ਸੰਨਿਪਾਤ
sannipaata/sannipāta

Definition

ਸੰ. सन्निपात ਸੰਗ੍ਯਾ- ਸੰ- ਨਿਪਾਤ. ਚੰਗੀ ਤਰਾਂ ਡਿਗਣ ਦੀ ਕ੍ਰਿਯਾ। ੨. ਮਿਲਾਪ. ਮੇਲ। ੩. ਸੰਗੀਤ ਅਨੁਸਾਰ ਇੱਕ ਤਾਲ ਦਾ ਭੇਦ। ੪. ਇੱਕ ਰੋਗ. ਸੰ सन्निपात ਵਾਤ ਪਿੱਤ ਕਫ ਸ਼ਰੀਰ ਦੇ ਤਿੰਨ ਧਾਤੁ ਵਿਕਾਰੀ ਹੋ ਕੇ ਉਪਜਿਆ ਰੋਗ. ਸਰਸਾਮ. ਸਰ (ਸਿਰ) ਸਾਮ (ਸੋਜ). [ورم دِماغ] ਵਰਮ ਦਿਮਾਗ਼. Cerebritis.#ਇਹ ਇੱਕ ਪ੍ਰਕਾਰ ਦਾ ਭਯੰਕਰ ਜ੍ਵਰ (ਤਾਪ) ਹੈ. ਇਸਦੇ ਲੱਛਣ ਹਨ- ਕਬਜ, ਜ਼ੋਰ ਦਾ ਤਾਪ, ਮੱਥੇ ਪੀੜ, ਮੂਰਛਾ, ਮੂੰਹ ਲਾਲ, ਜੀਭ ਖੁਰਦਰੀ, ਬੇਚੈਨੀ, ਦਿਲ ਦਾ ਕਾਹਲਾ ਧੜਕਣਾ, ਬਹੁਤ ਪਿਆਸ, ਤ੍ਰੇਲੀਆਂ ਪੈਣੀਆਂ, ਉਲਟੀ ਆਉਣੀ ਆਦਿਕ.#ਵੈਦਕ ਅਨੁਸਾਰ ਸੰਨਿਪਾਤ ਦੇ ੧੩. ਭੇਦ ਲਿਖੇ ਹਨ, ਜਿਨ੍ਹਾਂ ਦੇ ਨਾਉਂ ਅਤੇ ਲੱਛਣ ਇਹ ਹਨ-#(ੳ) ਸੰਧਿਕ- ਜੋੜਾਂ ਵਿੱਚ ਦਰਦ, ਨੀਂਦ ਨਾ ਆਉਣੀ.#(ਅ) ਅੰਤਕ- ਸੋਜ, ਸਿਰਪੀੜ, ਹਿਚਕੀ, ਹੱਥਾਂ ਦਾ ਕੰਬਣਾ, ਬਕਬਾਦ ਕਰਨਾ.#(ੲ) ਰੁਗਦਾਹ- ਢਿੱਡਪੀੜ, ਦਾਝ ਅਤੇ ਬਹੁਤ ਬੇਚੈਨੀ ਹੋਣੀ.#(ਸ) ਚਿੱਤ ਵਿਭ੍‌ਮ- ਘੂਕੀ, ਸ਼ਰੀਰ ਬਹੁਤ ਗਰਮ, ਸਿਰ ਘੁੰਮਣਾ ਅਤੇ ਤਲਮੱਛੀ ਲੱਗਣੀ.#(ਹ) ਸ਼ੀਤਾਂਗ- ਸ਼ਰੀਰ ਠੰਢਾ, ਬੇਹੋਸ਼ੀ ਅਤੇ ਸ਼ਾਹ ਕਾਹਲਾ ਪੈਣਾ.#(ਕ) ਤੰਦ੍ਰਿਕ- ਮੂਰਛਾ ਅਤੇ ਘੂਕੀ ਦਾ ਹੋਣਾ.#(ਖ) ਕੰਠ ਕੁਬਜ- ਗਲ ਰੁਕ ਜਾਣਾ, ਦਾੜ੍ਹਾਂ ਵਿੱਚ ਪੀੜ, ਸਿਰ ਵਿੱਚ ਦਰਦ ਹੋਣਾ.#(ਗ) ਕਰਣਕ- ਕੰਨਾਂ ਵਿੱਚ ਸੋਜ, ਖਾਂਸੀ, ਸਰੀਰ ਬਹੁਤ ਗਰਮ.#(ਘ) ਭੁਗਨ ਨੇਤ੍ਰ- ਨੇਤ੍ਰ ਟੇਢੇ ਹੋ ਜਾਣੇ, ਮੂਰਛਾ ਹੋਣੀ#(ਙ) ਰਕ੍ਤਸ੍ਠੀਵੀ- ਥੁੱਕ ਨਾਲ ਲਹੂ ਆਉਣਾ, ਢਿੱਡ ਵਿੱਚ ਪੀੜ ਹੋਣੀ.#(ਚ) ਪ੍ਰਲਾਪਕ- ਬਕਬਾਦ ਕਰਨਾ, ਜੋਰ ਦਾ ਤਾਪ ਹੋਣਾ, ਸਰੀਰ ਕੰਬਣਾ.#(ਛ) ਜਿਹ੍ਵਕ- ਜੀਭ ਉੱਤੇ ਕੰਡੇ ਹੋਣੇ, ਥਥਲਾਪਨ, ਸਾਹ ਕਾਹਲਾ ਅਤੇ ਖਾਂਸੀ ਹੋਣੀ.#(ਜ) ਅਭਿਨ੍ਯਾਸ- ਮੂੰਹ ਸੁੱਕਣਾ, ਦੰਦ ਮੈਲੇ ਹੋਣੇ, ਬੇਹੋਸ਼ੀ ਹੋਣੀ ਆਦਿ.#ਇਨ੍ਹਾਂ ਤੇਰਾਂ ਦੀ ਅਵਧਿ (ਮਯਾਦ) ਯਥਾਕ੍ਰਮ ਹੈ- ੭੦ ਦਿਨ, ੧੦. ਦਿਨ, ੨੦. ਦਿਨ, ੧੧. ਦਿਨ, ੧੫. ਦਿਨ, ੨੫ ਦਿਨ, ੧੩. ਦਿਨ, ੧੦. ਦਿਨ, ੧੮. ਦਿਨ, ੧੦. ਦਿਨ, ੧੪. ਦਿਨ, ੧੬. ਦਿਨ, ੧੫. ਦਿਨ. ਅਰਥਾਤ ਇਤਨੇ ਦਿਨਾਂ ਵਿੱਚ ਰੋਗ ਦੂਰ ਹੋ ਜਾਂਦਾ ਹੈ ਅਥਵਾ ਰੋਗੀ ਮਰ ਜਾਂਦਾ ਹੈ.#ਸੰਨਿਪਾਤ ਦਾ ਇਲਾਜ ਕਿਸੇ ਸਿਆਣੇ ਡਾਕਟਰ ਵੈਦ ਹਕੀਮ ਤੋਂ ਬਿਨਾ ਢਿੱਲ ਕਰਾਉਣਾ ਚਾਹੀਏ. ਅੱਗੇ ਲਿਖੇ ਉਪਾਉ ਲਾਭਦਾਇਕ ਸਾਬਤ ਹੋਏ ਹਨ. ਠੰਢੇ ਪਾਣੀ ਵਿੱਚ ਭਿਉਂਕੇ ਰੁਮਾਲ ਸਿਰ ਤੇ ਰੱਖਣਾ, ਪਾਸ਼ੋਯਾ ਕਰਨਾ, ਧਨੀਆ, ਚੰਨਣ ਦਾ ਬੂਰ, ਮੁਸ਼ਕ ਕਪੂਰ, ਅਰਕ ਗੁਲਾਬ, ਬੋਤਲ ਵਿੱਚ ਪਾਕੇ ਸੁੰਘਾਉਣਾ, ਹੁਕਨਾ ਕਰਨਾ. ਕੰਡਿਆਰੀ ਦੇ ਬੀਜ ਪੀਸਕੇ ਨਸਵਾਰ ਦੇਣੀ, ਉਬਾਲਿਆ ਹੋਇਆ ਕੋਸਾ ਪਾਣੀ ਪਿਆਉਣਾ. ਹੇਠ ਲਿਖਿਆ ਕ੍ਵਾਬ (ਕਾੜ੍ਹਾ) ਸੰਨਿਪਾਤ ਰੋਗ ਨਾਸ਼ਕ ਹੈ-#ਕੜੂ, ਚਿਰਾਇਤਾ, ਪਿੱਤਪਾਪੜਾ, ਗਿਲੋ, ਕਚੂਰ, ਝੰਜਣ ਦੇ ਬੀਜ, ਮਘਾਂ, ਪੁਹਕਰਮੂਲ, ਬਨਫਸ਼ਾ, ਛਮਕਨਮੋਲੀ, ਦੇਵਦਾਰ, ਸੁੰਢ, ਹਰੜ, ਜਵਾਸਾ ਅਤੇ ਭੜਿੰਗੀ. ਇਨ੍ਹਾਂ ਪੰਦ੍ਰਾਂ ਦਵਾਈਆਂ ਨੂੰ ਸਮਾਨ ਲੈ ਕੇ ਅਧ ਸੇਰ ਪਾਣੀ ਵਿੱਚ ਦੋ ਤੋਲੇ ਪਾ ਕੇ ਉਬਾਲਾ ਦੇਣਾ. ਜਦ ਅੱਧ ਪਾਉ ਪਾਣੀ ਰਹੇ ਤਾਂ ਛਾਣਕੇ ਕੋਸਾ ਕੋਸਾ ਪਿਆਉਣਾ. "ਛਈ ਰੋਗ ਅਰੁ ਸੰਨਿਪਾਤ ਗਨ." (ਚਰਿਤ੍ਰ ੪੦੫)
Source: Mahankosh