ਕਰਨਲ ਸਾਹਿਬ ਨੇ ਫੈਸਲਾ ਸੁਣਾਇਆ, "ਮੈਂ ਤੁਹਾਡੇ ਇਤਰਾਜ਼ ਨੂੰ ਬਹੁਤ ਹੱਦ ਤਕ ਜਾਇਜ਼ ਸਮਝਦਾ ਹਾਂ। ਟੈਣੀ ਰਾਮ ਦੀ ਮੁਸ਼ਕਲ ਵੀ ਮੇਰੇ ਸਾਹਮਣੇ ਹੈ। ਮੇਰਾ ਹੁਕਮ ਹੈ ਕਿ ਕੁਆਟਰ ਨੰਬਰ ਚੌਦਾਂ ਦੇ ਸਾਹਮਣੇ, ਪੰਦਰਾਂ ਛੁਟ ਦੀ ਦੂਰੀ ਤਕ ਦਾ ਵਿਹੜਾ, ਸੱਤ ਫੁਟ ਉੱਚੀ ਦੀਵਾਰ ਨਾਲ ਵਲ ਕੇ ਵੱਖਰਾ ਕਰ ਦਿੱਤਾ ਜਾਵੇ। ਕੁਆਟਰ ਨੰਬਰ ਤੇਰਾ ਵਿਚ ਵੱਸਣ ਵਾਲੇ ਪੁੱਤੂ ਸਿੰਘ ਨੂੰ ਕਿਸੇ ਦੂਜੀ ਥਾਂ ਕੁਆਟਰ ਦਿੱਤਾ ਜਾਵੇ ਅਤੇ ਕੁਆਟਰ ਨੰਬਰ ਤੇਰਾਂ ਕਿਸੇ ਨੂੰ ਅਲਾਟ ਨਾ ਕੀਤਾ ਜਾਵੇ ਤਾਂ ਜੁ ਕਿਸੇ ਫ਼ੌਜੀ ਪਰਵਾਰ ਨੂੰ ਟੈਣੀ ਰਾਮ ਦੇ ਗੁਆਂਢ ਵਿਚ ਵੱਸਣ ਦੀ ਮਜਬੂਰੀ ਨਾ ਹੋਵੇ।"
ਫੈਸਲਾ ਫ਼ੌਜੀ ਸੀ, ਇਸ ਲਈ ਮੰਨਣਾ ਪਿਆ; ਖਿੜੇ ਮੱਥੇ ਪਰਵਾਨ ਕਿਸੇ ਨੂੰ ਵੀ ਨਹੀਂ ਸੀ। ਬਾਰਾਂ ਨੰਬਰ ਵਿਚ ਰਹਿਣ ਵਾਲੇ ਨਾਇਕ ਭੰਵਰ ਸਿੰਘ ਲਈ ਤਾਂ ਇਹ ਫ਼ੈਸਲਾ ਇਕ ਤਰ੍ਹਾਂ ਦੀ ਸਜ਼ਾ ਸੀ। ਉਹ ਕੁਝ ਨਹੀਂ ਸੀ ਕਰ ਸਕਦਾ; ਮੂੰਹ ਫੁਲਾਈ ਬੈਠਾ ਰਿਹਾ।
ਟੈਣੀ ਰਾਮ ਦੇ ਕੁਆਟਰ ਸਾਹਮਣੇ ਵਲਗਣ ਵਲ ਕੇ ਦਰਵਾਜ਼ਾ ਲਾ ਦਿੱਤਾ ਗਿਆ। ਉਸ ਦੇ ਕੁਆਟਰ ਤੋਂ ਦਸ ਕੁ ਫੁਟ ਦੀ ਦੂਰੀ ਉੱਤੇ ਦਸ ਟੁੱਟੀਆਂ ਬਣੀਆਂ ਹੋਈਆਂ ਸਨ ਜੋ ਫਲੱਬ ਸਿਸਟਮ ਨਹੀਂ ਸਨ। ਉਦੋਂ ਇਹ ਸਿਸਟਮ ਅਜੇ ਆਮ ਨਹੀਂ ਸੀ। ਇਨ੍ਹਾਂ ਦੀ ਸਫ਼ਾਈ ਲਈ ਹੀ ਟੈਣੀ ਰਾਮ ਨੂੰ ਏਥੇ ਰੱਖਿਆ ਗਿਆ ਸੀ।
ਟੈਣੀ ਰਾਮ ਨੂੰ ਇਹ ਜਾਣਨ ਵਿਚ ਬਹੁਤਾ ਚਿਰ ਨਾ ਲੱਗਾ ਕਿ ਚਾਰ ਨੰਬਰ ਵਿਚ ਰਹਿਣ ਵਾਲੀ ਔਰਤ ਬਾਕੀਆਂ ਨਾਲੋਂ ਇਸ ਗੱਲ ਵਿਚ ਵੱਖਰੀ ਹੈ ਕਿ ਆਦਮੀ ਦੇ ਚਲੋ ਜਾਣ ਪਿੱਛੋਂ ਔਰਤਾਂ ਦੀ ਕਿਸੇ ਢਾਣੀ ਵਿਚ ਬੈਠ ਕੇ ਏਧਰ ਓਧਰ ਦੀਆਂ ਗੱਲਾਂ ਕਰਨ ਦੀ ਥਾਂ ਆਪਣੇ ਘਰ ਵਿਚ, ਆਪਣੇ ਕਿਸੇ ਕੰਮ ਲੱਗੀ ਰਹਿੰਦੀ ਹੈ। ਇਸ ਹਾਲਤ ਦਾ ਲਾਭ ਲੈਂਦਿਆਂ ਹੋਇਆਂ ਇਕ ਦਿਨ ਉਸ ਨੇ 'ਬੀਬੀ ਜੀ, ਰਾਮ ਰਾਮ', ਆਣ ਆਖਿਆ। ਕੁਝ ਹੀ ਦਿਨਾਂ ਵਿਚ ਇਹ 'ਬੀਬੀ ਜੀ, ਰਾਮ ਰਾਮ' ਲੰਮੇ ਚੌੜੇ ਵਾਰਤਾਲਾਪਾਂ ਦਾ ਰੂਪ ਧਾਰ ਗਈ ਅਤੇ ਸਾਨੂੰ ਇਹ ਪਤਾ ਹੀ ਨਾ ਲੱਗਾ ਕਿ ਇਹ ਵਾਰਤਾਲਾਪ ਕਦੋਂ ਅਤੇ ਕਿਵੇਂ ਆਪਸੀ ਸਾਂਝ ਅਤੇ ਸਹਾਇਤਾ ਵਿਚ ਬਦਲ ਗਏ। ਕੁਝ ਕੁ ਐਤਵਾਰਾਂ ਦੀ ਸਾਂਝੀ ਮਿਹਨਤ ਨਾਲ ਸਾਡੇ ਕੁਆਟਰ ਦੇ ਸਾਹਮਣੇ ਪੰਜਾਹ ਕੁ ਛੂਟ ਲੰਮੀ ਅਤੇ ਪੰਦਰਾਂ ਛੂਟ ਚੌੜੀ ਥਾਂ ਫੁੱਲ ਅਤੇ ਸਬਜ਼ੀਆਂ ਲਾਉਣ ਲਈ ਤਿਆਰ ਹੋ ਗਈ।