ਸੁਲਤਾਨਪੁਰ
sulataanapura/sulatānapura

Definition

ਕਪੂਰਥਲਾ ਰਾਜ ਵਿੱਚ ਸਫੇਦ ਵੇਂਈ ਨਦੀ ਦੇ ਕਿਨਾਰੇ ਇੱਕ ਨਗਰ, ਜੋ ਰਾਜਧਾਨੀ ਤੋਂ ੧੬. ਮੀਲ ਦੱਖਣ ਹੈ. ਇਹ ਈਸਵੀ ਗ੍ਯਾਰਵੀਂ ਸਦੀ ਵਿੱਚ ਸੁਲਤਾਨ ਖ਼ਾਨ ਲੋਦੀ ਨੇ (ਜੋ ਮਹਮੂਦ ਗਜ਼ਨਵੀ ਦਾ ਫੌਜਦਾਰ ਸੀ) ਵਸਾਇਆ ਹੈ.¹ ਇਸ ਥਾਂ ਬੀਬੀ ਨਾਨਕੀ ਜੀ ਜੈਰਾਮ ਦਾਸ ਨੂੰ ਵਿਆਹੀ ਗਈ ਸੀ. ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ- "ਤੇਰਾ ਹਾਂ! ਤੇਰਾ ਹਾਂ!"- ਕਹਿਕੇ ਤਰਾਜੂ ਨਾਲ ਤੋਲਦੇ ਹੋਏ ਦੌਲਤ ਖਾਂ ਲੋਦੀ ਦੇ ਮੋਦੀਖਾਨੇ ਦਾ ਕੰਮ ਕੀਤਾ ਹੈ.² ਹੁਣ ਸੁਲਤਾਨਪੁਰ ਨਾਰਥ ਵੈਸਟਰਨ ਰੇਲਵੇ ਦਾ ਸਟੇਸ਼ਨ ਹੈ. ਇਸ ਪਵਿਤ੍ਰ ਨਗਰ ਵਿੱਚ ਹੇਠ ਲਿਖੇ ਗੁਰੁਦ੍ਵਾਰੇ ਹਨ-#(੧) ਸੰਤਘਾਟ. ਬੇਈਂ ਦਾ ਉਹ ਘਾਟ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਟੁੱਬੀ ਮਾਰਕੇ ਲੋਪ ਹੋ ਗਏ ਸਨ, ਅਰ ਤੀਜੇ ਦਿਨ ਨਿਕਲਕੇ ਉਦਾਸੀ ਭੇਸ ਧਾਰਨ ਕੀਤਾ ਸੀ. ਰਿਆਸਤ ਵੱਲੋਂ ਪੰਜ ਘੁਮਾਉਂ ਜ਼ਮੀਨ ਇਸ ਗੁਰੁਦ੍ਵਾਰੇ ਦੇ ਨਾਉਂ ਹੈ.#(੨) ਹੱਟ ਸਾਹਿਬ. ਇਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਰਕਾਰੀ ਮੋਦੀਖਾਨੇ ਦੀ ਦੁਕਾਨ ਖੋਲ੍ਹੀ ਹੋਈ ਸੀ, ਜਿਸ ਤੋਂ ਅਨੇਕ ਲੋਕ ਲਾਭ ਪ੍ਰਾਪਤ ਕਰਦੇ ਸਨ. ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਸ੍ਵਾਮੀ ਦੇ ੧੧. ਵੱਟੇ ਪੱਥਰ ਦੇ ਵਡੇ ਛੋਟੇ ਹਨ. ੨੦. ਘੁਮਾਉਂ ਜ਼ਮੀਨ ਅਤੇ ੮੧ ਰੁਪਯੇ ਨਕਦ ਰਿਆਸਤ ਕਪੂਰਥਲੇ ਵੱਲੋਂ ਇਸ ਗੁਰੁਦ੍ਵਾਰੇ ਦੇ ਨਾਉਂ ਹਨ.#(੩) ਕੋਠੜੀ ਸਾਹਿਬ. ਇਹ ਉਹ ਥਾਂ ਹੈ ਜਿੱਥੇ ਨਵਾਬ ਦੇ ਮੁਨਸ਼ੀਆਂ ਨੇ ਗੁਰੂ ਸਾਹਿਬ ਤੋਂ ਲੇਖਾ ਲਿਆ ਸੀ. ਰਿਆਸਤ ਵੱਲੋਂ ਤਿੰਨ ਘੁਮਾਉਂ ਜ਼ਮੀਨ ਇਸ ਗੁਰੁਦ੍ਵਾਰੇ ਦੇ ਨਾਉਂ ਹੈ.#(੪) ਗੁਰੂ ਕਾ ਬਾਗ. ਇਹ ਅਸਥਾਨ ਬੀਬੀ ਨਾਨਕੀ ਜੀ ਦਾ ਘਰ ਅਤੇ ਗੁਰੂ ਨਾਨਕ ਦੇਵ ਜੀ ਦਾ ਰਹਾਇਸ਼ੀ ਮਕਾਨ ਸੀ. ਇਸੇ ਥਾਂ ਬਾਬਾ ਸ਼੍ਰੀ ਚੰਦ ਅਤੇ ਲਖਮੀ ਦਾਸ ਜੀ ਜਨਮੇ ਹਨ. ਇਸ ਗੁਰੁਦ੍ਵਾਰੇ ਦੇ ਨਾਉਂ ਤੇਰਾਂ ਘੁਮਾਉਂ ਜ਼ਮੀਨ ਕਪੂਰਥਲੇ ਵੱਲੋਂ ਹੈ. ਇਸ ਥਾਂ ਬਾਬਾ ਸ਼੍ਰੀ ਚੰਦ ਜੀ ਦੀ ਇੱਕ ਬੈਰਾਗਣ ਹੈ.#(੫) ਜਨਮ ਅਸਥਾਨ ਬਾਬਾ ਸ੍ਰੀ ਚੰਦ ਅਤੇ ਲਖਮੀ ਦਾਸ ਜੀ ਦਾ. ਦੇਖੋ, ਨੰਃ ੪.#(੬) ਧਰਮਸਾਲ ਗੁਰੂ ਅਰਜਨ ਸਾਹਿਬ ਜੀ. ਗੁਰੁਦ੍ਵਾਰਾ ਕੋਠੜੀ ਸਾਹਿਬ ਦੇ ਪਾਸ ਇਹ ਅਸਥਾਨ ਹੈ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਵਿਆਹ ਡੱਲੇ ਪਿੰਡ ਕਰਨ ਜਾਂਦੇ ਹੋਏ ਸ਼੍ਰੀ ਗੁਰੂ ਅਰਜਨ ਦੇਵ ਜੀ ਇੱਥੇ ਵਿਰਾਜੇ ਹਨ. ਰਿਆਸਤ ਕਪੂਰਥਲੇ ਵੱਲੋਂ ਗੁਰੁਦ੍ਵਾਰੇ ਦੇ ਨਾਉਂ ਬਾਰਾਂ ਘੁਮਾਉਂ ਜ਼ਮੀਨ ਹੈ.#(੭) ਬੇਰ ਸਾਹਿਬ. ਸ਼ਹਿਰ ਤੋਂ ਪੱਛਮ ਕਰੀਬ ਅੱਧ ਮੀਲ ਉਹ ਅਸਥਾਨ, ਜਿੱਥੇ ਬੇਈਂ ਵਿੱਚ ਨਿੱਤ ਇਸ਼ਨਾਨ ਕਰਨ ਗੁਰੂ ਸਾਹਿਬ ਜਾਇਆ ਕਰਦੇ ਸਨ. ਗੁਰੂ ਸਾਹਿਬ ਦੇ ਵੇਲੇ ਦੀ ਬੇਰੀ ਹੁਣ ਮੌਜੂਦ ਹੈ. ਇਸ ਗੁਰੁਧਾਮ ਨੂੰ ਤੇਰਾਂ ਸੌ ਸੱਠ ਰੁਪਯੇ ਸਾਲਾਨਾ ਜਾਗੀਰ ਰਿਆਸਤ ਕਪੂਰਥਲੇ ਵੱਲੋਂ, ਸਵਾ ਸੌ ਰੁਪੈਯਾ ਰਿਆਸਤ ਪਟਿਆਲੇ ਤੋਂ, ਇਕਵੰਜਾ ਰੁਪੈਯੇ ਨਾਭੇ ਵੱਲੋਂ ਹੈ, ਤੀਸ ਘੁਮਾਉਂ ਜਮੀਨ ਗੁਰੁਦ੍ਵਾਰੇ ਦੇ ਨਾਉਂ ਪਿੰਡ ਮਾਣਕ ਅਤੇ ਪਿੰਡ ਮਾਛੀਜੋਇਆ ਵਿੱਚ ਹੈ.
Source: Mahankosh