ਪਰੰਤੂ ਨੇਹਲ ਅਤੇ ਸੁਮਨ ਦਾ ਸਾਥ ਸਿਰਫ਼ ਸਨਿਚਰ ਅਤੇ ਐਤਵਾਰ ਨੂੰ ਹੀ ਸੰਭਵ ਸੀ। ਹਫ਼ਤੇ ਦੇ ਬਾਕੀ ਪੰਜ ਦਿਨ ਨੇਹਲ ਘਰ ਰਹਿੰਦੀ ਸੀ ਅਤੇ ਸ਼ੁਮਨ ਨੂੰ ਕਿਸੇ ਬੋਬੀ ਮਾਇੰਡਰ ਕੋਲ ਛਡਿਆ ਜਾਂਦਾ ਸੀ। ਸੁਮਨ ਦੀ ਮਾਤਾ, ਸੁਗੰਧਾ ਨੂੰ ਸਵੇਰੇ ਸੁਵੱਖਤੇ ਘਰੋਂ ਨਿਕਲ ਕੇ ਕੰਮ ਉੱਤੇ ਜਾਣਾ ਪੈਂਦਾ ਸੀ। ਉਸ ਦਾ ਹਸਪਤਾਲ ਜ਼ਰਾ ਦੂਰ ਸੀ, ਇਸ ਲਈ ਉਹ ਕਾਰ ਲੈ ਜਾਂਦੀ ਸੀ। ਉਸ ਨੂੰ ਆਪਣੇ ਕੰਮ ਵਿਚ ਵੀ ਕਾਰ ਦੀ ਲੋੜ ਪੈਂਦੀ ਸੀ। ਉਹ ਐੱਮ.ਬੀ.ਬੀ.ਐੱਸ ਚਾਇਲਡ ਸਪੈਸ਼ਲਿਸਟ ਸੀ, ਜਿਸ ਕਰਕੇ ਉਸ ਨੂੰ ਬੱਚਿਆਂ ਨੂੰ ਵੇਖਣ ਲਈ ਘਰਾਂ ਵਿਚ ਵੀ ਜਾਣਾ ਪੈਂਦਾ ਸੀ। ਕਾਰ ਉਸ ਲਈ ਜ਼ਰੂਰੀ ਸੀ। ਸ਼ਾਮ ਨੂੰ ਉਹ ਰਵੀ ਨਾਲੋਂ ਪਹਿਲਾਂ ਘਰ ਮੁੜ ਆਉਂਦੀ ਸੀ ਅਤੇ ਸੁਮਨ ਨੂੰ ਚਾਇਲਡ ਮਾਇੰਡਰ ਕੋਲੋਂ ਵਾਪਸ ਲਿਆਉਣ ਦਾ ਕੰਮ ਉਹ ਕਰਦੀ ਸੀ।
ਸੁਮਨ ਜਿੰਨੇ ਚਾਈਂ ਚਾਈਂ ਸ਼ਾਮ ਨੂੰ ਸੁਗੰਧਾ ਨਾਲ ਘਰ ਆਉਂਦੀ ਸੀ, ਓਨੇ ਚਾਅ ਨਾਲ ਸਵੇਰੇ ਬੇਬੀ ਮਾਇੰਡਰ ਕੋਲ ਜਾਣ ਲਈ ਤਿਆਰ ਨਹੀਂ ਸੀ ਹੁੰਦੀ। ਨੇਹਲ ਨਾਲ ਮਿੱਤ੍ਰਾ ਹੋ ਜਾਣ ਤੋਂ ਪਿਛੋਂ ਉਸ ਲਈ ਇਹ ਕੰਮ ਹੋਰ ਵੀ ਔਖਾ ਹੋ ਗਿਆ। ਇਕ ਦਿਨ ਕਿਸੇ ਕੰਮ ਲਈ ਮੈਂ ਘਰੋਂ ਬਾਹਰ ਨਿਕਲਿਆ ਖਲੋਤਾ ਸਾਂ ਕਿ ਨਰਸਰੀ ਜਾਣ ਲਈ ਮਿੰਨੀ ਕੈਬ (ਟੈਕਸੀ) ਵਿਚ ਬੈਠਣ ਲੱਗੀ ਸੁਮਨ ਨੇ ਮੈਨੂੰ ਵੇਖ ਲਿਆ। ਰਵੀ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਰਿਹਾ ਸੀ। ਇਸ ਤੋਂ ਪਹਿਲਾਂ ਕਿ ਉਹ ਟੈਕਸੀ ਕੋਲ ਆ ਕੇ ਸੁਮਨ ਨੂੰ ਉਸ ਵਿਚ ਬਿਠਾਉਂਦਾ, ਉਹ ਦੌੜ ਕੇ ਮੇਰੇ ਕੋਲ ਆ ਗਈ ਅਤੇ ਮੇਰੀਆਂ ਲੱਤਾਂ ਨੂੰ ਚੰਬੜ ਗਈ। ਉਸ ਦੇ ਪਿਤਾ ਨੇ ਉਸ ਨੂੰ ਆਪਣੇ ਨਾਲ ਆਉਣ ਲਈ ਬੁਲਾਇਆ ਤਾਂ ਉਸ ਨੇ ਮੇਰੀ ਲੱਤ ਨੂੰ ਹੋਰ ਵੀ ਘੁੱਟ ਕੇ ਫੜ ਲਿਆ। ਰਵੀ ਨੇ ਛੁਡਾਉਣ ਦਾ ਜਤਨ ਕੀਤਾ ਤਾਂ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ। ਪਿਉ ਧੀ ਵਿਚ ਥੋੜੀ ਜਹੀ ਕਸ਼-ਮਕਸ਼ ਹੋਈ। ਸੁਮਨ ਦੀ ਕੋਈ ਪੇਸ਼ ਨਾ ਗਈ। ਪਿਤਾ ਦੀਆਂ ਬਲਵਾਨ ਬਾਹਵਾਂ ਦੀ ਪਕੜ ਵਿੱਚੋਂ ਨਿਕਲ ਕੇ ਮੁੜ ਮੇਰੀਆਂ ਲੱਤਾਂ ਨੂੰ ਆ ਫੜਨਾ ਉਸ ਲਈ ਸੰਭਵ ਨਹੀਂ ਸੀ। ਪਰੰਤੂ ਆਪਣੇ ਪਿਤਾ ਦੇ ਮੋਢੇ ਉਤੋਂ ਉੱਲਰ ਉੱਲਰ ਕੇ, ਆਪਣੀਆਂ ਬਾਹਾਂ ਮੇਰੇ ਵੱਲ ਪਸਾਰ ਕੇ ਅਤੇ ਉੱਚੀ ਉੱਚੀ ਹੋ ਕੇ ਆਪਣੀ ਇੱਛਾ ਆਪਣੇ ਪਿਤਾ ਨੂੰ ਦੱਸਣੋਂ ਉਹ ਰੋਕੀ ਨਹੀਂ ਸੀ ਜਾ ਸਕਦੀ। ਪਿਤਾ ਉਸ ਦੀ ਗੱਲ ਨਹੀਂ ਸੀ ਮੰਨ ਸਕਦਾ। ਉਸ ਨੇ ਰਾਇਲ ਕੈਂਸਰ ਰੀਸਰਚ ਇੰਸਟੀਚਿਊਟ ਵਿਚ ਵੇਲੇ ਸਿਰ ਹਾਜ਼ਰ ਹੋਣਾ ਸੀ। ਬੇਸ਼ਕ ਉਹ ਫਲੈਕਸੀ ਟਾਇਮ ਉੱਤੇ ਕੰਮ ਕਰਦਾ ਸੀ ਤਾਂ ਵੀ ਦਸ ਵਜੇ ਤਕ ਕੰਮ ਉੱਤੇ ਪੁੱਜਣਾ ਜਰੂਰੀ ਸੀ।
ਆਂਢੀ ਗੁਆਂਢੀ ਉੱਚੀ ਉੱਚੀ ਰੋਂਦੀ ਸੁਮਨ ਨੂੰ ਆਪਣੀਆਂ ਖਿੜਕੀਆਂ ਦੇ ਸ਼ੀਸ਼ਿਆਂ ਵਿੱਚੋਂ ਵੇਖ ਰਹੇ ਸਨ। ਰਵੀ ਲਈ ਇਹ ਸਭ ਕੁਝ ਉਦਾਸੀ ਅਤੇ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਸੀ। ਏਥੋਂ ਤਕ ਕਿ ਉਸ ਸ਼ਾਮ ਨੂੰ ਕੰਮ ਤੋਂ ਵਾਪਸ ਆ ਕੇ ਉਹ