ਸੁਮਨ ਦੇ ਦਾਦਾ ਦਾਦੀ, ਹਰੀ ਭਾਈ ਅਤੇ ਉਨ੍ਹਾਂ ਦੀ ਪਤਨੀ, ਸੁਮਨ ਦੇ ਜਨਮ ਤੋਂ ਤਿੰਨ ਕੁ ਮਹੀਨੇ ਪਹਿਲਾਂ, ਆਪਣੇ ਨੂੰਹ ਪੁਤ ਨਾਲ ਨਾਰਾਜ਼ ਹੋ ਕੇ, ਕੋਂਸਲ ਦੇ ਫਲੈਟ ਵਿਚ ਰਹਿਣ ਲਈ ਚਲੇ ਗਏ ਸਨ। ਉਨ੍ਹਾਂ ਦੇ ਦੋ ਸਾਲ (ਉਨ੍ਹਾਂ ਦੇ ਕਹਿਣ ਅਨੁਸਾਰ) ਬਹੁਤ ਹੀ ਕਲੇਸ਼ ਵਿਚ ਬੀਤੇ ਸਨ। ਹਰੀ ਭਾਈ ਦੀ ਪਤਨੀ, ਉਨ੍ਹੀਂ ਦਿਨੀਂ ਆਪਣਾ ਦੁਖ ਹੋਣ ਲਈ ਮੇਰੀ ਘਰਵਾਲੀ ਕੋਲ ਆ ਬੈਠਦੀ ਸੀ। ਸਾਡੇ ਪਰਵਾਰ ਨਾਲ ਸੁਗੰਧਾ ਦਾ ਮੇਲ ਜੋਲ ਅਜੇ ਨਹੀਂ ਸੀ ਹੋਇਆ। ਇਕ ਦਿਨ ਮੈਂ ਹਰੀ ਭਾਈ ਦੀ ਪਤਨੀ ਨੂੰ ਇਹ ਕਹਿੰਦਿਆਂ ਸੁਣਿਆ, "ਡਾਕਟਰ ਹੈ ਤੋ ਕਿਆ ? ਹਮ ਨੇ ਕਿਆ ਚਾਟਨਾ ਹੈ ਇਸ ਕੀ ਡਾਕਟਰੀ ਕੋ। ਹਮਾਰਾ ਬੇਟਾ ਭੀ ਤੋ ਕੈਂਸਰ ਕੇ ਹਸਪਤਾਲ ਮੇਂ ਕਾਮ ਕਰਤਾ ਹੈ। ਇਸ ਸੋ ਜ਼ਿਆਦਾ ਤਨਖ਼ਾਹ ਭੀ ਲੇਤਾ ਹੈ। ਉਸ ਕੇ ਤੋਂ ਕਾਰ ਭੀ ਮਿਲੀ ਹੂਈ ਹੈ। ਇਸ ਕੇ ਪਾਸ ਕਿਆ ਹੈ ? ਬੱਸ, ਬਾਪ ਕੇ ਪੈਸੇ ਕਾ ਘਮੰਡ ਹੈ। ਸ਼ਾਮ ਕੇ ਘਰ ਆ ਕਰ ਉਪਰ ਕਮਰੇ ਮੈਂ ਚਲੀ ਜਾਤੀ ਹੈ। ਕਹਿਤੀ ਹੈ ਮੈਂ ਥੱਕ ਗਈ ਹੂੰ। ਘਰ ਕੇ ਕਾਮ ਕੇ ਹਾਥ ਨਹੀਂ ਲਗਾ। ਬਹਿਨ ਜੀ, ਹਮ ਨੇ ਭੀ ਤੋ ਕਾਮ ਕੀਆ ਹੈ। ਖਾਨਾ ਪਕਾਨਾ: ਸਫ਼ਾਈ ਕਰਨਾ; ਕਪੜੇ ਧੋਨਾ: ਔਰ ਸਾਸ ਕੇ ਪਾਓਂ ਭੀ ਦਬਾਨਾ। ਹਮਾਰੇ ਜੈਸਾ ਕੋਈ ਬਣ ਕਰ ਤੇ ਦਿਖਾਏ। ਯਿਹ ਤੋ ਹਮਾਰੇ ਲੜਕੇ ਨੇ ਆਪਨੀ ਪਸੰਦ ਸੇ ਸ਼ਾਦੀ ਕੀ ਹੈ, ਵਰਨਾ ਹਮ ਤੋ ਛੋਟੀ ਜਾਤ ਵਾਲੋਂ ਕੀ ਲੜਕੀ ਕੋ ਬਹੂ ਬਨਾ ਕਰ ਘਰ ਮੇਂ ਕਭੀ ਨਾ ਲਾਤੇ।"
ਪੜੋਸੀ ਹੋਣ ਦੇ ਨਾਤੇ ਅਸੀਂ ਰਵੀ ਦੀ ਸ਼ਾਦੀ ਵਿਚ ਸ਼ਾਮਲ ਹੋਏ ਸਾਂ। ਸੁਗੰਧਾ ਦੇ ਪਿਤਾ ਦਾ ਜ਼ੈਂਬੀਆ ਵਿਚ ਚੰਗਾ ਕਾਰੋਬਾਰ ਹੈ। ਉਸ ਦੇ ਸੰਬੰਧੀ ਏਥੇ ਲੰਡਨ ਵਿਚ ਵੀ ਵੱਸਦੇ ਹਨ। ਲੜਕੀ ਦੀ ਸ਼ਾਦੀ ਉਸ ਨੇ ਲੰਡਨ ਆ ਕੇ ਕੀਤੀ ਸੀ। ਆਪਣੀ ਹੈਸੀਅਤ ਨਾਲੋਂ ਵਧ ਚੜ੍ਹ ਕੇ ਉਸ ਨੇ ਕੁਝ ਨਹੀਂ ਸੀ ਕੀਤਾ ਤਾਂ ਵੀ ਸਾਰਾ ਪ੍ਰਬੰਧ ਏਨੀ ਪਰਬੀਨਤਾ ਅਤੇ ਸੁੰਦਰਤਾ ਨਾਲ ਕੀਤਾ ਸੀ ਕਿ ਸ਼ਾਦੀ ਵਿਚ ਸ਼ਾਮਲ ਸਾਰੇ ਲੋਕਾਂ ਨੇ ਰੱਜ ਕੇ ਵਾਹ- ਵਾਰ ਕੀਤੀ। ਹਰੀ ਭਾਈ ਆਪਣੇ ਨਾਲ ਆਏ ਬਰਾਤੀਆਂ ਵਲੋਂ ਆਪਣੇ ਕੁੜਮਾਂ ਦੀ ਵਡਿਆਈ ਸੁਣ ਕੇ "ਹੂੰ" "ਹਾਂ" ਤੋਂ ਵੱਧ ਕੁਝ ਨਹੀਂ ਸੀ ਕਹਿੰਦਾ। ਮੈਂ ਵੀ ਉਸ ਨੂੰ ਵਧਾਈ ਦੇਂਦਿਆਂ ਉਸ ਦੇ ਕੁੜਮਾਂ ਵੱਲੋਂ ਕੀਤੀ ਗਈ ਸੇਵਾ ਦੀ ਸਿਫ਼ਤ ਕੀਤੀ ਤਾਂ ਉਸ ਨੇ, ਜ਼ਰਾ ਕੁ ਇਕ ਪਾਸੇ ਹੋ ਕੇ, ਹੌਲੀ ਜਿਹੀ ਮੇਰੇ ਕੰਨ ਵਿਚ ਆਖਿਆ, "ਸਰਦਾਰ ਜੀ, ਯਿਹ ਸਭ ਕਰਨੇ ਸੇ ਕੋਈ ਬੜਾ ਨਹੀਂ ਬਨ ਜਾਤਾ। ਬੜਾ ਵੁਹ ਹੋਤਾ ਹੈ ਜਿਸੇ ਭਗਵਾਨ ਬੜਾ ਬਨਾਏ। ਹਮੇਂ ਤੋ ਹਮਾਰੇ ਬੇਟੇ ਨੇ ਝੁਕਾਅ ਦੀਆ ਵਰਨਾ ਹਮ ਯਿਹ ਸ਼ਾਦੀ ਕਭੀ ਨਾ ਕਰਤੇ।"
ਮੈਨੂੰ ਹਰੀ ਭਾਈ ਦੀ ਇਹ ਗੱਲ ਚੰਗੀ ਨਾ ਲੱਗੀ। ਮੈਂ ਜਾਣਦਾ ਸਾਂ ਕਿ ਮੈਨੂੰ ਓਪਰਾ ਸਮਝ ਕੇ ਉਸ ਨੇ ਆਪਣੇ ਮਨ ਦਾ ਭਾਰ ਹੌਲਾ ਕਰਨ ਦੀ ਹੁਸ਼ਿਆਰੀ ਕੀਤੀ ਸੀ, ਜਿਵੇਂ ਮੁਹੱਲੇ ਦੀ ਕਿਸੇ ਬੇ-ਆਬਾਦ ਵਲਗਣ ਵਿਚ ਆਪਣੇ ਘਰਾਂ ਦਾ ਕੂੜਾ ਸੁੱਟਣ ਦੀ 'ਸਿਆਣਪ' ਅਸੀਂ ਸਾਰੇ ਕਰ ਲੈਂਦੇ ਹਾਂ।
ਰਵੀ ਨੇ ਆਪਣੇ ਮਾਤਾ ਪਿਤਾ ਦੀ ਮਰਜ਼ੀ ਦੇ ਖ਼ਿਲਾਫ਼ ਸ਼ਾਦੀ ਕੀਤੀ ਸੀ। ਉਸ ਨੇ ਆਪਣਾ ਸੁੱਖ ਸਾਹਮਣੇ ਰੱਖਿਆ ਸੀ; ਆਪਣੇ ਮਾਤਾ ਪਿਤਾ ਦੀ ਮਾਣ ਮਰਿਆਦਾ