ਹਰਿਰਾਇ ਸਤਿਗੁਰੂ
hariraai satiguroo/harirāi satigurū

Definition

ਸਿੱਖ ਕੌਮ ਦੇ ਸੱਤਵੇਂ ਪਾਤਸ਼ਾਹ. ਇਨ੍ਹਾਂ ਦਾ ਜਨਮ ੨੦. ਮਾਘ (ਸੁਦੀ ੧੩) ਸੰਮਤ ੧੬੮੬ (੨੬ ਫਰਵਰੀ ਸਨ ੧੬੩੦) ਨੂੰ ਬਾਬਾ ਗੁਰੁਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੇ ਉਦਰ ਤੋਂ ਕੀਰਤਪੁਰ ਹੋਇਆ. ਹਾੜ ਸੁਦੀ ੩. ਸੰਮਤ ੧੬੯੭ ਨੂੰ ਅਨੂਪ ਸ਼ਹਿਰ (ਜਿਲਾ ਬੁਲੰਦ ਸ਼ਹਿਰ ਯੂ. ਪੀ. ) ਨਿਵਾਸੀ ਦਯਾ ਰਾਮ ਦੀਆਂ ਪੁਤ੍ਰੀਆਂ ਨਾਲ ਵਿਆਹ ਹੋਇਆ. ਮਹਲਾ ਕੋਟਕਲ੍ਯਾਣੀ ਜੀ ਦੇ ਉਦਰ ਤੋਂ ਰਾਮਰਾਇ ਜੀ ਅਤੇ ਕ੍ਰਿਸਨ ਕੌਰ ਜੀ ਤੋਂ ਗੁਰੂ ਹਰਿਕ੍ਰਿਸਨ ਜੀ ਜਨਮੇ. ੧੨. ਚੇਤ (ਸੁਦੀ ੧੦) ਸੰਮਤ ੧੭੦੧ (੮ ਮਾਰਚ ਸਨ ੧੬੪੪) ਨੂੰ ਗੁਰੁਗੱਦੀ ਤੇ ਵਿਰਾਜੇ ਅਤੇ ਉੱਤਮ ਰੀਤਿ ਨਾਲ ਗੁਰੂ ਨਾਨਕ ਜੀ ਦੇ ਧਰਮ ਦਾ ਪ੍ਰਚਾਰ ਕੀਤਾ. ਸੰਮਤ ੧੭੦੩ ਵਿੱਚ ਆਪ ਨੇ ਮਾਲਵੇ (ਜੰਗਲ) ਦੀ ਸੰਗਤਿ ਨੂੰ ਸੁਮਤਿ ਦੇਣ ਲਈ ਦੌਰਾ ਕੀਤਾ ਅਤੇ ਮੇਹਰਾਜ ਦੇ ਮੁਕਾਮ ਪੁਰ ਫੂਲ ਵੰਸ਼ ਨੂੰ, ਦਾਦਾ ਗੁਰੂ ਜੀ ਦੇ ਵਰਦਾਨ ਦੀ ਪੁਸ੍ਟੀ ਕਰਨ ਹਿਤ ਆਸ਼ੀਰਵਾਦ ਦੇਕੇ ਨਿਹਾਲ ਕੀਤਾ.¹ ਦੇਖੋ, ਫੂਲ.#ਔਰੰਗਜ਼ੇਬ ਨੇ ਦਾਰਾਸ਼ਿਕੋਹ ਦੀ ਸਹਾਇਤਾ ਕਰਨ ਦਾ ਦੋਸ ਗੁਰੂ ਸਾਹਿਬ ਪੁਰ ਲਾਕੇ ਦਿੱਲੀ ਹਾਜ਼ਰ ਹੋਣ ਦਾ ਹੁਕਮ ਦਿੱਤਾ. ਗੁਰੂ ਸਾਹਿਬ ਨੇ ਆਪਣੇ ਵਡੇ ਪੁਤ੍ਰ ਰਾਮਰਾਇ ਜੀ ਨੂੰ ਦਿੱਲੀ ਭੇਜਿਆ. ਸਾਹਿਬਜ਼ਾਦੇ ਨੇ ਚਤੁਰਾਈ ਨਾਲ ਬਾਦਸ਼ਾਹ ਨਾਲ ਪ੍ਰੇਮ ਉਤਪੰਨ ਕੀਤਾ, ਜਿਸ ਤੋਂ ਔਰੰਗਜ਼ੇਬ ਦਾ ਕੋਪ ਸ਼ਾਂਤ ਹੋ ਗਿਆ.#੭. ਕੱਤਕ (ਵਦੀ ੯) ਸੰਮਤ ੧੭੧੮ (੬ ਅਕਤਬੂਰ ਸਨ ੧੬੬੧) ਨੂੰ ਗੁਰੂ ਹਰਿਕ੍ਰਿਸਨ ਜੀ ਨੂੰ ਗੁਰੁਤਾ ਦੇਕੇ ਕੀਰਤਪੁਰ ਜੋਤੀਜੋਤਿ ਸਮਾਏ. ਸ਼੍ਰੀ ਗੁਰੂ ਹਰਿਰਾਇ ਸਾਹਿਬ ਨੇ ੧੭. ਵਰ੍ਹੇ ੫. ਮਹੀਨੇ ੮. ਦਿਨ ਗੁਰੁਤਾ ਕੀਤੀ ਅਤੇ ਸਾਰੀ ਅਵਸਥਾ ੩੧ ਵਰ੍ਹੇ ੮. ਮਹੀਨੇ ੧੭. ਦਿਨ ਭੋਗੀ. "ਸਿਮਰੌ ਸ੍ਰੀ ਹਰਿਰਾਇ." (ਚੰਡੀ ੩)
Source: Mahankosh