ਨਾ ਗੜ੍ਹ ਮੁਕਤੇਸ਼ਵਰ ਜਾਣ ਵਾਲੀ ਜਾਪਦੀ ਸੀ ਤੇ ਨਾ ਮਥਰਾ । ਗੋਕਲ ਜਾਣ ਵਾਲੇ ਇਸ ਤਰ੍ਹਾਂ ਨਹੀਂ ਜਾਂਦੇ ।
ਜਿੱਦਾਂ ਚੰਨ ਦੇ ਦੁਆਲੇ ਆਕਾਰ ਘੇਰਾ ਪਾ ਲੈਂਦੇ ਹਨ ਇਸੇ ਤਰ੍ਹਾਂ ਇਸ ਪਾਲਕੀ ਦੇ ਦੁਆਲੇ ਇਕ ਹੋਰ ਘੇਰਾ ਘੱਤਿਆ ਗਿਆ । ਉਹ ਘੇਰੇ ਵਾਲੇ ਕੌਣ ਸਨ ? ਵੇਖਣ ਨੂੰ ਅੱਧ ਕੱਚੇ ਫੌਜੀ ਸਨ। ਕਿਸੇ ਬਾਗ਼ੀ ਨੂੰ ਕਾਬੂ ਤੇ ਨਹੀਂ ਸੀ ਕਰ ਰਹੀ ਫੌਜ ? ਕੋਈ ਆਕੀ ਘੇਰੇ ਵਿਚ ਤੇ ਨਹੀਂ ਸੀ ਫਸ ਗਿਆ । ਪਾਲਕੀ ਵਾਲਾ ਕੁੱਝ ਨਹੀਂ ਸੀ ਜਾਣਦਾ । ਉਹ ਤੇ ਘਰੋਂ ਕਿਸੇ ਨੂੰ ਦੱਸੇ ਬਿਨਾਂ ਹੀ ਆਇਆ ਸੀ । ਘਰੋਂ ਚੋਰੀ ਚੁੱਪ ਚੁਪੀਤਾ ਦੱਬੇ-ਦੱਬੇ ਪੈਰ । ਪਰ ਮਾਲਕ ਦੀ ਰਾਖੀ ਦੀ ਜ਼ਿੰਮੇਵਾਰੀ ਉਹਦੇ ਅੰਗ-ਰੱਖਿਅਕ ਹੀ ਕਰਦੇ ਆਏ। ਉਹ ਆਪਣੀ ਡਿਊਟੀ ਤੇ ਹਾਜ਼ਰ ਸਨ। ਕਿਤੇ ਕੋਈ ਚਿੜੀ ਪਰ ਨਹੀਂ ਸੀ ਮਾਰ ਸਕਦੀ । ਮਾਮਲਾ ਗੰਭੀਰ ਹੁੰਦਾ ਜਾ ਰਿਹਾ ਸੀ ।
ਅੱਜ ਦਾ ਬੰਗਲਾ ਸਾਹਿਬ ਤੇ ਕਲ੍ਹ ਦਾ ਮਿਰਜ਼ਾ ਰਾਜਾ ਜੈ ਸਿੰਘ ਵਾਲੀਏ ਜੈਪੁਰ ਦਾ ਮਹਿਲ । ਇਹਦੇ ਵਰਗਾ ਮਹਿਲ, ਇਹੋ ਜਿਹਾ ਮਹਿਲ ਸਾਰੀ ਦਿੱਲੀ ਵਿਚ ਕੋਈ ਨਹੀਂ ਸੀ । ਬੜਾ ਵੱਡਾ ਫਾਟਕ ਜਿਵੇਂ ਕਿਸੇ ਮਜ਼ਬੂਤ ਕਿਲ੍ਹੇ ਦਾ ਮੁੱਖ ਦੁਆਰ ਹੋਵੇ ।
ਪਾਲਕੀ ਵਾਲੇ ਨੇ ਇਸ਼ਾਰਾ ਕੀਤਾ ਇਕ ਖ਼ਿਦਮਤਗਾਰ ਨੂੰ ।
-ਅੰਨਦਾਤਾ ਹੁਕਮ?
—ਇਸ ਮਹਿਲ ਦੇ ਅੰਦਰ ਜਾਓ ਤੇ ਜਾ ਕੇ ਆਖੋ ਬਾਹਰ ਕੋਈ ਮਿਲਣ ਵਾਲਾ ਆਇਆ ਏ, ਜੇ ਕੋਈ ਕੁੱਝ ਹੋਰ ਪੁੱਛੇ ਤਾਂ ਦੱਸਣ ਦੀ ਲੋੜ ਨਹੀਂ ।
ਖ਼ਿਦਮਤਗਾਰ ਦੀ ਕੀ ਮਜਾਲ ਸੀ ਅੱਗੋਂ ਜ਼ਬਾਨ ਹਿਲਾ ਕੇ ਈ ਵੇਖਦਾ। ਸਲਾਮਾਂ ਕਰਦਾ ਪੁੱਠੀ ਪੈਰੀਂ ਪਿੱਛੇ ਹਟ ਗਿਆ । ਮਹਿਲ ਦੇ ਦਰਵਾਜੇ ਤੇ ਰੁਕਿਆ ਪਹਿਲਾਂ ਝੁਕ ਕੇ ਸਲਾਮ ਗੁਜ਼ਾਰੀ ।
—ਬਾਹਰ ਪਾਲਕੀ ਖੜੀ ਏ ਕੋਈ ਮਿਲਣ ਵਾਲਾ ਆਇਆ ਏ ।
—ਇਹ ਤੇ ਮੈਂ ਵੀ ਵੇਖ ਰਿਹਾਂ—ਮਿਲਣ ਵਾਲਾ ਕੌਣ ਏ ? ਮੈਂ ਅੰਦਰ ਜਾ ਕੇ ਕੀ ਆਖਾਂ ? ਸੇਵਾਦਾਰ ਬੋਲਿਆ ।
--ਮੈਨੂੰ ਜਿੰਨਾ ਹੁਕਮ ਸੀ ਮੈਂ ਅਰਜ਼ ਕਰ ਦਿੱਤੀ ਏ ।
--ਪਰ ਮੈਂ ਅੰਦਰ ਜਾ ਕੇ ਆਖਾਂ ਕੀ ? ਆਪਣਾ ਸਿਰ ।
-ਬੱਸ ਸਿਰਫ ਐਨੀ ਗੱਲ, ਬਾਹਰ ਇਕ ਪਾਲਕੀ ਖੜੀ ਏ, ਕੋਈ ਮਿਲਣ ਵਾਲਾ ਆਇਆ ਏ, ਤੂੰ ਸਿਰਫ ਐਨਾ ਈ ਆਖਣਾ ਏ ਇਸ ਤੋਂ ਅੱਗੇ ਕੁੱਝ ਨਹੀਂ। ਬੋਲ ਖ਼ਿਦਮਤਗਾਰ ਦੇ ਸਨ ।
-ਅਜੀਬ ਗੱਲ ਏ ! ਮਿਲਣ ਆਉਣਾ ਤੇ ਨਾਂ ਈ ਨਾ ਦੱਸਣਾ ! ਨਾਂ ਦੱਸਣ ਵਿਚ ਕਾਹਦੀ ਸ਼ਰਮ ਏ । ਭਲਾ ਕੋਈ ਕੀ ਜਾ ਕੇ ਦੱਸੇ ?
—ਮੈਨੂੰ ਜਿੰਨਾ ਹੁਕਮ ਏ ਓਨਾਂ ਦੱਸ ਦਿੱਤਾ ਏ, ਬਹਿਸ ਕਰਨ ਦੀ ਲੋੜ ਨਹੀਂ । ਤੁਸੀਂ ਵੀ ਉਸੇ ਤਰ੍ਹਾਂ ਕਰੋ ਜਿਵੇਂ ਮੈਂ ਕਰ ਰਿਹਾਂ । ਮੇਰੇ ਖ਼ਿਆਲ ਮੁਤਾਬਕ ਮਿਲਣ ਵਾਲਾ ਮਿਲਣ ਵਾਲੇ ਨੂੰ ਜਾਣਦਾ ਈ ਹੋਣੇ । ਆਖਣ ਲੱਗਾ ਖ਼ਿਦਮਤਗਾਰ ।
-ਸੱਤ ਬਚਨ, ਤੇਰੀ ਗੱਲ ਠੀਕ ਈ ਹੋ ਸਕਦੀ ਏ। ਅੱਛਾ ਤੁਸੀਂ ਬੈਠੇ ਤੇ ਮੈਂ ਹੁਣੇ ਅੰਦਰੋਂ
ਹੋ ਕੇ ਆਇਆ । ਮਹਾਰਾਜ ਦਾ ਕੀ ਹੁਕਮ ਏ, ਆਣ ਕੇ ਦੱਸਦਾਂ। ਆਵਾਜ਼ ਉਭਰੀ ਸੇਵਾਦਾਰ ਦੀ ਤੇ ਉਹ ਅੰਦਰ ਚਲਾ ਗਿਆ ।
—ਮੈਂ ਖੜਾ ਹਾਂ, ਵੇਖੀ ਸੱਜਣਾਂ ! ਮੈਂ ਜਵਾਬ ਲੈ ਕੇ ਵਾਪਿਸ ਜਾਣਾ ਹੈ, ਛੇਤੀ ਆਈਂ । ਸੇਵਾਦਾਰ ਫਾਟਕ ਲੰਘ ਗਿਆ । ਜਾ ਅਰਜ਼ ਕੀਤੀ ਸ੍ਰੀ ਗੁਰੂ ਹਰਿਕ੍ਰਿਸ਼ਨ ਦੇ ਹਜ਼ੂਰ ।
ਮਹਾਰਾਜ ਨੇ ਫੁਰਮਾਇਆ-ਅਸੀਂ ਜਾਣਦੇ ਹਾਂ ਕਿ ਮਿਲਣ ਵਾਲਾ ਕੌਣ ਹੈ, ਪਰ ਸਾਡਾ ਮਿਲਣ ਦਾ ਵਿਚਾਰ ਨਹੀਂ । ਸ਼ਹਿਨਸ਼ਾਹ ਹਿੰਦੁਸਤਾਨ ਔਰੰਗਜ਼ੇਬ ਖੜ੍ਹਾ ਏ ਬਾਹਰ, ਇਹ ਸੋਨੇ ਰੰਗੀ ਅਨੋਖੀ ਪਾਲਕੀ ਉਸੇ ਦੀ ਹੋ ਸਕਦੀ ਏ । ਆਮ ਲੋਕਾਂ ਇਹ ਪਾਲਕੀ ਨਹੀਂ ਵੇਖੀ । ਇਸ ਪਾਲਕੀ ਵਿਚ ਬਾਦਸ਼ਾਹ ਬੈਠਕੇ ਸਿਰਫ ਕਿਸੇ ਦੂਸਰੇ ਬਾਦਸ਼ਾਹ ਨੂੰ ਮਿਲਣ ਜਾਇਆ ਕਰਦਾ ਹੈ। ਇਹ ਪਾਲਕੀ ਆਮ ਵਰਤੋਂ ਦੀ ਨਹੀਂ ।
ਸੇਵਾਦਾਰ ਮਿੱਟੀ ਦੀ ਬਾਜ਼ੀ ਵਾਂਗ ਚੁੱਪ ਖੜ੍ਹਾ ਸੀ ।
ਇਕ ਦਮ ਮਹਿਲ ਦੇ ਫਾਟਕ ਇਕ ਦੂਜੇ ਨਾਲ ਆਣ ਭਿੜੇ, ਖੜਾਕ ਹੋਇਆ ਠਾਹ ! ਦਰਵਾਜ਼ਾ ਬੰਦ ਹੋ ਗਿਆ।
ਖ਼ਿਦਮਤਗਾਰ ਜਵਾਬ ਦੀ ਇੰਤਜ਼ਾਰ ਵਿਚ ਸੀ । ਜਵਾਬ ਤਾਂ ਮਿਲ ਗਿਆ ਸੀ ਭਲਾ ਫਿਰ ਕਿਉਂ ਖੜ੍ਹਾ ਸੀ ? ਤ੍ਰਬਕ ਪਿਆ । ਪਾਲਕੀ ਵਾਲੇ ਕਹਾਰ ਕੰਬ ਗਏ । ਪਾਲਕੀ ਇਕ ਵਾਰ ਡੋਲੀ, ਧਰਤੀ ਨੂੰ ਕਾਂਬਾ ਛਿੜਿਆ । ਕੰਬੀ ਜ਼ਮੀਨ ਦਿੱਲੀ ਦੀ । ਧਰਤੀ ਦਾ ਭਾਰ ਜਿੱਦਾਂ ਬਲਦ ਨੇ ਦੂਜੇ ਸਿੰਙ ਤੇ ਰੱਖਿਆ ਹੋਵੇ । ਭੂਚਾਲ ਜਿਹਾ ਆ ਗਿਆ ।
ਬਿਨਾਂ ਕੁਝ ਬੋਲਿਆਂ ਬਿਨਾਂ ਜਵਾਬ ਲਿਆ ਮੁੜਿਆ ਖ਼ਿਦਤਮਤਗਾਰ। ਫਰਸ਼ੀ ਸੱਤ ਸਲਾਮਾਂ ਕੀਤੀਆਂ । ਖ਼ਿਦਮਤਗਾਰ ਖਾਮੋਸ਼ ਸੀ, ਦੰਦਣ ਪਈ ਹੋਈ ਸੀ, ਮੂੰਹ ਵਿਚ ਜ਼ਬਾਨ ਬੱਤੀਆਂ ਦੰਦਾਂ ਵਿਚ ਡੱਕੀ ਹੋਈ ਸੀ । ਡਰ ਨਾਲ ਨਾ ਮੂੰਹ ਖੁੱਲ੍ਹੇ ਤੇ ਨਾ ਜ਼ਬਾਨ ਈ ਬੋਲੇ ।
-ਮੈਂ ਸਮਝ ਗਿਆ। ਆਵਾਜ਼ ਪਾਲਕੀ ਵਿਚ ਗੂੰਜੀ ਸ਼ਹਿਨਸ਼ਾਹ ਦੀ । ਪਾਲਕੀ ਅਜੇ ਵੀ ਖੜ੍ਹੀ ਸੀ।
—ਹੱਤਕ, ਬੇ-ਇੱਜ਼ਤੀ, ਅਪਮਾਨ, ਨਿਰਾਦਰ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦਾ। ਖਿਦਮਤਗਾਰ ਸੋਚ ਰਹੇ ਸੀ ।
-ਐਨੀ ਜੁਰਅਤ! ਸ਼ਹਿਨਸ਼ਾਹ ਦੀ ਹੀਰਿਆਂ ਵਾਲੀ ਤਸਬੀ ਇਕ ਵਾਰ ਹੱਥਾਂ ਵਿਚ ਡੋਲੀ, ਤਸਬੀ ਨੂੰ ਕਾਂਬਾ ਛਿੜਿਆ । ਤਸਬੀ ਪੋਟਿਆਂ ਵਿਚੋਂ ਨਿਕਲ ਜਾਣਾ ਚਾਹੁੰਦੀ ਸੀ । ਫਾਟਕ ਬੰਦ ਸੀ ਮੋਟਿਆਂ ਮੋਟਿਆਂ ਕਿੱਲਾਂ ਵਾਲਾ । ਪਾਲਕੀ ਖੜ੍ਹੀ ਸੀ, ਕੁਦਰਤ ਰੰਗ ਪਲਟ ਰਹੀ ਸੀ । ਸੁਹਾਣੇ ਮੌਸਮ ਵਿਚ ਬਦਬੂ ਫੈਲ ਗਈ । ਸੁਗੰਧੀਆਂ ਵੰਡਦੀ ਪੌਣ ਵਿਚ ਗੰਦ ਦੀ ਅਲਾਇਸ਼ ਆ ਗਈ ।
२.
ਔਰੰਗਜ਼ੇਬ ਬੋਲਿਆ
ਰੋਹ ਭਰੀਆਂ ਅੱਖੀਆਂ ਸ਼ਹਿਨਸ਼ਾਹ ਦੀਆਂ, ਪਾਲਕੀ ਰੁਕੀ ਹੋਈ ਸੀ । ਅੱਖਾਂ ਲਾਲ ਸੂਹੀਆਂ
ਹੋ ਗਈਆਂ । ਚਿਹਰਾ ਸ਼ਿੰਗਰਫ ਵਾਂਗੂੰ ਸੁਰਖ਼ ਹੋ ਗਿਆ । ਅੱਖਾਂ ਵਿਚੋਂ ਅੰਗਿਆਰੇ ਨਿਕਲ ਰਹੇ ਸਨ ।
-ਐਨੀ ਵੱਡੀ ਜੁਰਅਤ, ਐਨੀ ਵੱਡੀ ਗੁਸਤਾਖੀ, ਐਨਾ ਵੱਡਾ ਗ਼ਰੂਰ । ਔਰੰਗਜ਼ੇਬ ਨੇ ਤਾਂ ਕਦੇ ਕਿਸੇ ਦੀ ਮਗਰੂਰੀ ਬਰਦਾਸ਼ਤ ਨਹੀਂ ਕੀਤੀ । ਇਹ ਕੌਣ ਏ? ਇਹ ਕੀ ਏ? ਕੱਲ੍ਹ ਦਾ ਜੰਮਿਆ ਛੋਕਰਾ, ਜੁੰਮਾ-ਜੁੰਮਾ ਅੱਠ ਦਿਨ । ਅਜੇ ਤਾਂ ਦੁੱਧ ਦੀਆਂ ਦੰਦੀਆਂ ਵੀ ਨਹੀਂ ਟੁੱਟੀਆਂ । ਅਜੇ ਤਾਂ ਮੱਸ ਵੀ ਨਹੀਂ ਫੁੱਟੀ । ਅਜੇ ਤਾਂ ਜਵਾਨੀ ਵੀ ਨਹੀਂ ਚੜ੍ਹਿਆ । ਕੱਚੀ ਧਰੇਕ ਵਾਂਗੂ ਕੱਚੀਆਂ ਹੱਡੀਆਂ । ਭੋਲਾ ਜਿਹਾ ਲਾਡਲਾ ਸ਼ਹਿਜ਼ਾਦਾ ਇਕ ਰਿਆਸਤ ਦਾ ਐਨਾ ਜ਼ਹਿਰੀਲਾ ਏ । ਸੱਪ ਦਾ ਪੁੱਤ ਸਪੋਲੀਆ । ਇਨ੍ਹਾਂ ਦੇ ਦੰਦ ਜੰਮਦਿਆਂ ਈ ਤਿੱਖੇ ਹੁੰਦੇ ਹਨ । ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ । ਕੁੰਡਲੀਆ ਸੱਪ । ਬੜੀ ਆਕੜਖਾਨੀ ਏ । ਕਿਹੜੀ ਗੱਲ ਦੀ ਮਗਰੂਰੀ ਏ ? ਹੰਕਾਰ ਕਿਸ ਗੱਲ ਦਾ ਏ । ਨਿੱਕੀ ਜਿਹੀ ਰਿਆਸਤ । ਆਟੇ 'ਚ ਲੂਣ ਜਿੰਨੀ ਕੌਮ ਤੇ ਤਕੱਬਰ ਐਨਾ ਵੱਡਾ ਜਿੱਦਾਂ ਖ਼ੁਦਾ ਦਾ ਬੇਟਾ ਹੋਵੇ । ਯਾ ਅੱਲ੍ਹਾ ! ਬੰਦਾ ਵੀ ਕਿਸੇ ਵੇਲੇ ਬਿਨਾਂ ਸੋਚਿਆਂ ਸਮਝਿਆਂ ਕਿੰਨੀ ਵੱਡੀ ਹਿਮਾਕਤ ਕਰ ਬੈਠਦਾ ਏ । ਸੱਚਦਾ ਈ ਨਹੀਂ ਕਿ ਇਹਦਾ ਅੰਜਾਮ ਕੀ ਹੋਵੇਗਾ। ਯਾਰੋ ਔਰੰਗਜ਼ੇਬ ਸਾਹਮਣੇ ਅੱਜ ਤੀਕ ਕਿਸੇ ਧੌਣ ਅਕੜਾ ਕੇ ਵੇਖਣ ਦੀ ਜੁਰਅਤ ਨਹੀਂ ਕੀਤੀ । ਨਾਂ ਸੁਣਦਿਆਂ ਹਵਾ ਸਰਕ ਜਾਂਦੀ ਏ । ਮੈਂ ਧੌਣ ਦਾ ਮਣਕਾ ਤੋੜਨਾ ਜਾਣਦਾ ਹਾਂ ! ਮੈਂ ਉਸਨੂੰ ਸਫ਼ਾ-ਏ-ਹਸਤੀ ਤੋਂ ਮਿਟਾ ਦਿਆਂਗਾ ਜਿਸ ਮੇਰੇ ਸਾਹਵੇਂ ਜ਼ਰਾ ਕੁ ਵੀ ਅੱਖਾਂ ਉੱਚੀਆਂ ਕਰ ਕੇ ਵੇਖਿਆ। ਖ਼ੁਦਾ ਦੀ ਪਨਾਹ, ਮੈਂ ਸ਼ਹਿਨਸ਼ਾਹ ਤੇ ਉਹ ਫ਼ਕੀਰਾਂ ਦੇ ਟੋਲੇ ਦਾ ਇਕ ਨਬਾਲਗ ਬੱਚਾ। ਮੈਂ ਮੁਲਖ ਮਿਲਖ ਦਾ ਮਾਲਕ। ਮੇਰਾ ਪਾਣੀ ਭਰੇ ਸਾਰਾ ਹਿੰਦੁਸਤਾਨ ਤੇ ਉਹ ਇਕ ਧੂੰਣੇ ਦਾ ਰਖਵਾਲਾ ।
ਜ਼ਮਾਨੇ 'ਕ ਬਾਲ ਹੱਠ ਤੇ ਰਾਜ ਹੱਠ ਇਹ ਦੋਵੇਂ ਮਸ਼ਹੂਰ ਸਨ । ਟੱਕਰ ਹੁਣ ਇਕ ਬਾਲ ਤੇ ਇਕ ਰਾਜੇ ਦੀ ਏ । ਵੇਖੋ ਕੌਣ ਜਿੱਤਦਾ ਏ ? ਜੇ ਮੈਂ ਜਿੱਤ ਵੀ ਗਿਆ ਤੇ ਫਿਰ ਦੁਨੀਆਂ ਨੇ ਮੈਨੂੰ ਬਾਦਸ਼ਾਹ ਆਖ ਕੇ ਗੱਲ ਹਵਾ ਵਿਚ ਉਡਾ ਦੇਣੀ ਤੇ ਉਹਨੂੰ ਬਾਲ ਅੰਞਾਣਾ ਆਖ ਕੇ ਮਿਟੀ ਪਾ ਦੇਣੀ ਏ । ਤੇ ਕਿਸੇ ਨੇ ਆਖਣਾ ਏ ਬੱਚਾ ਏ, ਖਿਡੌਣਿਆਂ ਨਾਲ ਖੇਡਣ ਵਾਲਾ ਸੀ। ਬੱਚਾ ਸੀ ਡਰਾ ਲਿਆ ਸੂ ਕਿਹੜਾ ਚਿਤੌੜ ਦਾ ਕਿਲਾ ਜਿੱਤ ਲਿਆ ਸੀ । ਬਾਦਸ਼ਾਹ ਦਾ ਈਮਾਨ ਏ ਬੱਚੇ ਦਾ ਦਿਲ ਬਹਿਲਾਵੇ, ਬੱਚੇ ਨੂੰ ਆਹਰੇ ਲਾਵੇ, ਖੇਡਣ ਦੀ ਜਾਚ ਦੱਸੇ। ਖੇਡੇ ਲਾਇਆ ਜਾਵੇ ਤੇ ਆਪਣੇ ਰਾਹ ਪਵੇ । ਮੈਨੂੰ ਸਿਰ ਅੜਾਉਣਾ ਸ਼ੋਭਾ ਨਹੀਂ ਦਿੰਦਾ ਤਲਵਾਰ ਦਾ ਭੈਅ ਦਿਖਾਉਣਾ ਕਿੱਥੋਂ ਦੀ ਦਾਨਸ਼ਮੰਦੀ ਏ । ਬੱਚਾ ਏ ਉਹ ਕੀ ਜਾਣੇ ਤਲਵਾਰ ਨੂੰ । ਉਹ ਦੇ ਸਾਹਮਣੇ ਫਨੀਅਰ ਸੱਪ ਸੁੱਟ ਦਿਉ ਤੇ ਉਹਦੇ ਨਾਲ ਵੀ ਖੇਡਣ ਲੱਗ ਪਵੇਗਾ। ਜੇ ਮੈਂ ਇਕ ਬੱਚੇ ਨਾਲ ਉਲਝ ਖਲੋਤਾ ਤਾਂ ਲੋਕ ਮੇਰਾ ਮਜ਼ਾਕ ਉਡਾਉਣਗੇ । ਲੋਕ ਮੇਰੀ ਅਕਲ ਦੀ ਖਿੱਲੀ ਉਡਾਉਣਗੇ । ਮੇਰੀ ਬਜ਼ੁਰਗੀ ਕਾਹਦੀ ਹੋਈ । ਮੈਂ ਸਿਆਣਾ ਕਿਥੋਂ ਦਾ ਹੋਇਆ । ਬੱਚਾ ਵੀ ਬਾਦਸ਼ਾਹ ਹੁੰਦਾ ਏ । ਬਾਦਸ਼ਾਹਾਂ ਨੂੰ ਛੱਤੀ ਰੋਗ ਤੇ ਪੰਡਾਂ ਬੱਝੀਆਂ ਸੋਚਾਂ । ਬੱਚੇ ਨੂੰ ਕਾਹਦਾ ਫ਼ਿਕਰ ਏ । ਬਾਦਸ਼ਾਹ ਤੇ ਬੱਚੇ ਵਿਚ ਫਿਰ ਫ਼ਰਕ ਕੀ ਏ । ਦੋਵੇਂ ਆਪੋ ਆਪਣੀ ਥਾਂ ਬਾਦਸ਼ਾਹ ਹਨ ।
—ਹਜ਼ੂਰ, ਆਲਮ ਪਨਾਹ ! ਇਸ ਮਹਿਲ ਵਿਚ ਅੱਜ ਕੱਲ੍ਹ ਕੌਣ ਨਵਾਰਦ ਹੋਇਆ ਏ ।
-ਅਨੰਦਪੁਰ ਦਾ ਸਾਹਿਬਜ਼ਾਦਾ, ਸਿੱਖਾਂ ਦਾ ਗੁਰੂ । ਬਾਲ ਅਵਸਥਾ ਵਿਚ । ਕੱਲ੍ਹ ਦਿੱਲੀ ਵਿਚ ਆਇਆ ਤੇ ਸਾਰੀ ਦਿੱਲੀ ਮਗਰ ਲਾ ਲਈ ਸੂ । ਦਿੱਲੀ ਵਾਲੇ ਡਰਦੇ ਮੇਰਾ ਨਾਂ ਲੈਂਦੇ ਹਨ।
ਪਰ ਉਹਦਾ ਪਾਣੀ ਭਰਦੀ ਏ ਦਿੱਲੀ । ਦਿੱਲੀ ਵਾਲੇ ਉਹਦੇ ਨਾਂ ਦੀ ਮਾਲਾ ਜਪਦੇ ਹਨ । ਮੁਸਲਮਾਨ ਵੀ ਇਸ ਕਾਫ਼ਰ ਨੂੰ ਸਿਜਦਾ ਕਰਦੇ ਹਨ । ਅਜੇ ਬਾਲ ਏ ਤੇ ਉਹਦੀ ਇਹ ਅਵਸਥਾ ਏ ਤੇ ਜਦੋਂ ਜੁਆਨ ਹੋਵੇਗਾ ਤਾਂ ਫਿਰ ਕੀ ਆਲਮ ਹੋਵੇਗਾ ? ਔਰੰਗਜ਼ੇਬ ਦੇ ਬੋਲ ਉਭਰੇ ।
—ਬੜੀ ਗੁਤਸਾਖੀ ਏ ਅੰਨ ਦਾਤਾ, ਐਨੀ ਵੱਡੀ ਭੁੱਲ ।
—ਹਾਂ ਉਹ ਫਕੀਰਾਂ ਦਾ ਪੁੱਤ ਏ ਤੇ ਮੈਂ ਬਾਦਸ਼ਾਹ ਦਾ ਲਾਡਲਾ ! ਫ਼ਰਕ ਕੁਝ ਜ਼ਰੂਰ ਏ । ਫ਼ਕੀਰ ਆਪਣੇ ਮਨ ਦਾ ਬਾਦਸ਼ਾਹ ਏ ਤੇ ਬਾਦਸ਼ਾਹ ਆਪਣੀ ਹਕੂਮਤ ਦਾ ਬਾਦਸ਼ਾਹ । ਦੋਹਾਂ 'ਚ ਜ਼ਮੀਨ ਅਸਮਾਨ ਜਿੰਨੀ ਵਿੱਥ ਏਂ ।
-ਆਲਮ ਪਨਾਹ ! ਇਹਦੇ ਘਰ ਵਾਲਿਆਂ ਇਹਦੇ ਵੱਡ ਵਡੇਰਿਆਂ ਨੇ ਇਖ਼ਲਾਕ ਦਾ ਰੱਤੀ ਭਰ ਵੀ ਸਬਕ ਇਹਨੂੰ ਨਹੀਂ ਦਿੱਤਾ । ਬਜ਼ੁਰਗਾਂ ਦੀ ਖ਼ਿਦਮਤ ਕਰਨਾ, ਸਤਿਕਾਰ ਕਰਨਾ, ਇੱਜ਼ਤ ਕਰਨਾ ਹਰ ਬੱਚੇ ਦਾ ਫਰਜ਼ ਏ । ਸ਼ਹਿਨਸ਼ਾਹ ਦੀ ਪਾਲਕੀ ਖੜ੍ਹੀ ਹੋਵੇ ਦਰਵਾਜ਼ੇ ਤੇ ਜਵਾਬ ਦਿੱਤਿਆਂ ਬਗ਼ੈਰ ਦਰਵਾਜ਼ੇ ਬੰਦ ਹੋ ਜਾਣ । ਹਕੂਮਤ ਦੀ ਪੱਗ ਲਾਹੁਣ ਵਾਲੀ ਗੱਲ ਏ, ਡੁੱਬ ਮਰਨ ਦਾ ਮੁਕਾਮ ਏ, ਸ਼ਹਿਨਸ਼ਾਹ ਦਾ ਅਪਮਾਨ ਏ । ਇਹੋ ਜਿਹੇ ਗੁਸਤਾਖ਼ ਬੱਚੇ ਨੂੰ ਸਰੇ ਰਾਹ ਕਤਲ ਕਰ ਦੇਣਾ ਚਾਹੀਦਾ ਹੈ । ਇਹ ਆਵਾਜ਼ ਇਕ ਅਹਿਲਕਾਰ ਦੀ ਸੀ ।
—ਤੂੰ ਇਸ ਦੁਨੀਆਂ ਤੋਂ ਕੋਰਾ ਏਂ । ਜਿਸ ਦੁਨੀਆਂ 'ਚ ਇਹ ਵੱਸਦੇ ਹਨ ਉਹ ਦੁਨੀਆਂ ਸਾਡੀ ਦੁਨੀਆਂ ਨਾਲੋਂ ਵੱਖਰੀ ਏ । ਇਨ੍ਹਾਂ ਦੇ ਰਾਹ ਵੱਖਰੇ, ਇਨ੍ਹਾਂ ਦੀਆਂ ਸੋਚਾਂ ਵੱਖਰੀਆਂ, ਇਨ੍ਹਾਂ ਦੇ ਸੁਭਾਅ ਵੱਖਰੇ, ਇਨ੍ਹਾਂ ਦੀ ਕਿਰਿਆ ਵੱਖਰੀ । ਇਨ੍ਹਾਂ ਦੇ ਮਨ ਗੰਗਾ ਜਲ ਵਾਂਗ ਪਵਿੱਤਰ ਹਨ। ਇਨ੍ਹਾਂ ਦੀ ਜ਼ਬਾਨ ਇਲਾਹੀ ਅਲਹਾਮ । ਅਸੀਂ ਇਸ ਦੁਨੀਆਂ ਦੇ ਮਾਲਕ ਹਾਂ ਤੇ ਇਹ ਸੱਤਾਂ ਅਸਮਾਨਾਂ ਦੇ ਮਾਲਕ ਹਨ । ਹੁਣ ਕੌਣ ਆਖੇ ਕੌਣ ਵੱਡਾ ਤੇ ਕੌਣ ਛੋਟਾ ਏ ? ਮੈਂ ਬਾਦਸ਼ਾਹ ਹਾਂ ਇਹ ਪਾਤਸ਼ਾਹ ਏ । ਇਕ ਰਮਜ਼ ਏ ਇਹਨੂੰ ਜੋ ਹਰ ਦੁਨੀਆਦਾਰ ਨਹੀਂ ਜਾਣਦਾ । ਇਨ੍ਹਾਂ ਦੀ ਤਸਬੀ ਦੇ ਮਣਕੇ ਆਮ ਦੁਨੀਆਂ ਦੀ ਤਸਬੀ ਨਾਲੋਂ ਵੱਖਰੇ ਹਨ । ਵੇਖਣ ਨੂੰ ਇਕੋ ਜਿਹੇ ਜਾਪਦੇ ਹਨ । ਵੇਖਣ-ਚਾਖਣ ਨੂੰ ਤਸਬੀਆਂ ਇਕੋ ਜਿਹੀਆਂ ਹਨ । ਪਰ ਅੱਖਾਂ ਵਾਲੇ ਇਨ੍ਹਾਂ ਤਸਬੀਆਂ 'ਚੋਂ ਫਰਕ ਲੱਭ ਲੈਂਦੇ ਹਨ । ਮੈਂ ਹੁਣ ਇਕ ਐਸੀ ਥਾਂ ਤੇ ਖੜ੍ਹਾ ਹੋ ਗਿਆ ਹਾਂ, ਮੇਰੀ ਜਾਨ ਕੁੜਿਕੀ 'ਚ ਫਸ ਗਈ ਹੈ । ਸੱਪ ਦੇ ਮੂੰਹ ਕੋਹੜ ਕਿਰਲੀ ਜੇ ਖਾਵੇ ਤਾਂ ਕੋਹੜੀ ਜੇ ਛੱਡੇ ਤਾਂ ਲੱਗੇ ਲਾਜ । ਮੈਂ ਫੈਸਲਾ ਨਹੀਂ ਕਰ ਸਕਦਾ ਕਿ ਕਿਸ ਰਸਤੇ ਜਾਵਾਂ । ਚਾਰੇ ਰਸਤੇ ਇਕੋ ਜਿਹੇ ਜਾਪਦੇ ਹਨ। ਖ਼ਤਰਨਾਕ ਵੀ ਹਨ ਤੇ ਆਰਾਮ ਦੇਹ ਵੀ । ਪਰ ਇਨ੍ਹਾਂ ਲਈ ਸਾਰੇ ਰਾਹ ਇਕੋ ਜਿਹੇ ਹਨ । ਮੈਂ ਔਰੰਗਜ਼ੇਬ ਆਪਣੀ ਉਮਰ ਹੰਢਾ ਕੇ ਵੀ ਫੈਸਲਾ ਨਹੀਂ ਕਰ ਸਕਿਆ । ਯਾਰੋ ਖ਼ੁਦਾ ਦਾ ਖੌਫ਼ ਨਹੀਂ ਇਕ ਬੱਚਾ ਮੇਰੇ ਨਾਂ ਤੋਂ ਵੀ ਨਹੀਂ ਡਰਦਾ । ਮੈਂ ਬਾਦਸ਼ਾਹ ਕਾਹਦਾ ਹੋਇਆ । ਔਰੰਗਜ਼ੇਬ ਇਸ ਤਰ੍ਹਾਂ ਸੋਚ ਰਿਹਾ ਸੀ।
ਦਰਵਾਜ਼ੇ ਬੰਦ ਸਨ । ਪਾਲਕੀ ਖੜ੍ਹੀ ਸੀ । ਔਰੰਗਜ਼ੇਬ ਆਪਣੇ ਆਲੇ-ਦੁਆਲੇ ਝਾਤੀ ਮਾਰ ਰਿਹਾ ਸੀ ਜਿਵੇਂ ਇਸ ਖਲਾਅ 'ਚੋਂ ਕੁਝ ਲੱਭ ਰਿਹਾ ਹੋਵੇ ।
३.
ਔਰੰਗਜ਼ੇਬ ਨੇ ਇਕ ਵਾਰ ਫੇਰ ਤਸਬੀ ਤੇ ਹੱਥ ਫੇਰਿਆ, ਤਸਬੀ ਹਰਕਤ ਵਿਚ ਆਈ।
ਸ਼ਹਿਨਸ਼ਾਹ ਆਖਣ ਲੱਗਾ-ਮੇਰੇ ਤੇ ਇਹਦੇ ਅਮਲਾਂ ਵਿਚ ਫਰਕ ਹੋਣੈਂ, ਇਹਦੀ ਗਠੜੀ ਭਾਰੀ ਹੋਣੀ ਏ ਤੋਂ ਮੇਰੀ ਹੌਲੀ । ਕੋਈ ਗੱਲ ਜ਼ਰੂਰ ਏ, ਨਹੀਂ ਤੇ ਐਡਾ ਵੱਡਾ ਹਾਦਸਾ ਨਹੀਂ ਸੀ ਹੋ ਸਕਦਾ। ਇਸ ਨੂੰ ਕਿਸੇ ਗੱਲ ਤੇ ਮਾਣ ਜ਼ਰੂਰ ਹੋਣਾ ਹੈ। ਮੇਰੀ ਉਸ ਕਮਜ਼ੋਰੀ ਤਾੜ ਲਈ ਏ । ਮੈਂ ਕਿਸੇ ਗੱਲੋਂ ਜ਼ਰੂਰ ਊਣਾ ਹੋਵਾਂਗਾ । ਫ਼ਕੀਰਾਂ ਦਾ ਪੁੱਤ ਏ ਗੱਦੀ ਦਾ ਮਾਲਕ ਏ ਫ਼ਕੀਰੀ ਟੋਟਕਾ ਜ਼ਰੂਰ ਉਹਦੇ ਪੱਲੇ ਹੋਣਾ ਹੈ। ਇਹ ਫ਼ਕੀਰ ਬੜੀ ਬੁਰੀ ਬਲਾ ਹਨ । ਇਹ ਘਸੁੰਨ ਤੋਂ ਨਾ ਡਰਨ, ਇਹ ਤਲਵਾਰ ਤੋਂ ਭੈਅ ਨਾ ਖਾਣ । ਇਹ ਹਕੂਮਤ ਅੱਗੇ ਸਿਰ ਨਹੀਂ ਝੁਕਾਉਂਦੇ । ਇਨ੍ਹਾਂ ਦੀ ਮਾਰਿਆ ਜੁੱਤੀ ਤੋਂ ਕੌਣ ਦਿੱਲੀ ਦਾ ਬਾਦਸ਼ਾਹ ! ਬਾਦਸ਼ਾਹ ਦਾ ਡਰ ਹੋਵੇਗਾ ਦਿੱਲੀ ਵਾਲਿਆਂ ਨੂੰ ! ਇਨ੍ਹਾਂ ਨੂੰ ਕੀ ? ਇਨ੍ਹਾਂ ਲਈ ਸਭ ਲੋਕ ਇਕੋ ਜਿਹੇ ਹਨ । ਸਾਰੀ ਲੋਕਾਈ ਬਰਾਬਰ ਏ । ਬੰਦੇ ਬੰਦੇ ਵਿਚ ਕੋਈ ਫ਼ਰਕ ਨਹੀਂ । ਇਨ੍ਹਾਂ ਦਾ ਮਸਤਕ ਸਿਰਫ਼ ਦਰਗਾਹੇ ਇਲਾਹੀ ਅੱਗੇ ਝੁਕਦਾ ਏ । ਇਨ੍ਹਾਂ ਦਾ ਰੁਤਬਾ ਬੁਲੰਦ ਏ । ਇਨ੍ਹਾਂ ਦਾ ਮੁਕਾਮ ਮੁਤਬੱਰਕ ਏ । ਇਨ੍ਹਾਂ ਦੀ ਹਸਤੀ ਖੁਦਾਈ ਹਸਤੀ ਏ, ਇਹ ਬੱਚਾ ਏ । ਇਹਦੀ ਚਾਦਰ ਪਾਕ ਏ ਦੁੱਧ ਚਿੱਟੀ, ਦੁੱਧ ਫਟਕੜੀ ਵਰਗੀ । ਕਿਤੇ ਤਿਲ ਭਰ ਵੀ ਦਾਗ ਨਹੀਂ। ਮੇਰੀ ਚਾਦਰ ਜ਼ਰੂਰ ਦਾਗਦਾਰ ਹੋਣੀ ਏ । ਮੈਂ ਉਮਰ ਰਸੀਦਾ ਹਾਂ । ਮੈਂ ਆਪਣੀ ਉਮਰ ਹੰਢਾ ਕੇ ਵੇਖ ਲਈ ਹੈ । ਦੁਨੀਆਂ ਦੇ ਖੱਟੇ ਮਿੱਠੇ ਸਵਾਦ ਚੱਖ ਲਏ ਹਨ ਤੇ ਇਸ ਅਜੇ ਦੁਨੀਆਂ ਦਾ ਵੇਖਿਆ ਈ ਕੁਝ ਨਹੀਂ । ਇਸ ਤੇ ਅਜੇ ਚਰਖੇ ਤੇ ਤੰਦ ਪਾ ਕੇ ਵੀ ਨਹੀਂ ਵੇਖੀ ਤੇ ਮੈਂ ਕਈ ਚਰਖੇ ਹੰਢਾ ਲਏ ਹਨ । ਕਈ ਚਰਖੇ ਤਿੜਕੇ, ਟੁੱਟੇ ਤੇ ਕਈ ਨਵੇਂ ਆਏ । ਫ਼ਰਕ ਤੇ ਜ਼ਰੂਰ ਏ ਨਾ ਸਾਡੇ ਦੋਂਹ ਵਿਚ । ਮੇਰੀ ਚਾਦਰ ਕਈ ਵਾਰ ਖੁੰਭੇ ਚੜ੍ਹੀ । ਧੋਬੀ ਨੀਲ ਲਾ ਕੇ ਚਿੱਟੀ ਕਰ ਦਿੰਦਾ ਏ। ਦਾਗ਼ ਛੁਪ ਜਾਂਦੇ ਹਨ ਦਾਗ਼ ਲੱਥਦੇ ਨਹੀਂ । ਕੁਝ ਫ਼ਰਕ ਤੇ ਹੋਇਆ ਨਾ ਮੇਰੇ ਤੇ ਇਹਦੇ ਵਿਚ ! ਜੇ ਫ਼ਰਕ ਨਾ ਹੋਵੇ ਤਾਂ ਐਨੀ ਆਕੜ ਨਹੀਂ ਆ ਸਕਦੀ। ਬਾਦਸ਼ਾਹ ਤੋਂ ਕੌਣ ਡਰਦਾ ਏ । ਬਾਦਸ਼ਾਹ ਅੱਜ ਰਿਹਾ ਕਲ੍ਹ ਨਾ ਰਿਹਾ। ਜੇ ਬਾਦਸ਼ਾਹ ਚਾਹੇ ਕਿ ਆਪਣੇ ਤਾਜ ਨੂੰ ਆਪਣੀ ਮਰਜੀ ਨਾਲ ਇਨ੍ਹਾਂ ਦੀ ਗੋਦੜੀ ਤੋਂ ਵਾਰ ਕੇ ਵੇਖ ਲਏ । ਜੇ ਇਹ ਮੌਜ ਵਿਚ ਨਾ ਹੋਣ ਤਾਂ ਤਾਜ ਨੂੰ ਠੁੱਡ ਮਾਰ ਕੇ ਪਰੇ ਸੁੱਟ ਦਿੰਦੇ ਹਨ । ਬਾਦਸ਼ਾਹ ਫ਼ਕੀਰਾਂ ਦੀ ਸਰਦਲ ਤੇ ਸਿਜਦਾ ਨਹੀਂ ਕਰ ਸਕਦਾ । ਫਿਰ ਮੈਂ ਬਾਦਸ਼ਾਹ ਕਾਹਦਾ ਹੋਇਆ ? ਅਸਲ ਵਿਚ ਬਾਦਸ਼ਾਹ ਇਹ ਹਨ । ਮੈਂ ਦਿਖਾਵੇ ਦਾ ਬਾਦਸ਼ਾਹ ਤੇ ਇਹ ਹਕੀਕੀ ਬਾਦਸ਼ਾਹ ਨੇ ।
—ਹੁਣ ਫਰਕ ਵੇਖਣਾ ਪਏਗਾ ਮੈਨੂੰ ਆਪਣੇ ਅੰਦਰ ਝਾਤੀ ਮਾਰਨੀ ਪਵੇਗੀ। ਮੈਨੂੰ ਤੇ ਇਹਨੂੰ ਇਕ ਤਕੜੀ 'ਚ ਜ਼ਰੂਰ ਤੁਲਣਾ ਪਵੇਗਾ ਤਾਂ ਪਤਾ ਲੱਗੇਗਾ ਕਿ ਕਿਸਦਾ ਛਾਬਾ ਭਾਰੀ ਹੈ । ਜਦੋਂ ਤੱਕੜੀ ਚੜ੍ਹ ਗਏ ਫਿਰ ਕਾਹਦਾ ਲਿਹਾਜ਼ । ਤੱਕੜੀ ਨੇ ਕਿਸੇ ਦੀ ਰਿਆਇਤ ਨਹੀਂ ਕਰਨੀ । ਬਾਦਸ਼ਾਹ ਤੋਂ ਤੱਕੜੀ ਨਹੀਂ ਡਰਨ ਲੱਗੀ। ਲੋਕ ਇਹ ਗੱਲ ਕਹਿ ਦੇਣ ਕਿ ਵੱਟਿਆਂ ਰਿਆਇਤ ਕਰ ਦਿੱਤੀ ਏ । ਵੱਟੇ ਤਾਂ ਪੱਥਰ ਦੇ ਹਨ ਜਿਨ੍ਹਾਂ ਬੋਲਣਾ ਨਹੀਂ ਜਿਨ੍ਹਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਉਹ ਕਿਉਂ ਚੜ੍ਹਨ ਦੋਜ਼ਖ ਦੀ ਪੌੜੀ । ਵੇਖਿਆ ਕਿੰਨਾ ਫ਼ਰਕ ਏ ? ਵਜ਼ਨ ਦੀ ਕੀਮਤ ਏ । ਪਰ ਜਿਨਸ ਆਪਣਾ ਮੁੱਲ ਆਪ ਪੁਆ ਲੈਂਦੀ ਹੈ । ਬੋਲ ਬਾਦਸ਼ਾਹ ਦੇ ਸਨ ।
—ਇਨ੍ਹਾਂ ਸੇਵਾਦਾਰਾਂ ਮਹਿਲ ਦੇ ਫਾਟਕ ਬੰਦ ਕਰ ਕੇ ਆਪਣੀ ਮੌਤ ਆਪ ਮੁੱਲ ਲੈ ਲਈ ਹੈ ।
—ਨਹੀਂ ! ਇਹਦੇ ਵਿਚ ਇਨ੍ਹਾਂ ਦਾ ਕੀ ਕਸੂਰ ! ਮਾਲਕ ਦਾ ਹੁਕਮ । ਨੌਕਰ ਦਾ ਕੰਮ ਏ