Definition
ਅ਼ [شیطان] ਸ਼ੈਤ਼ਾਨ (Satan) ਸੰਗ੍ਯਾ- ਬਾਈਬਲ ਅਤੇ. ਕੁਰਾਨ ਵਿੱਚ ਇਹ ਇੱਕ ਫ਼ਰਿਸ਼ਤਾ ਦੱਸਿਆ ਹੈ, ਜੋ ਆਦਮੀ ਨੂੰ ਬਦੀ ਵੱਲ ਪ੍ਰੇਰਦਾ ਹੈ. ਇਸੇ ਨੇ ਆਦਮ ਨੂੰ ਧੋਖਾ ਦੇ ਕੇ ਵਰਜਿਤ ਫਲ ਖਵਾਇਆ ਸੀ. ਕੁਰਾਨ ਅਨੁਸਾਰ ਸ਼ੈਤਾਨ ਕੇਵਲ ਅਗਨਿ ਤੱਤ ਤੋਂ ਬਣਿਆ ਹੈ. ਜਦ ਖ਼ੁਦਾ ਨੇ ਆਦਮ ਨੂੰ ਮਿੱਟੀ ਤੋਂ ਰਚਕੇ ਫਰਿਸ਼ਤਿਆਂ ਨੂੰ ਹੁਕਮ ਦਿੱਤਾ ਕਿ ਸਾਰੇ ਆਦਮ ਅੱਗੇ ਸਿਜਦਾ ਕਰੋ, ਤਦ ਸਭ ਨੇ ਹੁਕਮ ਦੀ ਤਾਮੀਲ ਕੀਤੀ, ਪਰ ਸ਼ੈਤਾਨ ਨੇ ਆਗ੍ਯਾ ਨਹੀਂ ਮੰਨੀ, ਜਦ ਖੁਦਾ ਨੇ ਇਸ ਦਾ ਕਾਰਣ ਪੁੱਛਿਆ, ਤਦ ਸ਼ੈਤਾਨ ਨੇ ਉੱਤਰ ਦਿੱਤਾ ਕਿ ਮੈ ਅਗਨਿ ਤੋਂ ਬਣਿਆ ਹਾਂ ਅਰ ਆਦਮ ਮਿੱਟੀ ਤੋਂ, ਇਸ ਲਈ ਉਹ ਮੈਥੋਂ ਘਟੀਆ ਹੈ. ਇਸ ਪੁਰ ਖੁਦਾ ਨੇ ਸ਼ੈਤਾਨ ਨੂੰ ਮਲਊਨ (ਧਿਕ੍ਰਿਤ) ਠਹਿਰਾਇਆ ਅਰ ਬਹਿਸ਼ਤ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ, ਸ਼ੈਤਾਨ ਨੇ ਰੰਜ ਵਿੱਚ ਆਕੇ ਖ਼ੁਦਾ ਨੂੰ ਆਖਿਆ ਕਿ ਅੱਛਾ! ਮੇਰੇ ਨਾਲ ਤਾਂ ਇਹ ਸਲੂਕ ਹੋਇਆ ਹੈ, ਪਰ ਮੈ ਭੀ ਆਦਮ ਦੀ ਔਲਾਦ ਨੂੰ ਤੇਰੀ ਵੱਲ ਨਹੀਂ ਆਉਣ ਦੇਵਾਂਗਾ, ਅਰ ਆਦਮੀ ਤੇਰੇ ਸ਼ੁਕਰਗੁਜ਼ਾਰ ਨਹੀਂ ਹੋਣਗੇ. ਦੇਖੋ, ਕੁਰਾਨ ਸੂਰਤ ਆਰਾਫ਼, ਆਯਤ ੧੧. ਤੋ ੧੭.। ੨. ਵਿ- ਪਾਮਰ. ਕੁਕਰਮੀ. ਫਿਸਾਦੀ. ਉਪਦ੍ਰਵੀ। ੩. ਸੰ. शितवाण ਕਾਮ. ਜਿਸਦੇ ਬਾਣ ਸ਼ਿਤ (ਤਿੱਖੇ) ਹਨ. "ਅਗਦੁ ਪੜੈ ਸੈਤਾਨ ਵੇ ਲਾਲੋ." (ਤਿਲੰ ਮਃ ੧)¹ ਕਾਜੀ ਅਤੇ ਪੁਰੋਹਿਤ ਦਾ ਕੰਮ ਕਾਮ ਕਰ ਰਹਿਆ ਹੈ. ਦੇਖੋ, ਅਗਦ.
Source: Mahankosh