ਸੁਹੇਵਾ
suhayvaa/suhēvā

Definition

ਰਿਆਸਤ ਬੀਕਾਨੇਰ, ਨਜਾਮਤ ਰਾਜਗੜ੍ਹ, ਤਸੀਲ ਰਿਣੀ ਦਾ ਇੱਕ ਪਿੰਡ, ਜੋ ਸਟੇਸ਼ਨ ਰਾਜਗੜ੍ਹ ਤੋਂ ਵਾਯਵੀ ਕੋਣ ੨੫ ਕੋਹ ਹੈ ਅਰ ਸਰਸੇ ਤੋਂ ਨੈਰਤ ਕੋਣ ੩੦ ਕੋਹ ਹੈ. ਆਸ ਪਾਸ ਦੇ ਲੋਕ ਇਸ ਨੂੰ ਸਾਹਿਆ ਆਖਦੇ ਹਨ, ਇਸ ਥਾਂ ਦਸ਼ਮੇਸ਼ ਜੀ ਦੱਖਣ ਨੂੰ ਜਾਂਦੇ ਹੋਏ ਵਿਰਾਜੇ ਹਨ, ਪਿੰਡ ਤੋਂ ਈਸ਼ਾਨ ਕੋਣ ਤਾਲ ਦੇ ਕਿਨਾਰੇ ਗੁਰੁਦ੍ਵਾਰਾ ਹੈ. ਗੁਰੂ ਸਾਹਿਬ ਦੇ ਵੇਲੇ ਦਾ ਇੱਕ ਜੰਡ ਅਤੇ ਪਿੱਪਲ ਹੈ. ਉਸ ਵੇਲੇ ਪਿੱਪਲ ਬਹੁਤ ਛੋਟਾ ਜੰਡ ਵਿੱਚ ਉਗਿਆ ਹੋਇਆ ਸੀ. ਕਲਗੀਧਰ ਨੇ ਫਰਮਾਇਆ ਕਿ ਜਦ ਇਹ ਪਿੱਪਲ ਜੰਡ ਨੂੰ ਨਿਗਲ ਜਾਵੇਗਾ ਤਾਂ ਦੇਸ਼ ਦਾ ਕਾਲ (ਦੁਰਭਿੱਖ) ਦੂਰ ਹੋ ਜਾਊ. ਹੁਣ ਪਿੱਪਲ ਨੇ ਸਾਰੇ ਜੰਡ ਨੂੰ ਨਿਗਲ ਲੀਤਾ ਹੈ ਕੇਵਲ ਢਾਈ ਇੰਚ ਚੌੜਾ ਛੀ ਇੰਚ ਲੰਮਾ ਜੰਡ ਵਿਖਾਈ ਦਿੰਦਾ ਹੈ.#ਪਿੱਪਲ ਤੋਂ ੨੫ ਫੁਟ ਦੀ ਵਿੱਥ ਤੇ ਇੱਕ ਪੱਥਰ ਦੀ ਚਟਾਨ ਉੱਪਰ ਤਿੰਨ ਚਾਰ ਨਿਸ਼ਾਨ ਘੋੜੇ ਦੇ ਪੌੜਾਂ ਦੇ ਹਨ, ਜਿਨ੍ਹਾਂ ਨੂੰ ਦਸ਼ਮੇਸ਼ ਦੇ ਘੋੜੇ ਦੇ ਦੱਸਿਆ ਜਾਂਦਾ ਹੈ. ਗੁਰੁਦ੍ਵਾਰੇ ਨਾਲ ੩੦ ਵਿੱਘੇ ਜ਼ਮੀਨ ਹੈ. ਰਿਆਸਤ ਪਟਿਆਲੇ ਤੋਂ ੩੨੫) ਸਾਲਾਨਾ ਮਿਲਦੇ ਹਨ. ਪੁਜਾਰੀ ਸਿੰਘ ਹੈ. ਕੱਤਕ ਦੀ ਪੂਰਣਮਾਸੀ ਨੂੰ ਜੋੜਮੇਲ ਹੁੰਦਾ ਹੈ.
Source: Mahankosh