Definition
[سُقراط] ਸੁਕ਼ਰਾਤ਼. Socrates. ਯੂਨਾਨ ਦਾ ਪ੍ਰਸਿੱਧ ਮੰਤਕੀ ਵਿਦ੍ਵਾਨ, ਜੋ ਏਥੇਂਸ Athens ਨਿਵਾਸੀ ਸੋਫਰੋਨਿਸਕਸ ਦੇ ਘਰ ਫਿਨਾਰੇਟੀ ਦੇ ਉਦਰ ਤੋਂ ਲਗਪਗ ਬੀ. ਸੀ. ੪੬੯ ਵਿੱਚ ਜਨਮਿਆ. ਸੁਕਰਾਤ ਯੂਨਾਨ ਦੀਆਂ ਕੁਰੀਤੀਆਂ ਅਤੇ ਪਾਖੰਡ ਦਾ ਪ੍ਰਚਾਰ ਦੇਖਕੇ ਥਾਂ ਥਾਂ ਉਸ ਦਾ ਖੰਡਨ ਕਰਨ ਵਿੱਚ ਤਤਪਰ ਹੋਇਆ ਅਰ ਨਿਰਭੈਤਾ ਨਾਲ ਲੋਕਾਂ ਨੂੰ ਸੱਚਾ ਉਪਦੇਸ਼ ਦੇਣ ਲੱਗਿਆ. ਉਸ ਦੀ ਚਰਚਾ ਦੀ ਰੀਤ ਅਤੇ ਯੁਕਤਿ ਅਜੇਹੀ ਸੀ ਕਿ ਉਸ ਸਮੇਂ ਦੇ ਪ੍ਰਸਿੱਧ ਵਿਦ੍ਵਾਨ ਨਿਰੁੱਤਰ ਹੋ ਜਾਂਦੇ ਸਨ. ਇਸ ਕਾਰਣ ਸ੍ਵਾਰਥੀ ਲੋਕ ਉਸ ਦੇ ਵਿਰੋਧੀ ਹੋ ਗਏ ਅਰ ਉਨ੍ਹਾਂ ਨੇ ਸੁਕਰਾਤ ਦੇ ਮੱਥੇ ਇਹ ਅਪਰਾਧ ਮੜ੍ਹਕੇ ਕਿ ਉਹ ਸਨਾਤਨ ਧਰਮ ਦਾ ਵੈਰੀ ਅਤੇ ਆਪਣੇ ਨਵੇਂ ਮਤ ਦਾ ਪ੍ਰਚਾਰਕ ਹੈ, ਕੈਦ ਕਰਵਾ ਦਿੱਤਾ. ਅੰਤ ਨੂੰ ਅਦਾਲਤ ਦੇ ਹੁਕਮ ਨਾਲ ਜ਼ਹਿਰ ਦਾ ਪਿਆਲਾ ਪਿਆਕੇ ਉਸ ਦੇ ਪ੍ਰਾਣ ਲੈ ਲਏ.#ਸੁਕਰਾਤ ਆਤਮਾ ਨੂੰ ਅਜਰ ਅਮਰ ਮੰਨਦਾ ਸੀ. ਉਸ ਨੂੰ ਮੌਤ ਦਾ ਭੈ ਉਸ ਦੇ ਨਿਯਮਾਂ ਤੋਂ ਜਰਾ ਭੀ ਹਟਾ ਨਹੀਂ ਸਕਦਾ ਸੀ. ਇਸੇ ਕਾਰਣ ਉਹ ਅੰਤ ਵੇਲੇ ਅਡੋਲ ਰਿਹਾ. ਸੁਕਰਾਤ ਨੇ ਪ੍ਰਾਣ ਤ੍ਯਾਗਣ ਵੇਲੇ ਜੋ ਆਪਣੇ ਚੇਲਿਆਂ ਨਾਲ ਗ੍ਯਾਨਚਰਚਾ ਕੀਤੀ ਹੈ ਉਹ ਅਮੋਲਕ ਸਿਖ੍ਯਾ ਨਾਲ ਭਰੀ ਹੋਈ ਹੈ. ਇਸ ਮਹਾਤਮਾ ਦੀ ਸਾਰੀ ਉਮਰ ਕਰੀਬ ੭੦ ਵਰ੍ਹੇ ਦੀ ਸੀ.
Source: Mahankosh