Definition
ਸ਼੍ਰੀ ਗੁਰੂ ਅਰਜਨ ਸਾਹਿਬ ਦਾ ਤਾਇਆ, ਜਿਸ ਦੇ ਪੁਤ੍ਰ ਦੇ ਵਿਆਹ ਤੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਨੇ ਸ਼੍ਰੀ ਅਰਜਨ ਜੀ ਨੂੰ ਲਹੌਰ ਭੇਜਕੇ ਆਗ੍ਯਾ ਕੀਤੀ ਸੀ ਕਿ ਬਿਨਾ ਬੁਲਾਏ ਨਾ ਆਉਣਾ. ਸਾਹਿਬਜ਼ਾਦੇ ਨੇ ਦੋ ਵਰ੍ਹੇ ਲਹੌਰ ਰਹਿਕੇ ਉਤੱਮ ਧਰਮ ਪ੍ਰਚਾਰ ਕੀਤਾ. ਜਿਸ ਥਾਂ ਬੈਠਕੇ ਆਪ ਦੀਵਾਨ ਲਾਉਂਦੇ ਰਹੇ ਉਹ ਚੂਨੀ ਮੰਡੀ ਵਿੱਚ ਗੁਰੂ ਅਰਜਨ ਸਾਹਿਬ ਦਾ ਦਿਵਾਨਖਾਨਾ ਕਰਕੇ ਪ੍ਰਸਿੱਧ ਗੁਰੁਧਾਮ ਹੈ. ਇਸੇ ਥਾਂ ਤੋਂ- "ਮੇਰਾ ਮਨੁ ਲੋਚੈ ਗੁਰੁਦਰਸਨ ਤਾਈ"- ਸ਼ਬਦ ਲਿਖਕੇ ਪਿਤਾ ਗੁਰੂ ਜੀ ਪਾਸ ਭੇਜਿਆ ਹੈ. ਸੰਹਾਰੀ ਮੱਲ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਅਤਮਗ੍ਯਾਨ ਪ੍ਰਾਪਤ ਕੀਤਾ, ਅਤੇ ਇਸ ਦੀ ਅਨੰਨ ਸਿੱਖਾਂ ਵਿੱਚ ਗਿਣਤੀ ਹੋਈ.
Source: Mahankosh