Definition
ਸੰਮਤ ੧੬੭੨ ਵਿੱਚ ਬਾਰਾਂਮੂਲੇ ਪਾਸ ਬਰਾਮਪੁਰ ਪਿੰਡ ਨਿਵਾਸੀ ਨੰਦੇ ਖਤਰੀ ਦੇ ਘਰ ਇੱਕ ਬਾਲਕ ਦੰਦਾਂ ਸਮੇਤ ਜਨਮਿਆ, ਜਿਸ ਨੂੰ ਜੋਤਸ਼ੀਆਂ ਦੇ ਕਹੇ ਵਿਘਨਕਾਰੀ ਜਾਣਕੇ ਬਾਹਰ ਸਿੱਟ ਦਿੱਤਾ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ, ਜੋ ਕਸ਼ਮੀਰ ਤੋਂ ਵਾਪਿਸ ਆ ਰਹੇ ਸਨ ਉਨ੍ਹਾਂ ਦੀ ਨਜ਼ਰ ਇਹ ਬਾਲਕ ਪਿਆ. ਸਤਿਗੁਰੂ ਨੇ ਦਯਾ ਕਰਕੇ ਬਾਲਕ ਉਠਵਾ ਲਿਆ ਅਤੇ ਵਡੇ ਯਤਨ ਨਾਲ ਪਾਲਿਆ ਅਰ ਨਾਉਂ "ਸੁਥਰਾ" ਰੱਖਿਆ. ਇਹ ਗੁਰੂਘਰ ਦਾ ਵਡਾ ਪ੍ਰੇਮੀ ਹੋਇਆ ਹੈ ਅਰ ਸ਼੍ਰੀ ਗੁਰੂ ਹਰਿਰਾਇ ਸਾਹਿਬ ਦੀ ਸੇਵਾ ਵਿੱਚ ਭੀ ਹਾਜ਼ਿਰ ਰਿਹਾ. ਸੁਥਰੇਸ਼ਾਹ ਵਡਾ ਵਿਲਾਸੀ ਹੋਇਆ ਹੈ. ਇਸ ਦੀ ਹਾਸ੍ਯਰਸ ਪੂਰਿਤ ਅਨੇਕ ਕਹਾਣੀਆਂ ਜਗਤ ਪ੍ਰਸਿੱਧ ਹਨ. ਦਿੱਲੀ ਦੇ ਹਾਕਮਾਂ ਤੋਂ ਇਸ ਨੇ ਪੈਸਾ ਹੱਟੀ ਉਗਰਾਹੁਣ ਦਾ ਹੁਕਮ ਪਰਪਾਤ ਕੀਤਾ. ਇਸ ਦੇ ਪੰਥ ਦਾ ਨਾਉਂ ਸੁਥਰੇਸ਼ਾਹੀ ਹੈ. ਹੁਣ ਬਹੁਤ ਸੁਥਰੇ ਸਿੱਖਧਰਮ ਦੇ ਨਿਯਮਾਂ ਨੂੰ ਭੁਲਾ ਬੈਠੇ ਹਨ. ਡੰਡੇ ਬਜਾਕੇ ਹੱਟੀਆਂ ਤੋਂ ਮੰਗਦੇ ਹਨ. ਕਦੇ ਬੇਨਵਿਆਂ ਦੀ ਤਰਾਂ ਦੁਰਵਚਨ ਬੋਲਦੇ ਹਨ. ਕਈ ਮੂੰਹ ਕਾਲਾ ਕਰਕੇ ਧਰਨਾ ਮਾਰ ਬੈਠਦੇ ਹਨ.
Source: Mahankosh