Definition
ਉਹ ਛੰਦ ਜੋ ਗਾਉਣ ਲਈ ਠੀਕ ਵਜਨ ਦੇ ਹੋਣ। ੨. ਦਸਮਗ੍ਰੰਥ ਵਿੱਚ ਉਹ ਛੰਦ, ਜਿਨ੍ਹਾਂ ਵਿੱਚ ਮ੍ਰਿਦੰਗ ਦੇ ਬੋਲ ਹਨ. ਦਸਮਗ੍ਰੰਥ ਵਿੱਚ ਸੰਗੀਤ ਛੱਪਯ, ਸੰਗੀਤ- ਨਰਾਜ, ਸੰਗੀਤ ਪਧਿਸ੍ਟਕਾ, ਸੰਗੀਤ ਪਾਧੜੀ, ਸੰਗੀਤ ਬਹੜਾ, ਸੰਗੀਤ ਭੁਜੰਗ- ਪ੍ਰਯਾਤ ਅਤੇ ਸੰਗੀਤ ਮਧੁਭਾਰ ਛੰਦ ਆਏ ਹਨ. ਇਨ੍ਹਾਂ ਸਾਰੇ ਛੰਦਾਂ ਦੇ ਲੱਛਣ ਅਤੇ ਉਦਾਹਰਣ ਇਨ੍ਹਾਂ ਦੇ ਨਾਉਂ ਹੇਠ ਭਿੰਨ ਭਿੰਨ ਦੇਖੋ, ਇਸ ਥਾਂ ਕੇਵਲ "ਸੰਗੀਤ" ਸ਼ਬਦ ਦਾ ਨਿਰਣਾ ਹੈ. ਜਿਨ੍ਹਾਂ ਛੰਦਾਂ ਵਿੱਚ ਵਾਦ੍ਯ ਸੰਗੀਤ ਅਰਥਾਤ ਮ੍ਰਿਦੰਗ ਦੇ ਬੋਲ ਆਉਂਦੇ ਹਨ, ਅਰ ਜਿਨ੍ਹਾਂ ਦਾ ਪਾਠ ਲੈ ਤਾਰ ਦਾ ਧਿਆਨ ਰੱਖਕੇ ਕੀਤਾ ਜਾਂਦਾ ਹੈ, ਉਨ੍ਹਾਂ ਦੇ ਨਾਉਂ ਨਾਲ "ਸੰਗੀਤ" ਪਦ ਜੋੜਿਆ ਗਿਆ ਹੈ. ਯਥਾ-#(ੳ) ਸੰਗੀਤ ਛੱਪਯ- ਕਗ੍ੜਦਿ ਕੁਪ੍ਯੋ ਕਪਿ ਕਟਕ, ਬਗ੍ੜਦਿਬਾਜਨ ਰਣ ਬਜ੍ਯੰ. (ਰਾਮਾਵ)#(ਅ) ਸੰਗੀਤ ਨਰਾਜ- ਸੁਵੀਰ ਜਾਗ੍ੜਦੰ ਜਗੇ। ਲੜਾਕ ਲਾਗ੍ੜਦੰ ਪਗੇ ॥ (ਚੰਡੀ ੨)#(ੲ) ਸੰਗੀਤ ਪਧਿਸ੍ਟਕਾ- ਕਾਗ੍ੜਦੰਗ ਕੋਪਕੈ ਦੈਤਰਾਜ. (ਰਾਮਾਵ)#(ਸ) ਸੰਗੀਤ ਪਾਧੜੀ- ਤਾਗ੍ੜਦੰਗ ਤਾਲ ਬਾਜਤ ਮੁਚੰਗ. (ਮਨੁਰਾਜ)#(ਹ) ਸੰਗੀਤ ਬਹੜਾ, ਦਸਮਗ੍ਰੰਥ ਵਿੱਚ 'ਬਹੜਾ' ਦੇ ਸਰੂਪ ਤੋਂ ਭਿੰਨ ਹੈ ਅਰਥਾਤ ਛੱਪਯ ਦੇ ਪਹਿਲੇ ਚਾਰ ਚਰਣਾਂ ਦਾ ਹੀ ਰੂਪ ਹੈ. ਯਥਾ- ਸਗ੍ੜਦਿ ਸਾਂਗ ਸੰਗ੍ਰਹੈ ਤਗ੍ੜਦਿ ਰਣ ਤੁਰੇ ਨਚਾਵੈ. (ਰਾਮਾਵ)#(ਕ) ਸੰਗੀਤ ਭੁਜੰਗਪ੍ਰਯਾਤ- ਸਗ੍ੜਦੰਗ ਸੂਰੰ ਕਗ੍ੜਦੰਗ ਕੋਪੰ. (ਚੰਡੀ ੨)#(ਖ) ਸੰਗੀਤ ਮਧੁਭਾਰ- ਕਗ੍ੜਦੰ ਕੜਾਕ। ਤਗ੍ੜਦੰ ਤੜਾਕ॥ (ਚੰਡੀ ੨)
Source: Mahankosh