Definition
ਸੰ. ਸ਼ੁਕ੍ਰ. ਸੰਗ੍ਯਾ- ਵੀਰਯ. ਮਨੀ। ੨. ਅਗਨਿ। ੩. ਜੇਠ ਮਹੀਨਾ। ੪. ਦੈਤਾਂ ਦਾ ਗੁਰੂ ਸ਼ੁਕਰਾਚਾਰਯ. ਇਹ ਭ੍ਰਿਗੁ ਦਾ ਪੁਤ੍ਰ ਅਤੇ ਬਲਿ ਦਾ ਪੁਰੋਹਿਤ ਸੀ. ਇਸ ਨੂੰ ਕਵਿ ਭੀ ਆਖਦੇ ਹਨ. ਇਸ ਦੀ ਇਸਤ੍ਰੀ ਦਾ ਨਾਉਂ ਸੁਸੁਮਾ ਸੀ. ਇਸ ਦੀ ਪੁਤ੍ਰੀ ਦੇਵਯਾਨੀ ਨੇ ਚੰਦ੍ਰਵੰਸ਼ੀ ਯਯਾਤਿ ਰਾਜੇ ਨਾਲ ਵਿਆਹ ਕੀਤਾ ਸੀ. ਸ਼ੁਕ੍ਰ ਧਰਮਸ਼ਾਸਤ੍ਰ ਅਤੇ ਨੀਤਿਸ਼ਾਸਤ੍ਰ ਦਾ ਕਰਤਾ ਭੀ ਹੈ ਹਰਿਵੰਸ਼ ਵਿੱਚ ਲਿਖਿਆ ਹੈ ਕਿ ਇਹ ਸ਼ਿਵ ਪਾਸੋਂ ਸ਼ਕਤਿ ਪ੍ਰਾਪਤ ਕਰਨ ਲਈ (ਜਿਸ ਕਰਕੇ ਦੈਤ, ਦੇਵਤਿਆਂ ਤੋਂ ਨਾ ਜਿੱਤੇ ਜਾਣ) ਘੋਰ ਤਪ ਕਰਦਾ ਰਿਹਾ, ਅਰਥਾਤ ੧੦੦੦ ਵਰ੍ਹਾ ਸਿਰ ਪਰਣੇ ਲਟਕਦਾ ਰਿਹਾ, ਜਦ ਇਹ ਇਸ ਤਪ ਵਿੱਚ ਲੱਗਾ ਹੋਇਆ ਸੀ ਤਾਂ ਦੇਵਤਿਆਂ ਨੇ ਦੈਤਾਂ ਤੇ ਚੜ੍ਹਾਈ ਕੀਤੀ ਅਤੇ ਜੰਗ ਵਿੱਚ ਇਸ ਦੀ ਮਾਤਾ ਨੂੰ ਵਿਸਨੁ ਨੇ ਮਾਰ ਦਿੱਤਾ. ਸ਼ੁਕ੍ਰ ਨੇ ਵਿਸਨੁ ਨੂੰ ਸ੍ਰਾਪ ਦਿੱਤਾ ਕਿ ਤੂੰ ਸੱਤ ਵੇਰ ਪ੍ਰਿਥਿਵੀ ਉੱਤੇ ਜਨਮ ਲਵੇਂ. ਫੇਰ ਸ਼ੁਕ੍ਰ ਨੇ ਆਪਣੀ ਮਾਤਾ ਨੂੰ ਵੀ ਜਿਵਾ ਲਿਆ. ਇੰਦ੍ਰ ਨੇ ਡਰਕੇ ਕਿ ਕਿਧਰੇ ਸ਼ੁਕ੍ਰ ਦਾ ਤਪ ਪੂਰਾ ਨਾ ਹੋ ਜਾਵੇ ਆਪਣੀ ਬੇਟੀ ਜਯੰਤੀ ਨੂੰ ਇਸ ਦਾ ਤਪ ਭੰਗ ਕਰਨ ਵਾਸਤੇ ਘੱਲਿਆ. ਜਯੰਤੀ ਉੱਥੇ ਜਾਕੇ ਬਹੁਤੇਰਾ ਇਸ ਨੂੰ ਮੋਹਣ ਦਾ ਯਤਨ ਕਰ ਰਹੀ, ਪਰ ਸ਼ੁਕ੍ਰ ਨੇ ਆਪਣਾ ਤਪ ਤੋੜ ਨਿਬਾਹਕੇ ਜਯੰਤੀ ਨਾਲ ਵਿਆਹ ਕੀਤਾ. ਸ਼ੁਕ੍ਰ ਨੂੰ ਇਸ ਦੇ ਪਿਤਾ ਭ੍ਰਿਗੁ ਦੇ ਨਾਉ ਅਨੁਸਾਰ ਭਾਰਗਾਵ ਭੀ ਆਖਦੇ ਹਨ.#ਸ਼ੁਕ੍ਰ ਦੇ ਕਾਣੇ ਹੋਣ ਦਾ ਜ਼ਿਕਰ ਇਉਂ ਹੈ ਕਿ ਜਦ ਬਾਉਨੇ (ਵਾਮਨ) ਬ੍ਰਾਹਮਣ ਨੂੰ ਰਾਜਾ ਬਲਿ ਢਾਈ ਕਦਮ ਜ਼ਮੀਨ ਦਾ ਸੰਕਲਪ ਦੇਣ ਲੱਗਾ, ਤਦ ਸ਼ੁਕ੍ਰ ਸੂਖਮ ਰੂਪ ਧਾਰਕੇ ਗੰਗਾਸਾਗਰ ਦੀ ਟੂਟੀ ਵਿੱਚ ਜਾ ਬੈਠਾ. ਜਦ ਪਾਣੀ ਹੱਥ ਤੇ ਨਾ ਆਇਆ ਤਦ ਬਲਿ ਨੇ ਤਿਨਕਾ ਟੂਟੀ ਵਿੱਚ ਫੇਰਿਆ ਅਰ ਸ਼ੁਕ੍ਰ ਦੀ ਅੱਖ ਫੁੱਟ ਗਈ.¹ "ਸੁਕ੍ਰ ਬਾਤ ਮਨ ਮੋ ਪਹਿਚਾਨੀ." (ਵਾਮਨਾਵ) ੫. ਸ਼ੁਕ੍ਰਵਾਰ. ਜੁਮਾ। ੬. ਇੱਕ ਚਮਕੀਲਾ ਗ੍ਰਹ, ਜੋ ਪ੍ਰਿਥਿਵੀ ਦੇ ਬਹੁਤ ਨੇੜੇ ਹੈ. ਸੂਰਜ ਤੋਂ ਇਸ ਦੀ ਵਿੱਥ ਤਿੰਨ ਕਰੋੜ ੩੫ ਲੱਖ ਕੋਹ ਹੈ. ੨੨੫ ਦਿਨਾਂ ਵਿੱਚ ਇਹ ਆਪਣੀ ਧੁਰ ਉੱਪਰ ਇਕ ਗੇੜਾ ਲਾਉਂਦਾ ਹੈ. ਪੁਰਾਣਾਂ ਵਿਚ ਇਹੀ ਸ਼ੁਕ੍ਰ ਦੈਤਾਂ ਦਾ ਗੁਰੂ ਹੈ. ੭. ਵਿ- ਚਮਕੀਲਾ। ੮. ਚਿੱਟਾ. ਉੱਜਲ.
Source: Mahankosh