Definition
ਸੰ. ਸ਼ੇਸਨਾਗ. ਸੰਗ੍ਯਾ- ਨਾਗਵੰਸ਼ ਅਤੇ ਪਾਤਾਲ ਦਾ ਰਾਜਾ. ਪੁਰਾਣਾਂ ਵਿੱਚ ਕਥਾ ਹੈ ਕਿ ਇਸ ਦੇ ੧੦੦੦ ਸਿਰ ਹਨ, ਜੋ ਵਿਸਨੁ ਭਗਵਾਨ ਉੱਤੇ ਛਾਇਆ ਕਰਦੇ ਹਨ. ਕਈ ਕਹਿੰਦੇ ਹਨ ਕਿ ਸੱਤ ਪਾਤਾਲ ਇਸ ਦੇ ਸਿਰ ਤੇ ਹਨ. ਵਿਸਨੁ ਪੁਰਾਣ ਲਿਖਦਾ ਹੈ ਕਿ ਜਦ ਕਦੀ ਏਹ ਉਬਾਸੀ ਲੈਂਦਾ ਹੈ ਤਾਂ ਭੂਚਾਲ ਆ ਜਾਂਦਾ ਹੈ. ਹਰ ਇੱਕ ਕਲਪ (ਅਥਵਾ ੪੩੨੦੦੦੦੦੦੦ ਵਰ੍ਹਿਆਂ) ਦੇ ਅੰਤ ਵਿੱਚ ਇਹ ਮੂੰਹ ਵਿੱਚੋਂ ਅਗਨਿ ਕਢਦਾ ਹੈ, ਜਿਸ ਨਾਲ ਸਾਰੇ ਲੋਕ ਭਸਮ ਹੋ ਜਾਂਦੇ ਹਨ. ਇਸ ਦਾ ਰੂਪ ਇਉਂ ਦੱਸਿਆ ਹੈ- "ਊਦਾ ਰੰਗ, ਗਲ ਵਿੱਚ ਚਿੱਟੀ ਮਾਲਾ, ਇੱਕ ਹੱਥ ਵਿੱਚ ਹਲ ਤੇ ਦੂਸਰੇ ਵਿੱਚ ਚੱਟੂ." ਇਸ ਨੂੰ ਅਨੰਤ ਭੀ ਆਖਦੇ ਹਨ. ਇਸ ਦੀ ਇਸਤ੍ਰੀ ਦਾ ਨਾਉਂ "ਅਨੰਤ ਸ਼ੀਰ੍ਸਾ" ਹੈ. ਕਈ ਇਸ ਨੂੰ ਵਾਸੁਕਿ ਹੀ ਮੰਨਦੇ ਹਨ, ਪਰ ਕਈ ਉਸ ਤੋਂ ਵੱਖਰਾ ਸਮਝਦੇ ਹਨ. ਪੁਰਾਣਾਂ ਵਿੱਚ ਇਸ ਨੂੰ ਕਸ਼੍ਯਪ ਅਤੇ ਕਦ੍ਰ ਦਾ ਪੁਤ੍ਰ ਕਰਕੇ ਮੰਨਿਆ ਹੈ ਅਤੇ ਬਲਰਾਮ ਨੂੰ ਇਸ ਦਾ ਅਵਤਾਰ ਦੱਸਿਆ ਹੈ. ਇਸ ਦੀ ਕੁੰਜ ਨੂੰ ਮਣਿਦ੍ਵੀਪ ਅਤੇ ਇਸ ਦੇ ਘਰ ਨੂੰ ਮਣਿਭਿੱਤਿ ਜਾਂ ਮਣਿਮੰਡਪ ਆਖਦੇ ਹਨ.
Source: Mahankosh