ਕੁਝ ਚਿਰ ਖੜਾ ਰਹਿ ਕੇ ਰੂਪ ਲਾਲ ਨੇ ਆਖਿਆ, "ਬਾਬਾ ਜੀ, ਨਮੱਸਰੇ।” "ਆ ਬਈ ਰੂਪ ਲਾਲ, ਕਿਵੇਂ ਆਇਆ ਏਂ ? ਅੰਦਰ ਲੰਘ ਆ।"
"ਭਾਪੇ ਦੀ ਦਵਾਈ ਲੈਣ ਆਇਆ, ਜੀ," ਜੁੱਤੀ ਲਾਹ ਕੇ ਅੰਦਰ ਵੜਦਿਆਂ ਰੂਪ ਲਾਲ ਨੇ ਉੱਤਰ ਦਿੱਤਾ।
"ਕੀ ਹਾਲ ਏ ਗੰਗਾ ਰਾਮ ਦਾ ? ਬਸਤਾ ਏਥੇ ਰੱਖ ਦੇ। ਸਿੱਧਾ ਸਕੂਲੋਂ ਆਇਆ ਤੂੰ। ਔਹ ਸੁਰਾਹੀ ਵਿੱਚੋਂ ਠੰਢਾ ਪਾਣੀ ਪੀ ਲੈ।"
"ਅੱਗੇ ਨਾਲੋਂ ਠੀਕ ਆ ਬਾਬਾ ਜੀ," ਸੁਰਾਹੀ ਵਿੱਚੋਂ ਪਾਣੀ ਪਾਉਂਦਿਆਂ ਰੂਪ ਲਾਲ ਨੇ ਆਪਣੇ ਪਿਤਾ ਦਾ ਹਾਲ ਦੱਸਿਆ।
ਜਦੋਂ ਰੂਪ ਲਾਲ ਸੁਰਾਹੀ ਵਿੱਚੋਂ ਪਾਣੀ ਪਾ ਰਿਹਾ ਸੀ, ਉਦੋਂ ਸਾਂਝੀ ਰਾਮ ਜੀ ਨੇ ਉਸ ਦੇ ਬਸਤੇ ਵਿੱਚੋਂ ਉਰਦੂ ਕਿਤਾਬ ਕੱਢਦਿਆਂ ਆਖਿਆ, "ਲਿਆ ਖਾਂ ਜ਼ਰਾ ਵੇਖੀਏ ਅੱਜ ਕੱਲ ਕਿਹੜੀਆ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਨੇ । ਸਾਡੇ ਵੇਲੇ ਗੁਲਿਸਤਾਂ ਬੋਸਤਾਂ ਪੜ੍ਹਾਈ ਜਾਂਦੀ ਸੀ। ਵਾਹ ਕੇਹਾ ਸੁਹਣਾ ਨਾਂ ਹੈ, ਮੁਰੱਕਾ ਅਦਬ। ਤੈਨੂੰ ਪਤਾ, ਰੂਪ ਲਾਲ, ਮੁਰੱਕਾ ਕਿਸ ਨੂੰ ਆਖਦੇ ਹਨ ? ਤਸਵੀਰਾਂ ਰੱਖਣ ਵਾਲੀ ਕਿਤਾਬ ਨੂੰ ਮੁਰੱਕਾ ਕਹਿੰਦੇ ਹਨ। ਅੰਗਰੇਜ਼ੀ ਵਿਚ ਉਸ ਨੂੰ ਐਲਬਮ ਆਖਿਆ ਜਾਂਦਾ। ਤੈਨੂੰ ਕਿਵੇਂ ਪਤਾ ਲੱਗ ਸਕਦਾ ਗੰਗਾ ਰਾਮ ਨੇ ਕਦੇ ਤਸਵੀਰ ਖਿਚਾਈ ਹੋਵੇ, ਤਾਂ ਨਾ ।"
ਉਹ ਕਿਤਾਬ ਫੋਲਦੇ ਹੋਏ ਗੱਲਾਂ ਕਰਦੇ ਗਏ, "ਵਾਹ ਇਸ ਕਿਤਾਬ ਵਿਚਲੇ ਮਜ਼ਮੂਨ ਅਤੇ ਕਹਾਣੀਆਂ ਵਾਕਈ ਅਦਬ ਦੀਆਂ ਤਸਵੀਰਾਂ ਹਨ। ਤੈਨੂੰ ਅਦਬ ਦਾ ਪਤਾ ਏ, ਰੂਪ ਲਾਲ ? ਉਹ ਅਦਬ ਹੋਰ ਏ ਜਿਹੜਾ ਤੂੰ ਆਪਣੇ ਪਿਤਾ ਦਾ ਅਤੇ ਆਪਣੇ ਉਸਤਾਦਾਂ ਦਾ ਕਰਨਾ ਏਂ। ਇਸ ਅਦਬ ਦੇ ਮਾਅਨੇ ਹਨ-ਇਲਮ, ਵਿਦਿਆ। ਇਹ ਕਿਤਾਬ ਵਾਕਈ ਇਲਮ ਦੀਆਂ ਤਸਵੀਰਾਂ ਦੀ ਐਲਬਮ ਹੈ; ਅਦਬ ਦੀ ਐਲਬਮ।" ਕਿਤਾਬ ਰੱਖ ਕੇ ਉਨ੍ਹਾਂ ਨੇ ਪੁੜੀਆਂ ਬੰਨ੍ਹ ਦਿੱਤੀਆਂ। ਰੂਪ ਲਾਲ ਦਵਾਈ ਲੈਣ ਗਿਆ 'ਮੁਰੱਕਾ ਅਦਬ' ਦੇ ਮਾਅਨਿਆਂ ਦਾ ਡੂੰਗਾ ਵੀ ਲੈ ਆਇਆ।
ਇਨਸਪੈਕਸ਼ਨ ਹੋ ਗਈ। ਅਗਲੇ ਦਿਨ ਮਾਸਟਰ ਤੇਜਿੰਦਰ ਸਿੰਘ ਜੀ, ਉਰਦੂ ਦੀ ਘੰਟੀ, ਗੁੱਸੇ ਨਾਲ ਭਰੇ ਪੀਤੇ ਸਾਡੀ ਜਮਾਤ ਦੇ ਕਮਰੇ ਵਿਚ ਦਾਖ਼ਲ ਹੋਏ। ਉਨ੍ਹਾਂ ਨੇ ਆਉਂਦਿਆਂ ਹੀ ਆਖਿਆ, "ਜਿਸ ਨੂੰ ਮੁਰੱਕਾ ਅਦਬ ਦੇ ਮਾਅਨੇ ਨਹੀਂ ਆਉਂਦੇ, ਉਹ ਬੈਂਚ ਉੱਤੇ ਖੜਾ ਹੋ ਜਾਵੇ ।" ਸਾਰੀ ਜਮਾਤ ਬੈਂਚਾਂ ਉੱਤੇ ਖੜੀ ਹੋ ਗਈ; ਰੂਪ ਲਾਲ ਵੀ