ਸੁੰਦਰੀ ਮਾਤਾ
suntharee maataa/sundharī mātā

Definition

ਲਹੌਰ ਨਿਵਾਸੀ ਰਾਮਸਰਨ ਕੁਮਰਾਵ ਖਤ੍ਰੀ ਦੀ ਸੁਪੁਤ੍ਰੀ, ਜਿਸ ਦਾ ਆਨੰਦ ੭. ਵੈਸਾਖ ਸੰਮਤ ੧੭੪੧ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ. ਇਸੇ ਦੀ ਕੁੱਖ ਤੋਂ ਸ਼ਾਹਜ਼ਾਦਾ ਅਜੀਤ ਸਿੰਘ ਜੀ ਪ੍ਰਗਟੇ ਸਨ.#ਦਸ਼ਮੇਸ਼ ਦੇ ਜੋਤੀ ਜੋਤਿ ਸਮਾਉਣ ਪਿਛੋਂ ਆਪ ਦਾ ਪੰਥ ਉੱਤੇ ਪੂਰਾ ਹੁਕਮ ਚਲਦਾ ਰਿਹਾ ਹੈ.¹ ਭਾਈ ਮਨੀ ਸਿੰਘ ਜੀ ਨੂੰ ਇਨ੍ਹਾਂ ਨੇ ਹਰਿਮੰਦਿਰ (ਅਮ੍ਰਿਤਸਰ) ਦਾ ਗ੍ਰੰਥੀ ਥਾਪਕੇ ਭੇਜਿਆ ਸੀ. ਮਾਤਾ ਜੀ ਨੇ ਆਪਣੀ ਅੰਤਿਮ ਅਵਸਥਾ ਦਿੱਲੀ ਰਹਿਕੇ ਵਿਤਾਈ. ਕੁਝ ਕਾਲ ਮਥੁਰਾ ਭੀ ਜਾ ਰਹੇ ਸਨ, ਜਿਸ ਥਾਂ ਆਪ ਦੀ ਹਵੇਲੀ ਦੇਖੀ ਜਾਂਦੀ ਹੈ. ਉਸ ਸਮੇਂ ਜਯਪੁਰ ਵੱਲੋਂ ਦੋ ਪਿੰਡ ਜਾਗੀਰ ਵਿੱਚ ਮਾਤਾ ਜੀ ਦੀ ਭੇਟਾ ਕੀਤੇ ਗਏ ਸਨ. ਮਥੁਰਾ ਤੋਂ ਫੇਰ ਦਿੱਲੀ ਮਾਤਾ ਜੀ ਵਾਪਿਸ ਆ ਗਏ ਅਰ ਉਸੇ ਥਾਂ ਸੰਮਤ ੧੮੦੪ ਵਿੱਚ ਦੇਹਾਂਤ ਹੋਇਆ. ਆਪ ਦੀ ਹਵੇਲੀ ਤੁਰਕਮਾਨ ਦਰਵਾਜੇ ਤੋਂ ਬਾਹਰ ਸੀਸਗੰਜ ਤੋਂ ਡੇਢ ਮੀਲ ਦੀ ਵਿੱਥ ਪੁਰ ਹੈ.#ਕਲਗੀਧਰ ਨੇ ਜੋ ਸ਼ਸਤ੍ਰ ਮਾਤਾ ਸਾਹਿਬ ਕੌਰ ਜੀ ਨੂੰ ਅਬਿਚਲਨਗਰ ਤੋਂ ਤੁਰਨ ਵੇਲੇ ਸਪੁਰਦ ਕੀਤੇ ਸਨ, ਉਹ ਮਾਤਾ ਸਾਹਿਬ ਜੀ ਨੇ ਦੇਹਾਂਤ ਸਮੇਂ ਮਾਤਾ ਸੁੰਦਰੀ ਜੀ ਦੇ ਹਵਾਲੇ ਕੀਤੇ, ਮਾਤਾ ਸੁੰਦਰੀ ਜੀ ਨੇ ਆਪਣੇ ਦੇਹਾਂਤ ਸਮੇਂ ਆਪਣੇ ਸੇਵਕ ਜੀਵਨ ਸਿੰਘ ਨੂੰ ਦੇ ਕੇ ਅਦਬ ਨਾਲ ਰੱਖਣ ਦੀ ਆਗ੍ਯਾ ਕੀਤੀ. ਜੀਵਨ ਸਿੰਘ ਦੇ ਪੁਤ੍ਰ ਬਖਤਾਵਰ ਸਿੰਘ ਨੇ, ਉਸ ਦੇ ਪੁਤ੍ਰ ਮਿੱਠੂ ਸਿੰਘ ਨੇ, ਉਸਦੇ ਪੁਤ੍ਰ ਸੇਵਾ ਸਿੰਘ ਨੇ, ਉਸ ਦੇ ਪੁਤ੍ਰ ਭਾਨ ਸਿੰਘ ਨੇ ਇਹ ਸ਼ਸਤ੍ਰ ਆਪਣੇ ਘਰ ਰੱਖੇ. ਭਾਈ ਭਾਨ ਸਿੰਘ ਦੇ ਮੁਤਬੰਨੇ ਆਤਮਾ ਸਿੰਘ ਨੇ ਪੰਥ ਦੀ ਇੱਛਾ ਅਨੁਸਾਰ ਗੁਰੁਦ੍ਵਾਰਾ ਰਕਾਬਗੰਜ ਵਿੱਚ ਅਸਥਾਪਨ ਕਰ ਦਿੱਤੇ ਹਨ. ਸ਼ਸਤ੍ਰ ਇਹ ਹਨ- ਇੱਕ ਤਲਵਾਰ, ਇੱਕ ਖੰਡਾ, ਇੱਕ ਖੰਜਰ ਅਤੇ ਦੋ ਕਟਾਰ. ਦੇਖੋ, ਦਿੱਲੀ.
Source: Mahankosh