Definition
ਭਾਈ ਸੁੱਖਾ ਸਿੰਘ ਨੇ ਗੁਰੁਵਿਲਾਸ ਦੇ ਵੀਹਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਚਮਕੌਰ ਦੇ ਮੁਕਾਮ ਤੇ ਦਸ਼ਮੇਸ਼ ਜੀ ਨੇ ਖਾਲਸੇ ਨੂੰ ਗੁਰੁਤਾ ਦੇਣ ਵੇਲੇ ਭਾਈ ਸੰਗਤ ਸਿੰਘ ਬੰਗਸੀ ਨੂੰ ਜਿਗਾ ਕਲ਼ਗੀ ਬਖਸ਼ੀ. ਦੇਖੋ, ਸੰਤ ਸਿੰਘ ੧।#੨. ਰਾਜਾ ਫਤੇ ਸਿੰਘ ਜੀਂਦਪਤਿ ਦਾ ਪੁਤ੍ਰ, ਜੋ ੧੧. ਵਰ੍ਹੇ ਦੀ ਉਮਰ ਵਿੱਚ, ਪਿਤਾ ਦੇ ਮਰਨ ਪਿੱਛੋਂ ੩੦ ਜੁਲਾਈ ਸਨ ੧੮੨੨ ਨੂੰ ਜੀਂਦ ਦੀ ਗੱਦੀ ਤੇ ਬੈਠਾ. ਸਨ ੧੮੨੪ ਵਿੱਚ ਇਸ ਦੀ ਸ਼ਾਦੀ ਵਡੀ ਧੂਮ ਧਾਮ ਨਾਲ ਸ਼ਾਹਬਾਦ ਦੇ ਰਈਸ ਰਣਜੀਤ ਸਿੰਘ ਦੀ ਸੁਪੁਤ੍ਰੀ ਸਭਾਕੌਰ ਨਾਲ ਹੋਈ. ਰਾਜਾ ਸੰਗਤ ਸਿੰਘ ਰਾਜ ਕਾਜ ਵੱਲ ਘੱਟ ਧਿਆਨ ਦਿੰਦਾ ਸੀ. ਮਹਾਰਾਜਾ ਰਣਜੀਤ ਸਿੰਘ ਇਸ ਨੂੰ ਆਪਣਾ ਸੰਬੰਧੀ ਅਤੇ ਸ਼ਾਹਸਵਾਰ ਜਾਣਕੇ ਬਹੁਤ ਪਿਆਰ ਕਰਦਾ ਸੀ. ਤੇਈ ਵਰ੍ਹੇ ਦੀ ਉਮਰ ਵਿੱਚ ੩. ਨਵੰਬਰ ੧੮੩੪ ਨੂੰ ਇਸ ਦਾ ਦੇਹਾਂਤ ਸੰਗਰੂਰ ਹੋਇਆ. ਇਸਦੇ ਸੰਤਾਨ ਕੋਈ ਨਹੀਂ ਸੀ, ਇਸ ਲਈ ਰਾਜਗੱਦੀ ਇਸ ਦੇ ਭਤੀਜੇ ਸਰੂਪ ਸਿੰਘ ਰਈਸ ਬਜੀਦਪੁਰ ਨੂੰ ਮਿਲੀ. ਦੇਖੋ, ਸਰੂਪ ਸਿੰਘ.
Source: Mahankosh