਹਾਥੀ ਦਾ ਮਦ। ੭. ਜਲ। ੮. ਸੈਂਧਵ (ਲੂਣ) ਦਾ ਸੰਖੇਪ. "ਪਰਤ ਸਿੰਧੁ ਗਲਿਜਾਹਾ." (ਆਸਾ ਮਃ ੫) ਲੂਣ ਪਾਣੀ ਵਿੱਚ ਪੈਂਦਾ ਹੀ ਗਲ ਜਾਂਦਾ ਹੈ। ੯. ਇੱਕ ਵੈਸ਼੍ਯ ਮੁਨਿ, ਜੋ ਅੰਧਕ ਦਾ ਪੁਤ੍ਰ ਸੀ. ਇਸ ਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਬਣ ਦਾ ਜੀਵ ਜਾਣਕੇ ਸ਼ਬਦਾਵੇਧੀ ਤੀਰ ਨਾਲ ਮਾਰ ਦਿੱਤਾ ਸੀ. ਇਸੇ ਦਾ ਨਾਉਂ ਲੋਕਾਂ ਵਿੱਚ "ਸਰਵਣ" ਪ੍ਰਸਿੱਧ ਹੈ.
Source: Mahankosh