ਰੂਪ ਲਾਲ
ਰੀਟਾਇਰ ਹੋ ਗਿਆ ਹਾਂ; ਜੀਵਨ ਵਿਚ ਵਿਹਲ ਵਧ ਗਈ ਹੈ; ਉਮਰ ਦਾ ਤਕਾਜ਼ਾ ਵੀ ਹੈ; ਬੀਤੇ ਜੀਵਨ ਦੀਆਂ ਯਾਦਾਂ ਦੀ ਆਵਾਜਾਈ ਆਮ ਹੋ ਗਈ ਹੈ। ਪਰ ਰੂਪ ਲਾਲ ਦੀ ਯਾਦ ਕੇਵਲ ਉਪਰੋਕਤ ਕਾਰਨਾਂ ਕਰ ਕੇ ਨਹੀਂ ਆਈ। ਅੱਜ ਟੈਲੀਵਿਯਨ ਸਾਹਮਣੇ ਬੈਠਾ ਮਹਾਂਭਾਰਤ ਵੇਖ ਰਿਹਾ ਸਾਂ । ਕੁਰੂਕਸ਼ੇਤ੍ਰੁ ਵਿਚ ਪਾਂਡਵਾਂ ਅਤੇ ਕਰਵਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਖਲੋਤੀਆਂ ਸਨ। ਦੋਹਾਂ ਪਾਸਿਆਂ ਦੇ ਸੈਨਿਕ ਯੋਧੇ ਆਪੋ-ਆਪਣੇ ਸੈਨਾਪਤੀ ਦੇ ਸ਼ੰਖ-ਨਾਦ ਦੀ ਉਡੀਕ ਵਿਚ ਸਨ ਕਿ ਅਰਜੁਣ ਨੇ ਆਪਣਾ ਤੀਰ ਕਮਾਨ ਭਗਵਾਨ ਕ੍ਰਿਸ਼ਨ ਦੇ ਪੈਰਾਂ ਵਿਚ ਰੱਖ ਕੇ ਲੜਨ ਤੋਂ ਇਨਕਾਰ ਕਰ ਦਿੱਤਾ । ਕਾਰਨ ਪੁੱਛਿਆ ਜਾਣ ਉੱਤੇ ਉਸ ਨੇ ਦੱਸਿਆ ਕਿ ਆਪਣੇ ਸਕੇ-ਸੰਬੰਧੀਆਂ, ਗੁਰੂਆਂ ਅਤੇ ਗੁਰੂ-ਜਨਾਂ, ਵਿਸ਼ੇਸ਼ ਕਰਕੇ ਗੁਰੂ ਦ੍ਰੋਣਾਚਾਰੀਆ ਅਤੇ ਪਿਤਾਮਾ ਭੀਸ਼ਮ ਵਰਗੇ ਪੂਜ ਵਿਅਕਤੀਆਂ ਦੀ ਹਾਰ ਅਤੇ ਹੱਤਿਆ ਦੇ ਮੁੱਲੋਂ, ਉਹ ਕੋਈ ਜਿੱਤ ਖ਼ਰੀਦਣ ਦੇ ਹੱਕ ਵਿਚ ਨਹੀਂ।
ਆਪਣੇ ਭਰਾਵਾਂ ਅਤੇ ਗੁਰੂ-ਜਨਾਂ ਲਈ ਅਰਜੁਣ ਦੇ ਮਨ ਵਿਚ ਉਪਜੇ ਪਿਆਰ ਅਤੇ ਸਤਿਕਾਰ ਨੂੰ ਭਗਵਾਨ ਕ੍ਰਿਸ਼ਨ ਨੇ ਉਸ ਦਾ ਮੋਹ ਅਤੇ ਅਗਿਆਨ ਆਖਿਆ। ਉਸ ਦੇ ਸੰਸਾਰਕ ਮਨ ਵਿਚ ਜਾਗੀ ਹੋਈ ਸਤੋਗੁਣੀ ਮਰਦਾਨਗੀ ਨੂੰ ਆਪਣੀ ਰਜੋਗੁਣੀ ਰੂਹਾਨੀਅਤ ਦੇ ਮੰਚ ਉੱਤੇ ਖੜੇ ਹੋ ਕੇ, ਉਸ ਦੀ ਨਾਮਰਦੀ ਅਤੇ ਨਿਪੁੰਸਕਤਾ ਦੱਸਦੇ ਹੋਏ ਭਗਵਾਨ ਕ੍ਰਿਸ਼ਨ ਅਰਜੁਣ ਨੂੰ ਕਹਿ ਰਹੇ ਸਨ ਕਿ ਉਸ ਨੂੰ ਨਤੀਜੇ ਜਾਂ ਫਲ ਬਾਰੇ ਸੋਚੇ ਬਿਨਾਂ ਕਰਮ ਕਰੀ ਜਾਣਾ ਚਾਹੀਦਾ ਹੈ। ਭਗਵਾਨ ਕ੍ਰਿਸ਼ਨ ਦੀ ਆਗਿਆ ਦਾ ਪਾਲਣ ਕਰਦਿਆਂ ਹੋਇਆਂ ਅਰਜੁਣ ਨੇ ਗਾਂਡੀਵ ਧਨੁਸ਼ ਚੁੱਕਿਆ ਅਤੇ ਸ਼ਿਖੰਡੀ ਦੇ ਰੂਪ ਵਿਚ ਸਾਹਮਣੇ ਪਲੋਤੀ ਨਾਰਾਇਣੀ ਨਿਪੁੰਸਕਤਾ ਦੀ ਆੜ ਲੈ ਕੇ ਆਪਣੇ ਪ੍ਰਿਯ ਪਿਤਾਮਾ ਭੀਸ਼ਮ ਦੀ ਵਿਸ਼ਾਲ ਕਾਇਆ ਵਿਚ ਅਨੇਕ ਤੀਰ ਗੱਡ ਦਿੱਤੇ।
ਇਹ ਦ੍ਰਿਸ਼ ਵੇਖ ਕੇ ਮੈਨੂੰ ਰੂਪ ਲਾਲ ਦੀ ਯਾਦ ਆਈ।
ਛੇਵੀਂ ਜਮਾਤ ਵਿਚ ਦੋ ਸਾਲ ਲਾ ਕੇ ਰੂਪ ਲਾਲ ਸਤਵੀਂ ਜਮਾਤੇ ਚੜ੍ਹਿਆ ਸੀ। ਸਤਵੀਂ ਜਮਾਤ ਵਿਚ ਉਸ ਦਾ ਦੂਜਾ ਸਾਲ ਸੀ ਜਦੋਂ ਮੈਂ ਉਸ ਦਾ ਜਮਾਤੀ ਬਣਿਆ। ਪਤਲਾ ਲੰਮਾ ਅਤੇ ਮਾੜਕੂ ਜਿਹਾ ਰੂਪ ਲਾਲ ਠਾਣੇਵਾਲੀਏ ਗੰਗਾ ਰਾਮ ਦਾ ਪੁੱਤ੍ਰ ਸੀ। ਛੇਵੀਂ ਅਤੇ ਸਤਵੀਂ ਵਿੱਚੋਂ ਦੇ ਵੇਰ ਫੇਲ੍ਹ ਹੋਣ ਕਰ ਕੇ ਉਸ ਨੂੰ ਕਈ ਨੁਕਸਾਨ ਹੋਏ ਸਨ। ਸ਼ਰਮਿੰਦਗੀ ਅਤੇ ਨਿਰਾਸ਼ਾ ਦੇ ਨਾਲ ਨਾਲ ਹਰ ਮਜ਼ਮੂਨ ਦੇ ਅਧਿਆਪਕ ਨੇ ਉਸ ਨੂੰ ਸਰੀਰਕ ਸਜ਼ਾ ਵੀ ਦਿੱਤੀ ਸੀ। ਉਸ ਦੇ ਪਿਤਾ ਵੱਲੋਂ ਵੀ ਉਸ ਦੀ ਚੋਖੀ ਝਾੜ-ਝੰਭ ਹੋਈ ਸੀ। ਚਹੁੰ ਜਮਾਤਾਂ ਵਾਲੇ ਐਂਗਲੋ ਵਰਨੈਕੁਲਰ ਖ਼ਾਲਸਾ ਮਿਡਲ ਸਕੂਲ ਵਿਚ ਉਹ