Definition
ਵ੍ਰਜਵਾਸੀ ਬਾਬਾ ਰਾਮਦਾਸ ਬ੍ਰਾਹਮਣ ਦਾ ਪੁਤ੍ਰ, ਜੋ ਸੰਮਤ ੧੫੪੦ ਵਿੱਚ ਜਨਮਿਆ ਅਰ ਵੱਲਭਾਚਾਰਯ ਦਾ ਸਿੱਖ ਹੋ ਕੇ ਕ੍ਰਿਸਨਭਗਤੀ ਵਿੱਚ ਅਵਸਥਾ ਵਿਤਾਈ. ਇਸ ਮਹਾਤਮਾ ਭਗਤ ਕਵਿ ਨੇ "ਸੂਰ ਸਾਗਰ" ਗ੍ਰੰਥ ਰਚਿਆ ਹੈ, ਜਿਸ ਦੇ ਸੁੰਦਰ ਪਦ ਵੈਸਨਵਾਂ ਕਰਕੇ ਅਨੇਕ ਰਾਗਾਂ ਵਿੱਚ ਗਾਏ ਜਾਂਦੇ ਹਨ. ਸੂਰਦਾਸ ਜੀ ਦੀ ਵ੍ਰਿਜ ਦੇ ਅੱਠ ਮਹਾ ਕਵੀਆਂ ਵਿੱਚ ਗਿਣਤੀ ਹੈ, ਜਿਨ੍ਹਾਂ ਦੇ ਨਾਉਂ ਇਹ ਹਨ- ਕ੍ਰਿਸਨ ਦਾਸ, ਪਰਮਾਨੰਦ, ਕੁੰਭਨਦਾਸ, ਚਤੁਰਭੁਜ, ਛੀਤ ਸ੍ਵਾਮੀ, ਨੰਦਦਾਸ, ਗੋਬਿੰਦਦਾਸ, ਸੂਰਦਾਸ। ੨. ਮਦਨਮੋਹਨ ਬ੍ਰਾਹਮਣ, ਜਿਸ ਦਾ ਦੂਜਾ ਨਾਉਂ ਸੂਰਦਾਸ ਹੈ. ਇਹ ਸੰਮਤ ੧੫੮੬ ਵਿੱਚ ਪੈਦਾ ਹੋਇਆ ਅਰ ਸੰਸਕ੍ਰਿਤ, ਹਿੰਦੀ, ਫਾਰਸੀ ਦਾ ਪੂਰਣ ਵਿਦ੍ਵਾਨ ਸੀ. ਪਹਿਲਾਂ ਇਹ ਅਕਬਰ ਦਾ ਅਹਿਲਕਾਰ ਅਵਧ ਦੇ ਇਲਾਕੇ ਸੰਦੀਲਾ ਦਾ ਹਾਕਿਮ ਸੀ, ਪਰ ਅੰਤ ਨੂੰ ਵੈਰਾਗ ਦਸ਼ਾ ਵਿੱਚ ਸਭ ਕੁਛ ਤਿਆਗਕੇ ਵਿਰਕਤ ਹੋ ਗਿਆ, ਅਰ ਇਸ ਨੇ ਉਮਰ ਦਾ ਬਾਕੀ ਹਿੱਸਾ ਕਰਤਾਰ ਦੇ ਸਿਮਰਣ ਵਿੱਚ ਵਿਤਾਇਆ.#ਸੂਰਦਾਸ ਦੀ ਸਮਾਧੀ ਕਾਸ਼ੀ ਪਾਸ ਵਿਦ੍ਯਾ ਮਾਨ ਹੈ. ਇਸੇ ਮਹਾਤਮਾ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੇਖੀ ਜਾਂਦੀ ਹੈ. ਦੇਖੋ, ਗ੍ਰੰਥ ਸਾਹਿਬ। ੩. ਭਾਵ- ਅੰਧਾ. ਨੇਤ੍ਰਹੀਨ. ਸੂਰਦਾਸ ਭਗਤ ਨੇਤ੍ਰਹੀਨ ਸੀ, ਇਸ ਲਈ ਅੰਧੇ ਮਾਤ੍ਰ ਨੂੰ ਸਨਮਾਨ ਲਈ ਇਹ ਨਾਉਂ ਦਿੱਤਾ ਜਾਂਦਾ ਹੈ.
Source: Mahankosh