ਸੌ ਸਾਖੀ
sau saakhee/sau sākhī

Definition

ਇਹ ਇੱਕ ਪ੍ਰਸਿੱਧ ਪੋਥੀ ਹੈ, ਜਿਸ ਵਿੱਚ ਪਹਿਲਾਂ ਸੌ ਸਾਖੀਆਂ ਸਨ, ਪਰ ਹੁਣ ਵਧੀਕ ਦੇਖੀਆਂ ਜਾਂਦੀਆਂ ਹਨ¹ ਅਰ ਕਲਮੀ ਪੋਥੀਆਂ ਦੇ ਆਪੋ ਵਿੱਚੀ ਪਾਠ ਨਹੀਂ ਮਿਲਦੇ. ਕਿਤਨਿਆਂ ਦਾ ਖਿਆਲ ਹੈ ਕਿ ਇਹ ਸਾਖੀ ਕਲਗੀਧਰ ਦੀ ਰਚਨਾ ਹੈ, ਪਰ ਇਸ ਦੀ ਕਵਿਤਾ ਪ੍ਰਗਟ ਕਰਦੀ ਹੈ ਕਿ ਇਹ ਕਿਸੇ ਸਾਧਾਰਣ ਵਿਦ੍ਯਾ ਅਤੇ ਸਮਝ ਵਾਲੇ ਸਿੱਖ ਦੀ ਕਲਮ ਤੋਂ ਲਿਖੀ ਗਈ ਹੈ.#ਸਾਖੀ ਤੋਂ ਪਾਇਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਕਥਾਪ੍ਰਸੰਗ ਭਾਈ ਗੁਰੁਬਖਸ਼ ਸਿੰਘ ਜੀ (ਰਾਮਕੁਁਵਰ) ਨੂੰ ਸੁਣਾਏ, ਉਹੀ ਉਨ੍ਹਾਂ ਨੇ ਲਿਖਾਰੀ ਸਾਹਿਬ ਸਿੰਘ ਤੋਂ ਲਿਖਵਾਏ, ਭਾਈ ਸੰਤੋਖ ਸਿੰਘ ਜੀ ਨੇ ਭੀ ਗੁਰੁ ਪ੍ਰਤਾਪਸੂਰਯ ਦੀ ਕਥਾ ਇਸੇ ਆਧਾਰ ਤੇ ਲਿਖੀ ਹੈ, ਅਤੇ ਭਾਈ ਸਾਹਿਬ ਨੇ ਸੌ ਸਾਖੀ ਦੇ ਅਨੇਕ ਪ੍ਰਸੰਗ ਆਪਣੀ ਕਵਿਤਾ ਵਿੱਚ ਬਲਦਕੇ ਜਿਉਂ ਕੇ ਤਿਉਂ ਲਿਖ ਦਿੱਤੇ ਹਨ.#ਕੂਕੇ ਸਿੱਖ ਸੌ ਸਾਖੀ ਨੂੰ ਉਹੀ ਦਰਜਾ ਦਿੰਦੇ ਹਨ ਜੋ ਹਿੰਦੂ ਸਮਾਜ ਵਿੱਚ ਭਵਿਸ਼੍ਯਤ ਪੁਰਾਣ ਨੂੰ ਦਿੱਤਾ ਜਾਂਦਾ ਹੈ, ਅਰ ਆਪਣੀ ਆਪਣੀ ਬੁੱਧਿ ਅਨੁਸਾਰ ਪਹੇਲੀ ਵਾਂਗ ਕਹੇ ਗਏ ਵਾਕਾਂ ਦੇ ਅਨੇਕ ਅਰਥ ਲਾਕੇ ਦਿਲ ਪਰਚਾਇਆ ਕਰਦੇ ਹਨ.#ਸੌ ਸਾਖੀ ਦੀ ਕਵਿਤਾ ਪਿੰਗਲ ਦੇ ਨਿਯਮ ਤੋਂ ਬਾਹਰ ਹੈ, ਜੈਸੇ-#"ਗੁਰੁ ਹਰਿ ਰਾਇ ਸਹਾਇ ਕਰ ਕ੍ਰਿਸਨ#ਸੇਵੀਏ ਗੁਰੁ ਤੇਗ ਬਹਾਦੁਰ ਧੀਰ।#ਗੁਰੁ ਗੋਬਿੰਦ ਸਿੰਘ ਅਰਿ ਮ੍ਰਿਗ ਤੁਰਕਨ ਕੋ ਸੁਠ ਬੀਰ॥"#ਗੁਰੂ ਸਾਹਿਬ ਦੀ ਰਚੀ, ਅਥਵਾ ਲਿਖਾਈ ਇਹ ਪੋਥੀ ਹੈ, ਜਾਂ ਨਹੀਂ, ਇਹ ਗੱਲ ਇਸ ਦੇ ਸੰਮਤਾਂ ਤੋਂ ਸਾਫ ਹੋ ਜਾਂਦੀ ਹੈ, ਜੈਸੇ-#"ਸੰਮਤ ਬਿਕ੍ਰਮ ਭੂਪਤੀ ਸਤਾਰਾਂ ਸਤ ਨੌ ਏਕ. (੧੭੯੧) ਮਾਹਿਣੈ ਸਾਖੀ ਵਾਰ ਗੁਰੁ ਮਲਕੀ ਦੁਤਿਯਾ ਭੇਕ."#ਫੇਰ ਲਿਖਿਆ ਹੈ- "ਸਤਾਰਾਂ ਸੌ ਇਕਾਸੀ ਮੇ ਸਾਖੀਆਂ ਲਿਖੀਆਂ." ਇਸ ਵਿੱਚ ਇਤਿਹਾਸ ਵਿਰੁੱਧ ਬਹੁਤ ਬਾਤਾਂ ਹਨ, ਜੈਸੇ-#(ੳ) "ਪਾਂਡਵਾਂ ਵੇਲੇ ਸੈਯਦਾਂ ਦੀ ਉਤਪੱਤੀ ਹੋਈ." (ਸਾਖੀ ੧)#(ਅ) "ਖੱਲ ਵਿੱਚੋਂ ਪ੍ਰਗਟ ਹੋਣ ਕਰਕੇ ਖਾਲਸਾ ਨਾਉਂ ਹੋਇਆ." (ਸਾਖੀ ੧੩)#(ੲ) "ਈਸਾ ਦੀ ਉਤਪੱਤੀ ਮੂਸਾ ਤੋਂ ਪਹਿਲਾਂ ਹੋਈ." (ਸਾਖੀ ੧੪)#(ਸ) ਹਰੀਚੰਦ ਦੀ ਕਥਾ ਵਿਚਿਤ੍ਰ ਨਾਟਕ ਦੇ ਵਿਰੁੱਧ ਲਿਖੀ ਹੈ (ਸਾਖੀ ੨੦)#(ਹ) ਸਤਲੁਜ ਦਾ ਧਨ ਬਿਕ੍ਰਮੀ ਸੰਮਤ ੧੮੯੯ ਵਿੱਚ ਲਵਾਂਗੇ. (ਸਾਖੀ ੩੭) xxx ਇਤ੍ਯਾਦਿਕ.#ਸਰਦਾਰ ਸਰ ਅਤਰ ਸਿੰਘ ਰਈਸ ਭਦੌੜ ਦੀ ਰਾਇ ਹੈ ਕਿ ਜਿਸ ਵੇਲੇ ਕਸ਼ਮੀਰ ਦਾ ਇਲਾਕਾ ਮਹਾਰਾਜਾ ਜੰਮੂ ਨੂੰ ਅੰਗ੍ਰੇਜ਼ ਸਰਕਾਰ ਨੇ ਰੁਪਯੇ ਬਦਲੇ ਦਿੱਤਾ ਹੈ, ਉਸ ਸਮੇਂ ਇਹ ਪੋਥੀ ਲਿਖੀ ਗਈ ਹੈ. ਇਸੇ ਲਈ ਉਸ ਵਿੱਚ ਇਹ ਵਾਕ ਹੈ-#"ਦੇਸ ਬੇਚਕਰ ਜਾਂਹਿ ਫਿਰੰਗੀ. ਗਾਜੇਂਗੇ ਤਬ ਮੋਰ ਭੁਜੰਗੀ." (ਸਾਖੀ ੮੫)
Source: Mahankosh