Definition
ਸੂਰਤੀਆ ਸਿੰਘ ਫੂਲਵੰਸ਼ੀ ਦਾ ਆਬਾਦ ਕੀਤਾ ਨਗਰ, ਜੋ ਲੁਦਿਆਨੇ ਤੋਂ ੪੮ ਮੀਲ ਦੱਖਣ, ਲੁਦਿਆਨਾ ਧੂਰੀ ਜਾਖਲ ਰੇਲ ਪੁਰ ਜੀਂਦ ਦੀ ਰਾਜਧਾਨੀ ਹੈ. ਇਹ ਨਗਰ ਪਹਿਲਾਂ ਰਿਆਸਤ ਨਾਭੇ ਦਾ ਸੀ. ਸਨ ੧੭੭੪ ਵਿੱਚ ਰਾਜਾ ਗਜਪਤ ਸਿੰਘ ਨੇ ਇਸ ਪੁਰ ਕਬਜ਼ਾ ਕਰ ਲਿਆ. ਰਾਜਾ ਸੰਗਤ ਸਿੰਘ ਨੇ ਜੀਂਦ ਤੋਂ ਰਾਜਧਾਨੀ ਬਦਲਕੇ ਇਸ ਥਾਂ ਸਨ ੧੮੨੭ ਵਿੱਚ ਕਾਇਮ ਕੀਤੀ. ਸੰਗਰੂਰ ਨਾਭੇ ਤੋਂ ਬਾਰਾਂ ਕੋਹ ਪੱਛਮ ਵੱਲ ਹੈ. ਰਾਜਾ ਰਘੁਬੀਰ ਸਿੰਘ ਜੀ ਨੇ ਇਸ ਸ਼ਹਿਰ ਨੂੰ ਬਹੁਤ ਰੌਣਕ ਦਿੱਤੀ. ਸੰਗਰੂਰ ਵਿੱਚ ਦੋ ਸ਼ਸਤ੍ਰ ਦਸ਼ਮੇਸ਼ ਦੇ ਹਨ ਇੱਕ ਤਲਵਾਰ, ਜਿਸ ਉੱਤੇ ਸੁਨਹਿਰੀ ਅੱਖਰਾਂ ਵਿੱਚ ਇਹ ਪਾਠ ਹੈ:-# [این تلوار گوروگوبند سنگه کی کمر کی ہےـ علاقہ صورتِ ہند میں محمدیارسے] #ਇਹ ਸ਼੍ਰੀ ਸਾਹਿਬ ਕਲਗੀਧਰ ਸ੍ਵਾਮੀ ਨੇ ਭਾਈ ਧਰਮ ਸਿੰਘ ਨੂੰ ਬਖਸ਼ਿਆ ਸੀ. ਭਾਈ ਗੁੱਦੜ ਸਿੰਘ ਜੀ ਨੇ ਦਿਆਲਪੁਰੇ ਜਦ ਰਾਜਾ ਗਜਪਤ ਸਿੰਘ ਜੀ ਨੂੰ ਅਮ੍ਰਿਤ ਛਕਾਇਆ, ਤਦ ਇਹ ਸ਼ਸਤ੍ਰ ਰਾਜਾ ਸਾਹਿਬ ਨੂੰ ਦਿੱਤਾ.#ਦੂਸਰਾ ਸ਼ਸਤ੍ਰ ਪੇਸ਼ਕਬਜ ਹੈ, ਜਿਸ ਉਤੇ ਸੰਮਤ ੧੭੫੨ ਅਤੇ ਹੇਠ ਲਿਖੀ ਇਬਾਰਤ ਹੈ:-# [سِکّہ زد یہ ہردوعالم وفضل سخی شاہ گوبند سنگھ خود شاہ جہاںتیغ پناہ] #ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਬਾ ਤਿਲੋਕ ਸਿੰਘ ਨੂੰ ਬਖਸ਼ਿਆ ਸੀ.#ਸੰਗਰੂਰ ਦੇ ਰਾਜਭਵਨ ਵਿੱਚ ਇੱਕ ਕਿਤਾਬੀ ਜਿਲਦ ਦਾ ਦਸਮਗ੍ਰੰਥ ਹੈ, ਜਿਸ ਵਿੱਚ ਸੁਖਮਨਾ ਅਤੇ ਮਾਲਕੌਸ ਦੀ ਵਾਰ ਵਾਧੂ ਬਾਣੀਆਂ ਹਨ ਅਤੇ ਜਫਰਨਾਮਹ ਫਾਰਸੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ.#ਹੁਣ ਰਾਜਧਾਨੀ ਚਾਹੋ ਸੰਗਰੂਰ ਹੈ, ਪਰ ਸਰਕਾਰੀ ਕਾਗਜ਼ਾਂ ਵਿੱਚ ਰਿਆਸਤ ਜੀਂਦ ਲਿਖੀਦਾ ਹੈ. ਦੇਖੋ, ਜੀਂਦ.
Source: Mahankosh