ਸੁਲੈਮਾਨ
sulaimaana/sulaimāna

Definition

ਅ਼. [سُلیمان] (Solomon) ਬਤਸਬਾ (Bathsheba) ਦੇ ਉਦਰ ਤੋਂ ਦਾਊਦ ਦਾ ਪੁਤ੍ਰ, ਜੋ ਇਸਰਾਈਲ ਵੰਸ਼ ਦਾ ਵਡਾ ਦਾਨਾ ਬਾਦਸ਼ਾਹ ਸੀ. ਇਸ ਦੇ ਅਖਾਣ ਜਗਤਪ੍ਰਸਿੱਧ ਹਨ. ਸੁਲੇਮਾਨ ਦੀਆਂ ਕਹਾਵਤਾਂ ਬਾਈਬਲ ਵਿੱਚ ਭੀ ਦਰਜ ਹਨ.#ਕੁਰਾਨ ਵਿੱਚ ਲਿਖਿਆ ਹੈ ਕਿ ਇੱਕ ਵਾਰ ਬਾਦਸ਼ਾਹ ਸੁਲੇਮਾਨ ਆਪਣੇ ਘੋੜੇ ਦੇਖ ਰਿਹਾ ਸੀ ਜਿਸ ਤੋਂ ਨਮਾਜ਼ ਦਾ ਵੇਲਾ ਟਲ ਗਿਆ, ਤਦ ਸੁਲੇਮਾਨ ਨੇ ਤਲਵਾਰ ਲੈ ਕੇ ਘੋੜਿਆਂ ਦੀਆਂ ਪਿੰਜਣੀਆਂ ਵੱਢ ਸੁੱਟੀਆਂ. ਫੇਰ ਇਹ ਜ਼ਿਕਰ ਹੈ ਕਿ ਖੁਦਾ ਨੇ ਪੌਣ ਅਤੇ ਦੇਉ ਜਿੰਨ ਸੁਲੇਮਾਨ ਦੇ ਤਾਬੇ ਕਰ ਦਿੱਤੇ, ਅਰ ਜਾਨਵਰਾਂ ਦੀ ਬੋਲੀ ਸਮਝਣ ਦਾ ਗਿਆਨ ਦਿੱਤਾ.#ਇੱਕ ਬਾਰ ਸੁਲੇਮਾਨ ਲਸ਼ਕਰ ਸਮੇਤ ਜਾ ਰਿਹਾ ਸੀ ਤਾਂ ਕੀੜੀਆਂ ਨੇ ਆਖਿਆ ਕਿ ਛੇਤੀ ਖੱਡਾਂ ਵਿੱਚ ਵੜ ਜਾਓ, ਕਿਤੇ ਸੁਲੇਮਾਨ ਦੀ ਫੌਜ ਸਾਨੂ ਦਰੜ ਨਾ ਸੁੱਟੇ. ਸੁਲੇਮਾਨ ਨੇ ਇਹ ਗੱਲ ਸੁਣ ਲਈ ਅਰ ਖੁਦਾ ਦਾ ਸ਼ੁਕਰ ਕਰਕੇ ਕੀੜੀਆਂ ਦਾ ਬਚਾਉ ਕੀਤਾ. ਇੱਕ ਬਾਰ ਪਰਿੰਦ ਚੁਕੀਰੇ (ਚੱਕੀਰਾਹੇ) ਨੇ ਇੱਕ ਸੂਰਜ ਪੂਜਕ ਰਾਣੀ ਦਾ ਹਾਲ ਸੁਲੇਮਾਨ ਨੂੰ ਦੱਸਿਆ ਜਿਸ ਪੁਰ ਸੁਲੇਮਾਨ ਨੇ ਉਸ ਨੂੰ ਚੱਕੀਰਾਹੇ ਦੇ ਹੱਥ ਖਤ ਭੇਜਿਆ ਅਰ ਰਾਣੀ ਨੂੰ ਆਪਣੇ ਮਤ ਤੇ ਲਿਆਂਦਾ. ਦੇਖੋ, ਕੁਰਾਨ ਸੂਰਤ ੨੭.#ਬਾਈਬਲ ਵਿੱਚ ਲਿਖਿਆ ਹੈ ਕਿ ਸੁਲੇਮਾਨ ਨੇ ਯਰੂਸਲਮ (Jerusalem) ਵਿੱਚ ੪੦ ਵਰ੍ਹੇ ਰਾਜ ਕੀਤਾ ਅਰ ਜਗਤ ਪ੍ਰਸਿੱਧ ਜੋ ਯਹੂਦੀ ਅਤੇ ਈਸਾਈਆਂ ਦਾ ਪੂਜ੍ਯ ਮੰਦਿਰ ਹੈ ਉਹ ਉਸ ਨੇ ਬਣਾਇਆ ਹੈ. ਸੁਲੇਮਾਨ ਦੀ ਕਬਰ ਯਰੂਸ਼ਲਮ ਵਿੱਚ ਦੇਖੀ ਜਾਂਦੀ ਹੈ.#ਸੁਲੇਮਾਨ ਦਾ ਜਨਮ ਸਨ ਈਸਵੀ ਤੋਂ ਪਹਿਲਾਂ (ਬੀ. ਸੀ. ) ੧੦੩੩ ਅਤੇ ਦੇਹਾਂਤ ੯੭੫ ਵਿੱਚ ਅਨੁਮਾਨ ਕੀਤਾ ਗਿਆ ਹੈ.#ਸੁਲੇਮਾਨ ਦੀਆਂ ਸੱਤ ਸੌ ਵਹੁਟੀਆਂ ਅਤੇ ਤਿੰਨ ਸੌ ਗੋਲੀਆਂ ਸਨ. ਉਸ ਦਾ ਪੁਤ੍ਰ "ਰਹਬਯਾਮ" ਹੋਇਆ, ਜਿਸ ਨੇ ਯਰੂਸਲਮ ਵਿੱਚ ਰਾਜ ਕੀਤਾ.
Source: Mahankosh