Definition
ਸੰ. संङ्कर ਸੰਗ੍ਯਾ- ਪਦਾਰਥਾਂ ਦਾ ਆਪੋ ਵਿੱਚੀ ਮੇਲ. ਮਿਸ਼੍ਰਣ। ੨. ਦੋ ਵਰਣਾਂ ਦੇ ਮੇਲ ਤੋਂ ਉਪਜੀ ਸੰਤਾਨ। ੩. ਦੇਖੋ, ਉਭਯਾਲੰਕਾਰ। ੪. ਸੰ. शङ्कर ਸ਼ੰਕਰ. ਸੰਗ੍ਯਾ- ਸ਼ਿਵ, ਜੋ ਸ਼ੰ (ਕਲ੍ਯਾਣ) ਕਰਤਾ ਪੁਰਾਣਾਂ ਨੇ ਮੰਨਿਆ ਹੈ. "ਸੰਕਰ ਕ੍ਰੋੜ ਤੇਤੀਸ ਧਿਆਇਓ." (ਬੈਰਾ ਮਃ ੪)#੫. ਸ਼ੰਕਰਾਚਾਰਯ, ਜਿਸ ਨੂੰ ਹਿੰਦੂ ਸ਼ਿਵ ਦਾ ਅਵਤਾਰ ਮੰਨਦੇ ਹਨ. "ਸ਼ੰਕਰ ਹਨਐ ਅਵਤਾਰ ਸ਼ਿਵ ਸ਼੍ਰੁਤਿ ਮਤ ਵਿਦਤਾਵੈ." (ਗੁਪ੍ਰਸੂ)#ਸ਼ੰਕਰ ਦੀ ਸੰਖੇਪ ਕਥਾ ਇਉਂ ਹੈ-#ਕੋਚਿਨ ਦੇ ਇਲਾਕੇ "ਕਲਦੀ" ਅਥਵਾ (ਕਾਲਪੀ)#ਪਿੰਡ ਵਿੱਚ ਸੰਮਤ ੮੪੬ (ਸਨ ੭੮੮) ਵਿੱਚ ਸ਼ਿਵ ਗੁਰੂ ਬ੍ਰਾਹਮਣ ਦੇ ਘਰ ਮਾਤਾ ਵਿਸ਼ਸ੍ਠਿ ਦੇ ਪੇਟੋਂ ਸ਼ੰਕਰ ਦਾ ਜਨਮ ਹੋਇਆ. ਆਪ ਨੇ ਖਟਸ਼ਾਸਤ੍ਰ, ਵੇਦ, ਵੇਦਾਂਗ ਚੰਗੀ ਤਰਾਂ ਪੜ੍ਹਕੇ ਗੋਵਿੰਦ ਸ੍ਵਾਮੀ ਤੋਂ ਸੰਨ੍ਯਾਸ ਧਾਰਣ ਕੀਤਾ ਅਰ ਕਾਸ਼ੀ ਵਿੱਚ ਆਸਣ ਜਮਾਕੇ ਅਦ੍ਵੈਤ ਮਤ ਦਾ ਪ੍ਰਚਾਰ ਕੀਤਾ ਅਰ ਚਮਤਕਾਰੀ ਬੁੱਧੀ ਅਤੇ ਵਿਦ੍ਯਾ ਬਲ ਨਾਲ ਬਹੁਤ ਵਿਦ੍ਯਾਰਥੀ ਆਪਣੀ ਵੱਲ ਖਿੱਚੇ.#ਮਗਧ ਦੀ ਰਾਜਧਾਨੀ ਮਾਹਿਸਮਤੀ ਦੇ ਪ੍ਰਧਾਨ ਅਤੇ ਲੋਕ ਪ੍ਰਸਿੱਧ ਪੰਡਿਤ ਮੰਡਨਮਿਸ੍ਰ ਅਤੇ ਉਸ ਦੀ ਅਦੁਤੀ ਪੰਡਿਤਾ ਇਸਤ੍ਰੀ ਭਾਰਤ ਨੂੰ ਸ਼ਾਸਤ੍ਰਾਰਥ ਵਿੱਚ ਜਿੱਤਣ ਕਰਕੇ ਸ਼ੰਕਰ ਦੀ ਸ਼ੁਹਰਤ ਭਾਰਤ ਵਿੱਚ ਬਹੁਤ ਫੈਲ ਗਈ. ਮੰਡਨ ਅਤੇ ਭਾਰਤੀ ਦੋਵੇਂ ਸ਼ੰਕਰ ਦੇ ਚੇਲੇ ਹੋ ਗਏ ਅਰ ਸੰਨ੍ਯਾਸ ਧਾਰਕੇ ਅਦ੍ਵੈਤਮਤ ਦਾ ਪ੍ਰਚਾਰ ਕਰਦੇ ਰਹੇ.#ਸ਼ੰਕਰ ਨੇ ਕਈ ਥਾਂ ਅਨੇਕ ਵਿਦ੍ਵਾਨਾਂ ਪੁਰ ਫਤੇ ਪਾਈ ਅਰ ਬੌੱਧ ਧਰਮ ਨੂੰ ਭਾਰੀ ਸ਼ਿਕਸਤ ਦਿੱਤੀ, ਜਿਸ ਦਾ ਜਿਕਰ "ਸ਼ੰਕਰ ਦਿਗ ਵਿਜਯ" ਵਿੱਚ ਮਾਧਵਾਚਾਰਯ ਨੇ ਲਿਖਿਆ ਹੈ. ਸ਼ੰਕਰਾਚਾਰਯ ਨੇ ਕਈ ਮਠ (ਆਸ਼੍ਰਮ) ਬਣਾਏ ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਸਿੱਧ ਸ਼੍ਰਿੰਗੇਰੀ ਮਠ ਹੈ, ਜੋ ਮੈਸੋਰ ਰਾਜ ਦੇ ਜਿਲੇ ਕਦੂਰ ਵਿੱਚ ਤੁੰਗਭਦ੍ਰਾ ਦੇ ਕਿਨਾਰੇ ਸ਼੍ਰਿੰਗਗਿਰੀ ਤੇ ਪ੍ਰਸਿੱਧ ਅਸਥਾਨ ਹੈ. ਇਸ ਥਾਂ ਆਪਣੇ ਲਾਇਕ ਚੇਲੇ ਮੰਡਨ ਨੂੰ, ਜੋ ਇਸ ਵੇਲੇ ਸੁਰੇਸ਼੍ਵਰਾਚਾਰਯ ਕਰਕੇ ਪ੍ਰਸਿੱਧ ਸੀ, ਮਹੰਤ ਅਸਥਾਪਨ ਕੀਤਾ. ਸ਼ੰਕਰਾਚਾਰਯ ਦੀ ਗੱਦੀ ਹੁਣ ਇਸੇ ਥਾਂ ਹੈ¹ ਅਰ ਇਸ ਮਠ ਨੂੰ ਰਿਆਸਤ ਮੈਸੋਰ ਵੱਲੋਂ ੧੨੦੦੦) ਸਾਲਾਨਾ ਮਿਲਦਾ ਹੈ. ਇਸ ਤੋਂ ਛੁੱਟ ੨੫੯ ਪਿੰਡ, ਜਿਨ੍ਹਾਂ ਦੀ ਆਮਦਨ ੫੦੦੦੦ ਹੈ ਇਸ ਮਠ ਦੇ ਨਾਲ ਜਾਗੀਰ ਹੈ, ਜੋ ਸਨ ੧੩੪੬ ਵਿੱਚ ਵਿਜਯਨਗਰ ਦੇ ਰਾਜਾ ਹਰਿਹਰ ਨੇ ਲਾਈ ਹੈ.#ਬਾਕੀ ਤਿੰਨ ਮਠਾਂ (ਦ੍ਵਾਰਿਕਾ, ਜਗੰਨਾਥ, ਬਦਰੀਨਾਥ)² ਦੇ ਮਹੰਤ ਭੀ ਵਿਦ੍ਵਾਨ ਅਤੇ ਯੋਗ੍ਯ ਸੰਨ੍ਯਾਸੀ ਕਾਇਮ ਕੀਤੇ, ਜੋ ਪੂਰਣ ਧਰਮ ਪ੍ਰਚਾਰ ਕਰ ਸਕਣ. ਸ਼ੰਕਰ ਨੇ ਵੇਦਾਂਤ ਸੂਤ੍ਰ, ਉਪਨਿਸਦਾਂ ਅਤੇ ਗੀਤਾ, ਪੁਰ ਉੱਤਮ ਭਾਸ਼੍ਯ ਲਿਖੇ ਹਨ. ਸ਼ੰਕਰ ਜੀ ਆਸਾਮ ਦੇਸ਼ ਦੀ ਯਾਤ੍ਰਾ ਵਿੱਚ ਰੋਗੀ ਹੋ ਗਏ ਅਰ ੩੨ ਵਰ੍ਹੇ ਦੀ ਉਮਰ ਵਿੱਚ ਕੇਦਾਰਨਾਥ ਪਾਸ ਸਨ ੮੨੦ ਵਿੱਚ ਸੰਸਕਾਰ ਤਿਆਗ ਗਏ.#S. V. Venkateshwara ਵੇਂਕਟੇਸ਼੍ਵਰ ਲਿਖਦੇ ਹਨ ਕਿ ਸ਼ੰਕਰ ਦਾ ਜਨਮ ਸਨ ੮੦੫ ਈਃ ਵਿੱਚ ਅਰ ਦੇਹਾਂਤ ੮੯੭ ਵਿੱਚ ਹੋਇਆ ਹੈ. ਇਸ ਦੀ ਪੁਸ੍ਠੀ ਵਿੱਚ ਉਨ੍ਹਾਂ ਨੇ ਪ੍ਰਬਲ ਪਰਮਾਣ ਭੀ ਦਿੱਤੇ ਹਨ। ੬. ਇੱਕ ਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ ੨੬ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬. ਮਾਤ੍ਰਾ ਪੁਰ, ਦੂਜਾ ਦਸ ਪੁਰ ਅੰਤ ਗੁਰੁ ਲਘੁ. ਉਦਾਹਰਣ-#ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਿਨਾਸ.#xxx (ਆਸਾ ਰਵਿਦਾਸ)#ਖਟ ਕਰਮ ਕੁਲ ਸੰਜੁਗਤ ਹੈ ਹਰਿਭਗਤਿ ਹਿਰਦੈ ਨਾਹਿ#ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁੱਲਿ ਸਮਾਨ.#xxx (ਕੇਦਾ ਰਵਿਦਾਸ)#ਨਿਜ ਕਾਨ ਸੁਨ ਮਤਿਮਾਨ ਮਾਨਵ, ਖੇਤ ਮਹਿ ਤਬ ਜਾਇ,#ਗੋਧੂਮ ਬੂਟ ਉਪਾਰ ਦੇਖ੍ਯੋ, ਰਹ੍ਯੋ ਉਰ ਬਿਸਮਾਇ.#xxx (ਨਾਪ੍ਰ)#੭. ਵਿ- ਮੰਗਲ ਕਰਨ ਵਾਲਾ। ੮. ਸ਼ੁਭ. ਭਲਾ। ੯. ਸੰ. श्रृङठखल ਸ਼੍ਰਿੰਖਲ. (ਸੰਗੁਲ- ਜੰਜੀਰ) ਲਈ ਭੀ ਸੰਕਰ ਸ਼ਬਦ ਆਇਆ ਹੈ. "ਦੁਰਦ ਕੇ ਪਾਇ ਸੁ ਸੰਕਰ ਡਾਰਯੋ." (ਗੁਵਿ ੧੦)
Source: Mahankosh