ਉਸ ਨੇ ਚੂੜੀਆਂ ਜੇਬ ਵਿੱਚੋਂ ਕੱਢ ਕੇ ਵਿਖਾਈਆਂ।
"ਰੀਤੂ ਕੀ ਸਸੁਰਾਲ ਵਾਲੇ ਆਜ ਕੱਲ ਲਖਨਊ ਰਹਿਤੇ ਹੈਂ। ਉਨ ਕਾ ਪਤਾ ਮੁਝੇ ਮਾਲੂਮ ਨਹੀਂ। ਅਬ ਅਗਰ ਉਨ ਕੇ ਢੂੰਡ ਭੀ ਨੂੰ ਤੋ ਕਿਆ ਫਾਇਦਾ, ਬੇਟੀ ? ਕਿਆ ਮਾਲੂਮ ਵੁਹ ਚੂੜੀਆਂ ਏਂ ਯਾ ਨਾ ਲੈਂ; ਅਗਰ ਲੈ ਤੋ ਕਿਆ ਸੋਚੋਂ, ਕਿਆ ਕਹੋਂ ਕੁੱਛ ਪਤਾ ਨਹੀਂ। ਯਿਹ ਚੂੜੀਆਂ ਤੁਮ ਲੋ ਲੋ, ਸੇਟੀ," ਕਹਿ ਕੇ ਉਸ ਨੇ ਚੂੜੀਆਂ ਮੇਰੇ ਘਰ ਵਾਲੀ ਵੱਲ ਵਧਾਈਆਂ। ਆਪਣੇ ਉੱਚੇ ਸਮਾਜਕ ਸਥਾਨ ਉੱਤੇ ਬੈਠੀ ਮੇਰੇ ਘਰ ਵਾਲੀ ਨੇ ਕਿਹਾ, "ਨਹੀਂ, ਨਹੀਂ, ਬਾਬਾ, ਮੈਂ ਇਨ ਕਾ ਕਿਆ ਕਰੂੰਗੀ ?"
ਟੈਣੀ ਰਾਮ ਮੂੰਹ ਖੋਲ੍ਹੀ, ਹੈਰਾਨ ਹੋਈ ਮੇਰੇ ਘਰ ਵਾਲੀ ਵੱਲ ਵੇਖਣ ਲੱਗ ਪਿਆ। ਉਸ ਦੀ ਤੱਕਣੀ ਕਹਿ ਰਹੀ ਸੀ ਕਿ ਉਸ ਨੂੰ ਅਜੇਹੇ ਉੱਤਰ ਦੀ ਆਸ ਨਹੀਂ ਸੀ। ਉਹ ਦੁਨੀਆਂ ਕੋਲੋਂ ਕਿਹੋ ਜਹੀ ਆਸ ਰੱਖਦਾ ਸੀ ਇਸ ਬਾਰੇ ਸੋਚਣ ਦੀ ਲੋੜ ਕੋਈ ਕਿਉਂ ਮਹਿਸੂਸ ਕਰਦਾ।
ਪੰਦਰਾਂ ਅਗਸਤ ਨੇੜੇ ਆ ਰਹੀ ਸੀ। ਹਰ ਸਾਲ ਵਾਂਗ ਸਾਰੇ ਫੈਮਿਲੀ ਕੁਆਟਰਾਂ ਦੀ ਇਨਸਪੈਕਸ਼ਨ ਹੋਣੀ ਸੀ ਅਤੇ ਸਭ ਤੋਂ ਵੱਧ ਸਾਫ਼ ਸੁਥਰੇ ਘਰ ਨੂੰ ਪੰਜ ਸੌ ਰੁਪਏ ਨਕਦ ਇਨਾਮ ਅਤੇ ਇਕ ਸ਼ੀਲਡ ਦਿੱਤੀ ਜਾਣੀ ਸੀ। ਜੁਲਾਈ ਤੋਂ ਹੀ ਸਾਰੇ ਪਰਵਾਰ ਆਪੇ ਆਪਣੇ ਕੁਆਟਰਾਂ ਨੂੰ ਸੁਆਰਨਾ ਸ਼ਿੰਗਾਰਨਾ ਸ਼ੁਰੂ ਕਰ ਦਿੰਦੇ ਸਨ। ਆਗਰਾ ਛਾਉਣੀ ਵਿਚ ਏਧਰ ਓਧਰ ਫੈਲੇ ਹੋਏ ਸਾਰੇ ਕੁਆਟਰਾਂ ਦੀ ਕਾਇਆ ਕਲਪ ਹੋ ਜਾਂਦੀ ਸੀ। ਇਸ ਸਾਲ ਜਦੋਂ ਇਹ ਕੰਮ ਸ਼ੁਰੂ ਹੋਇਆ ਤਾਂ ਟੈਣੀ ਰਾਮ ਇਹ ਸਾਰੀ ਹਫੜਾ ਦਫੜੀ ਵੇਖ ਕੇ ਹੈਰਾਨ ਹੋ ਰਿਹਾ ਸੀ। ਇਕ ਸੌ ਸੱਤ ਕੁਆਟਰਾਂ ਦੀ ਸਫ਼ਾਈ ਅਤੇ ਸਜਾਵਟ ਦਾ ਮੁਆਮਲਾ ਸੀ; ਕੋਈ ਨਿੱਕੀ ਜਹੀ ਗੱਲ ਨਹੀਂ ਸੀ। ਆਫ਼ੀਸਰਜ਼ ਮੈੱਸ ਲਾਗਲੇ ਘਰ ਪਹਿਲੀ ਵੇਰ ਇਸ ਮੁਕਾਬਲੇ ਵਿਚ ਸ਼ਾਮਲ ਹੋ ਰਹੇ ਸਨ। ਇਥੇ ਰਹਿਣ ਵਾਲੇ ਪਰਵਾਰ ਦੂਜੀਆਂ ਲਾਇਨਾਂ ਵਿਚ ਵੱਸਣ ਵਾਲਿਆਂ ਨੂੰ ਪੁੱਛ ਰਹੇ ਸਨ ਕਿ ਕੀ ਕੁਝ ਕੀਤਾ ਜਾਣ ਦੀ ਲੋੜ ਹੁੰਦੀ ਹੈ। ਨੌਂ ਅਤੇ ਦਸ ਅਗਸਤ ਇਨਸਪੈਕਸ਼ਨ ਲਈ ਥਾਪੇ ਗਏ। ਪੰਦਰਾਂ ਅਗਸਤ ਵਾਲੀ ਵੱਡੀ ਪਰੋਡ ਉੱਤੇ ਇਨਾਮ ਦਿੱਤਾ ਜਾਣਾ ਸੀ। ਕਰਨਲ ਸਾਹਿਬ ਆਪ ਪੰਜ ਮੈਂਬਰੀ ਇਨਸਪੈਕਸ਼ਨ ਟੀਮ ਦੇ ਹੈੱਡ ਸਨ। ਜਿਸ ਲਾਇਨ ਦੀ ਇਨਸਪੈਕਸ਼ਨ ਹੋਣੀ ਹੋਵੇ ਉਸ ਵਿਚ ਵੱਸਣ ਵਾਲਿਆਂ ਦੇ ਦੋ ਮੈਂਬਰ ਮੌਕੇ ਉੱਤੇ ਚੁਣ ਲਏ ਜਾਂਦੇ ਸਨ । ਸਾਡੇ ਘਰ ਸਾਹਮਣੇ ਬਣੇ ਬਗ਼ੀਚੇ ਦੀ ਕਿਰਪਾ ਨਾਲ ਮੈਨੂੰ ਉਨ੍ਹਾਂ ਵਿਚ ਚੁਣ ਲਿਆ ਗਿਆ।
ਬਾਰਾਂ ਕੁਆਟਰਾਂ ਦੀ ਇਨਸਪੈਕਸ਼ਨ ਹੋ ਗਈ। ਸਾਰੇ ਮੈਂਬਰਾਂ ਨੇ ਆਪੋ ਆਪਣੀ ਪਸੰਦ ਅਤੇ ਸੂਝ ਅਨੁਸਾਰ ਨੰਬਰ ਦੇ ਦਿੱਤੇ। ਤੇਰ੍ਹਵਾਂ ਕੁਆਟਰ ਖ਼ਾਲੀ ਸੀ। ਟੀਮ ਦੇ ਮੈਂਬਰ ਪਿੱਛੇ ਮੁੜਨਾ ਚਾਹੁੰਦੇ ਸਨ ਕਿ ਕਰਨਲ ਸਾਹਿਬ ਨੇ ਟੈਣੀ ਰਾਮ ਦੇ ਕੁਆਟਰ ਦਾ ਦਰਵਾਜ਼ਾ ਜਾ ਖੜਕਾਇਆ। ਜਦੋਂ ਤਕ ਟੈਣੀ ਰਾਮ ਨੇ ਦਰਵਾਜ਼ਾ ਖੋਲ੍ਹਿਆ ਅਸੀਂ ਸਾਰੇ ਕਰਨਲ ਸਾਹਿਬ ਦੇ ਪਿੱਛੇ ਪੁੱਜ ਚੁੱਕੇ ਸਾਂ। ਦਰਵਾਜ਼ਾ ਕੀ ਖੁਲਿਆ ਸੱਤ ਮਹਾਂਦੀਪਾਂ ਦੀ ਸਮੁੱਚੀ ਸੁੰਦਰਤਾ ਬੇ-ਨਕਾਬ ਹੋ ਗਈ। ਇਹ ਵਿਹੜਾ ਸੀ ਜਾਂ ਜੰਨਤ ਦਾ ਕੋਈ ਕੋਨਾ ਕੁਆਟਰ ਦੀ ਇਨਸਪੈਕਸ਼ਨ ਕਰਨ ਦੀ ਕਠੋਰਤਾ ਕਰ ਕੇ ਸੁੰਦਰਤਾ ਦੀ ਦੋਵੀ ਦਾ ਨਿਰਾਦਰ ਕਰਨ ਦੀ ਨਾਦਾਨੀ ਕਰਨਲ ਸਾਹਿਬ ਨੇ ਨਾ ਕੀਤੀ। ਦਰਵਾਜ਼ੇ ਵਿੱਚੋਂ ਹੀ ਪਿੱਛੇ ਮੁੜ ਗਏ।