Back ArrowLogo
Info
Profile

ਸਿਕੰਦਰ

ਤਾਜ ਮਹਲ ਦੇ ਲਾਗਲੀ ਬਸਤੀ ਦਾ ਨਾਂ ਤਾਜ ਗੰਜ ਹੈ। ਟੈਣੀ ਰਾਮ ਏਸੋ ਬਸਤੀ ਦਾ ਵਸਨੀਕ ਸੀ। ਕੰਮ ਕਰਨ ਲਈ ਉਸ ਨੂੰ ਆਗਰਾ ਛਾਉਣੀ ਆਉਣਾ ਪੈਂਦਾ ਸੀ। ਸੱਠ-ਪੈਂਹਠ ਸਾਲਾਂ ਦੇ ਟੈਣੀ ਰਾਮ ਲਈ ਦਸ-ਬਾਰਾਂ ਮੀਲ ਰੋਜ਼ਾਨਾ ਪੈਦਲ ਤੁਰਨਾ ਔਖਾ ਕੰਮ ਸੀ। ਇਹ 'ਔਖਾ' ਕੰਮ ਗਰਮੀਆਂ ਦੀ ਰੁੱਤੇ 'ਬਹੁਤ ਔਖਾ' ਹੋ ਗਿਆ। ਸਿਆਣਾ ਬਿਆਣਾ ਆਦਮੀ ਚੰਨ ਫੜਨ ਦੀ ਕੋਸ਼ਿਸ਼ ਕਰਦਾ ਚੰਗਾ ਤਾਂ ਨਹੀਂ ਲੱਗਦਾ ਪਰ ਉਸ ਨੇ ਆਗਰਾ ਛਾਉਣੀ ਵਿਚ ਕੁਆਟਰ ਲਈ ਦਰਖ਼ਾਸਤ ਦੇ ਹੀ ਦਿੱਤੀ। ਉਸ ਦੀ ਦਰਖ਼ਾਸਤ ਉੱਤੇ ਗੌਰ ਕੀਤਾ ਗਿਆ ਤੇ ਆਫੀਸਰਜ਼ ਮੈਂਸ ਦੀ ਪੂਰਬੀ ਬਾਹੀ ਉੱਤੇ ਬਣੇ ਕੁਆਟਰਾਂ ਵਿੱਚੋਂ ਅੰਤਲਾ, ਕੁਆਟਰ ਨੰਬਰ ਚੌਦਾਂ, ਉਸ ਨੂੰ ਅਲਾਟ  ਕਰ ਦਿੱਤਾ ਗਿਆ। ਉਹ ਬਹੁਤ ਖੁਸ਼ ਸੀ।

ਇਸ ਮੈਂਸ ਵਿਚ ਰਹਿਣ ਵਾਲੇ ਜਾਂ 'ਰੱਖੇ ਹੋਏ' ਫ਼ੌਜੀ ਅਫ਼ਸਰਾਂ ਨੂੰ ਮੈਂਸ ਦੇ ਚੁਫੇਰੇ ਫੈਲੀ ਹੋਈ ਛੇ-ਸੱਤ ਏਕੜ ਜ਼ਮੀਨ ਉੱਤੇ ਵਿਛੇ ਹੋਏ ਘਾਹ ਅਤੇ ਘਾਹ ਉੱਤੇ ਪਲਸੋਟੋ ਮਾਰਦੀ ਨਿੰਮ ਦੇ ਰੁੱਖਾਂ ਦੀ ਛਾਂ ਵਿਚ ਕੋਈ ਦਿਲਚਸਪੀ ਨਹੀਂ ਸੀ । ਉਨ੍ਹਾਂ ਤੋਂ ਪਹਿਲਾਂ ਏਥੇ ਰਹਿਣ ਵਾਲੇ ਅੰਗ੍ਰੇਜ ਅਫ਼ਸਰਾਂ ਨੂੰ ਸ਼ਾਇਦ ਹੋਵੇ, ਪਰ ਉਹ ਸਮੇਂ ਬੀਤ ਚੁੱਕੇ ਸਨ। ਉਨ੍ਹੀਂ ਦਿਨੀਂ ਇਨ੍ਹਾਂ ਕੁਆਟਰਾ ਵਿਚ ਮਾਲੀ, ਮੋਚੀ, ਧੋਬੀ, ਰਸੋਈਏ ਅਤੇ ਸਦੀਸ ਆਦਿਕ ਕਈ ਪ੍ਰਕਾਰ ਦੇ ਨੌਕਰ ਚਾਕਰ ਰਹਿੰਦੇ ਸਨ। ਹੁਣ ਕੁਝ ਸਾਲਾਂ ਤੋਂ ਇਹ ਕੁਆਟਰ ਖਾਲੀ ਪਏ ਸਨ। ਫ਼ੌਜੀਆਂ ਵੱਲੋਂ ਫੈਮਿਲੀ ਕੁਆਟਰਾਂ ਦੀ ਵਧ ਰਹੀ ਮੰਗ ਨੂੰ ਮੁੱਖ ਰੱਖਦਿਆਂ ਇਨ੍ਹਾਂ ਨੂੰ ਸਰਵੈਂਟ ਕੁਆਟਰਜ਼ ਦੀ ਥਾਂ ਫੈਮਿਲੀ ਕੁਆਟਰਜ਼ ਦਾ ਦਰਜਾ ਦੇ ਕੇ ਵਰਤਣਾ ਸ਼ੁਰੂ ਕਰ ਦਿੱਤੇ ਜਾਣ ਨਾਲ ਆਗਰਾ ਛਾਉਣੀ ਵਿਚ ਫੈਮਿਲੀ ਕੁਆਟਰਾਂ ਦੀ ਕੁੱਲ ਗਿਣਤੀ ਇਕ ਸੌ ਸੱਤ ਹੋ ਗਈ।

ਕੁਆਟਰ ਨੰਬਰ ਚੌਦਾਂ ਟੈਣੀ ਰਾਮ ਨੂੰ ਅਲਾਟ ਕੀਤਾ ਜਾਣ ਉੱਤੇ ਬਾਕੀ ਕੁਆਟਰਾਂ ਵਿਚ ਵੱਸਦੇ ਫ਼ੌਜੀਆਂ ਨੂੰ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਬਹੁਤ ਨਾਰਾਜ਼ਗੀ ਹੋਈ। ਇਸ ਨਾਰਾਜ਼ਗੀ ਵਿਚ ਫ਼ੌਜੀ ਅਧਿਕਾਰੀਆਂ ਦੇ ਅਣਜਾਣਪੁਣੇ ਉੱਤੇ ਹੋਈ ਹੈਰਾਨੀ ਵੀ ਸ਼ਾਮਲ ਸੀ। 'ਵੇਖੋ ਜੀ, ਮੱਤ ਮਾਰੀ ਗਈ ਇਨ੍ਹਾਂ ਦੀ ਸਾਡੇ ਗੁਆਂਢ ਇਕ ਭੰਗੀ ਨੂੰ ਵਸਾ ਦਿੱਤਾ ਹੈ।' ਆਪੇ ਵਿਚ ਏਹੋ ਜਹੀਆਂ ਗੱਲਾਂ ਕਰਨ ਤੋਂ ਸਿਵਾ ਹੋਰ ਕੁਝ ਵੀ ਕਰਨ ਦੀ ਇਜਾਜ਼ਤ ਦੇਸ਼ ਦਾ ਕਾਨੂੰਨ ਨਹੀਂ ਸੀ ਦਿੰਦਾ। ਮੁਆਮਲਾ ਐਵੇਂ ਛੱਡਿਆ ਜਾਣ ਵਾਲਾ ਵੀ ਨਹੀਂ ਸੀ। ਸੋਚ ਵਿਚਾਰ ਕਰ ਕੇ ਸੀ.ਓ.ਡੀ. ਦੇ ਕਮਾਂਡੈਂਟ, ਕਰਨਲ ਐੱਚ.ਪੀ. ਰਾਏ ਨੂੰ ਇਕ ਦਰਖ਼ਾਸਤ ਦਿੱਤੀ ਜਾਣ ਦਾ ਫੈਸਲਾ ਹੋਇਆ। ਤੇਰਾਂ ਕੁਆਟਰਾਂ ਵਿਚ ਰਹਿਣ ਵਾਲੇ ਤੇਰਾਂ ਫ਼ੌਜੀਆਂ ਨੇ ਦਰਖ਼ਾਸਤ ਉੱਤੇ ਦਸਤਖ਼ਤ ਕੀਤੇ।

24 / 87
Previous
Next