Definition
ਬੰਬਈ ਦੇ ਇਲਾਕੇ ਕਾਠੀਆਵਾੜ ਦੀ ਰਿਆਸਤ ਜੂਨਾਗੜ੍ਹ ਦੇ ਰਾਜ ਵਿੱਚ ਸਮੁੰਦਰ ਦੇ ਕਿਨਾਰੇ ਇੱਕ ਨਗਰ ਅਤੇ ਪੱਤਣ, ਜਿਸਦਾ ਨਾਉਂ "ਪ੍ਰਭਾਸ" ਅਤੇ "ਵੇਰਾਵਲ ਪੱਤਨ" ਭੀ ਹੈ. ਇਸ ਥਾਂ ਇੱਕ ਮਸ਼ਹੂਰ ਸ਼ਿਵਲਿੰਗ "ਸੋਮਨਾਥ" ਨਾਉਂ ਕਰਕੇ ਹੈ. ਸੋਮਨਾਥ ਦੇ ਮੰਦਿਰ ਵਿੱਚ ਇੱਕ ਪੰਜ ਗਜ ਦੀ ਉੱਚੀ ਸ਼ਿਵ ਦੀ ਮੂਰਤੀ ਭੀ ਸੀ, ਜਿਸ ਨੂੰ ਮਹਮੂਦ ਗਜ਼ਨਵੀ ਨੇ ਸਨ ੧੦੨੪ ਵਿੱਚ ਤੋੜਕੇ ਚਾਰ ਟੋਟੇ ਕਰ ਦਿੱਤਾ. ਦੋ ਟੁਕੜੇ ਤਾਂ ਉਸ ਨੇ ਗਜਨੀ ਭੇਜੇ, ਜਿਨ੍ਹਾਂ ਵਿੱਚੋਂ ਇੱਕ ਮਸਜਿਦ ਦੀ ਪੌੜੀ ਵਿੱਚ ਅਤੇ ਦੂਜਾ ਕਚਹਿਰੀ ਘਰ ਦੀ ਪੌੜੀ ਵਿੱਚ ਜੜਿਆ, ਦੋ ਟੁਕੜੇ ਪੌੜੀਆਂ ਵਿੱਚ ਜੜਨ ਲਈ ਮੱਕੇ ਅਤੇ ਮਦੀਨੇ ਭੇਜ ਦਿੱਤੇ. ਸੋਮਨਾਥ ਦਾ ਮੰਦਿਰ ਭਾਰਤ ਵਿੱਚ ਅਦੁਤੀ ਸੀ. ਇਸ ਦੇ ਰਤਨਾਂ ਨਾਲ ਜੜੇ ਹੋਏ ੫੬ ਥਮਲੇ ਸਨ ਅਰ ਦੋ ਸੌ ਮਣ ਦਾ ਸੁਇਨੇ ਦਾ ਜੰਜੀਰ ਛੱਤ ਨਾਲ ਲਟਕਦਾ ਸੀ, ਜਿਸ ਨਾਲ ਘੰਟਾ ਬੱਧਾ ਹੋਇਆ ਸੀ.
Source: Mahankosh