ਸੰਗ੍ਰਹਣੀ
sangrahanee/sangrahanī

Definition

ਸੰ. ਗ੍ਰਹਣੀ. [ذرب مُزمن] ਜਰਬ ਮੁਜ਼ੰਮਨ. Psilosis. ਇਸ ਰੋਗ ਦੇ ਕਾਰਣ ਅਤੀਸਾਰ ਵਾਲੇ ਹੀ ਹਨ ਇਹ ਰੋਗ ਅਕਸਰ ਅਤੀਸਾਰ ਜਾਂ ਪੇਚਿਸ਼ ਵਿਗੜਨ ਤੋਂ ਹੁੰਦਾ ਹੈ. ਸੰਗ੍ਰਹਣੀ ਦੇ ਰੋਗੀ ਨੂੰ ਅਣਪਚੀ ਮੈਲ ਝੜਦੀ ਹੈ, ਆਂਤ ਬੋਲਦੀ ਹੈ, ਮੂੰਹ ਤੋਂ ਲਾਲਾਂ ਆਉਂਦੀਆਂ ਹਨ, ਕਮਰ ਵਿੱਚ ਪੀੜ ਹੁੰਦੀ ਹੈ ਦਿਨ ਨੂੰ ਇਸ ਰੋਗ ਦਾ ਜ਼ੋਰ ਰਹਿੰਦਾ ਹੈ ਰਾਤ ਨੂੰ ਘੱਟ ਤਕਲੀਫ ਹੁੰਦੀ ਹੈ. ਜੇ ਸੰਗ੍ਰਹਣੀ ਵਾਲਾ ਚਾਲੀ ਦਿਨ ਅੰਨ ਜਲ ਛੱਡਕੇ ਕੇਵਲ ਗਊ ਅਥਵਾ ਬਕਰੀ ਦੇ ਦਹੀਂ ਦਾ ਅਧਰਿੜਕ ਅਥਵਾ ਲੱਸੀ ਥੋੜਾ ਨਮਕ, ਕਾਲੀ ਮਿਰਚਾਂ ਅਤੇ ਸੁੰਢ ਦਾ ਚੂਰਨ ਮਿਲਾਕੇ ਪੀਂਦਾ ਰਹੇ, ਤਾਂ ਕਿਸੇ ਦਵਾਈ ਸੇਵਨ ਤੋਂ ਬਿਨਾ ਹੀ ਆਰਾਮ ਹੋ ਜਾਂਦਾ ਹੈ.#ਜੋ ਦਵਾਈਆਂ ਅਤੀਸਾਰ ਵਾਸਤੇ ਫਾਇਦੇਮੰਦ ਹਨ ਉਹ ਸੰਗ੍ਰਹਣੀ ਲਈ ਵਰਤਣੀਆਂ ਚਾਹੀਏ. ਹੇਠ ਲਿਖਿਆ ਚੂਰਨ ਭੀ ਬਹੁਤ ਗੁਣਕਾਰੀ ਹੈ-#ਸ਼ੁੱਧ ਗੰਧਕ ਇੱਕ ਤੋਲਾ, ਸ਼ੁੱਧ ਪਾਰਾ ਛੀ ਮਾਸ਼ੇ, ਇਨ੍ਹਾਂ ਦੋਹਾਂ ਦੀ ਕਜਲੀ ਕਰੇ.¹ ਸੁੰਢ, ਕਾਲੀਆਂ ਮਿਰਚਾਂ, ਮੱਘਪਿੱਪਲ, ਭੁੰਨੀ ਹੋਈ ਹਿੰਗ, ਕਾਲਾ ਜੀਰਾ, ਚਿੱਟਾ ਜੀਰਾ ਇੱਕ ਇੱਕ ਤੋਲਾ ਲਵੇ, ਪੰਜੇ ਲੂਣ ਸਾਢੇ ਸੱਤ ਤੋਲੇ, ਇਨ੍ਹਾਂ ਸਾਰੀਆਂ ਦਵਾਈਆਂ ਤੋਂ ਅੱਧੀ ਭੰਗ. ਇਨ੍ਹਾਂ ਸਭਨਾਂ ਨੂੰ ਪੀਸ ਛਾਣਕੇ ਉੱਪਰ ਲਿਖੀ ਕਜਲੀ ਨਾਲ ਮਿਲਾਵੇ ਅਰ ਸੀਸੀ ਵਿੱਚ ਰੱਖੇ. ਗਊ ਦੀ ਲੱਸੀ ਨਾਲ ਇਹ ਚੂਰਨ ਤਿੰਨ ਮਾਸ਼ੇ ਰੋਜ ਖਾਵੇ. ਪਿੱਛ ਕੱਢੇ ਚਾਉਲਾਂ ਦਾ ਅਹਾਰ ਕਰੇ. "ਸੰਗ੍ਰਹਣੀ ਸੰਗ੍ਰਹ ਦੁਸਟਨ ਕਿਯ." (ਚਰਿਤ੍ਰ ੪੦੫)
Source: Mahankosh