ਪੰਦਰਾਂ ਅਗਸਤ ਵਾਲੇ ਦਿਨ ਛੇੜ ਹਜ਼ਾਰ ਫ਼ੌਜੀਆਂ ਅਤੇ ਕਈ ਹਜ਼ਾਰ ਸ਼ਹਿਰੀ ਦਰਸ਼ਕਾਂ ਦੀ ਹਾਜ਼ਰੀ ਵਿਚ ਟੈਣੀ ਰਾਮ ਦੇ ਕੁਆਟਰ ਨੂੰ ਅੱਵਲ ਐਲਾਨਿਆ ਗਿਆ। ਕੰਬਦਾ ਕੰਬਦਾ ਟੈਣੀ ਰਾਮ ਪੰਜ ਸੌ ਰੁਪਏ ਅਤੇ ਸ਼ੀਲਡ ਲੈਣ ਲਈ ਕਰਨਲ ਸਾਹਿਬ ਦੇ ਸਾਹਮਣੇ ਆਇਆ। ਕਰਨਲ ਸਾਹਿਬ ਨੇ ਰੁਪਿਆ ਵਾਲਾ ਲਿਫ਼ਾਫ਼ਾ ਅਤੇ ਸ਼ੀਲਡ ਉਸ ਨੂੰ ਦੇ ਕੇ ਦੋ ਕਦਮ ਪਿੱਛੇ ਹਟ ਕੇ ਫ਼ੌਜੀ ਸਲੂਟ ਕੀਤਾ । ਸਾਰੀ ਉਮਰ ਦੋਸਤੀ ਅਤੇ ਦਾਦ ਲਈ ਤਰਸਦਾ ਰਿਹਾ ਸੀ ਟੈਣੀ ਰਾਮ। ਅੱਜ ਅਚਾਨਕ ਮਿਲੀ ਏਨੀ ਵੱਡੀ ਪ੍ਰਸ਼ੰਸਾ ਦਾ ਭਾਰ ਉਸ ਕੋਲੋਂ ਚੁੱਕਿਆ ਨਾ ਗਿਆ। ਕਰਨਲ ਸਾਹਿਬ ਦਾ ਹੱਥ ਅਜੇ ਮੱਥੇ ਕੋਲ ਹੀ ਸੀ ਕਿ ਟੈਣੀ ਰਾਮ ਧੜ੍ਹੰਮ ਕਰ ਕੇ ਡਿੱਗ ਪਿਆ। ਫ਼ੌਜੀ ਡਾਕਟਰ ਨੇ ਛੇਤੀ ਨਾਲ ਆ ਕੇ ਜਾਂਚ ਕੀਤੀ ਅਤੇ ਆਪਣੇ ਸਿਰ ਤੋਂ ਟੋਪੀ ਲਾਹ ਕੇ ਸਿਰ ਝੁਕਾ ਲਿਆ। ਇਨਾਮੀ ਸ਼ੀਲਡ ਨੂੰ ਸੀਨੇ ਨਾਲ ਲਾਈ ਅਹਿਲ ਪਿਆ ਸੀ ਟੈਣੀ ਰਾਮ । ਪੱਥਰ ਹੋਈ ਭੀੜ ਨੂੰ ਸੰਬੋਧਨ ਕਰ ਕੇ ਕਰਨਲ ਸਾਹਿਬ ਨੇ ਆਖਿਆ, "ਹਮਾਰੀ ਦੁਨੀਆਂ ਕੇ ਛੇੜ ਕਰ ਜਾਨੇ ਵਾਲਾ ਯਿਹ ਆਦਮੀ ਕਿਸੀ ਸੈਨਾ ਕਾ ਸੈਨਾਪਤੀ ਯਾ ਸਾਰੀ ਦੁਨੀਆਂ ਕੇ ਜੀਤਨੇ ਵਾਲਾ ਸਿਕੰਦਰ ਨਹੀਂ ਹੈ; ਸ਼ਾਇਦ ਇਸੀ ਲੀਏ ਯਿਹ ਖ਼ਾਲੀ ਹਾਥ ਨਹੀਂ ਗਯਾ।"