ਹਰਿ
hari/hari

Definition

ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍‍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ.
Source: Mahankosh

Shahmukhi : ہرِ

Parts Of Speech : noun, masculine

Meaning in English

God
Source: Punjabi Dictionary