ਠਾਕੁਰ ਸਿੰਘ ਦਾ ਉੱਤਰ ਸੀ, "ਨਾ ਬਈ ਰਤਨ ਸਿੰਹਾਂ, ਏਦਾਂ ਨਾ ਆਖ। ਮੈਂ ਬੜੀ ਬੇ-ਰੌਣਕੀ ਵੇਖੀ ਹੋਈ ਆ। ਅੱਜ ਮੇਰੇ ਚਾਰ ਰਤਨ ਸਿੰਘ ਨੇ। ਜੇ ਤੂੰ ਅਫ਼ਰੀਕਾ ਚਲਾ ਜਾਵੇਂਗਾ ਤਾਂ ਵੀ ਤਿੰਨ ਮੇਰੇ ਕੋਲ ਨੇ। ਤੂੰ ਸਾਡੀ ਚਿੰਤਾ ਨਾ ਕਰ। ਆਪਣੀ ਤਰੱਕੀ ਬਾਰੇ ਸੋਚ। ਪਾਂਧਾ ਨਾ ਪੁੱਛ, ਬੱਸ ਜਾਣ ਦੀ ਗੱਲ ਕਰ।"
ਜਦੋਂ ਪੰਜੀ ਸਾਲੀ ਰਤਨ ਸਿੰਘ ਆਪਣੇ ਪਰਿਵਾਰ ਨੂੰ ਨਾਲ ਲੈ ਜਾਣ ਲਈ ਭਾਰਤ ਆਇਆ ਤਾਂ ਠਾਕੁਰ ਸਿੰਘ ਅਤੇ ਧਰਮ ਕੌਰ ਨੂੰ ਆਪਣਾ ਸੰਸਾਰ ਸੁੰਞਾ ਹੁੰਦਾ ਜਾਪਣ ਲੱਗਾ। ਨੈਰੋਬੀ ਬੈਠਿਆਂ ਆਪਣੇ ਪਰਿਵਾਰ ਨੂੰ ਉਥੇ ਲਿਆਉਣ ਦਾ ਖ਼ਿਆਲ ਰਤਨ ਸਿੰਘ ਨੂੰ ਵੀ ਕਦੇ ਓਪਰਾ ਨਹੀਂ ਸੀ ਲੱਗਾ, ਪਰ ਹੁਣ ਆਪਣੇ ਘਰ ਆ ਕੇ ਮਾਤਾ-ਪਿਤਾ ਨਾਲ ਗੱਲ ਕੀਤੀ ਤਾਂ ਉਸ ਨੂੰ ਪਰਿਸਥਿਤੀ ਦੀ ਗੰਭੀਰਤਾ ਦਾ ਗਿਆਨ ਹੋਇਆ। ਮਾਤਾ-ਪਿਤਾ ਦੀ ਢਲਦੀ ਉਮਰ ਦਾ ਖ਼ਿਆਲ ਕਰ ਕੇ ਉਨ੍ਹਾਂ ਨੂੰ ਇਕੱਲੇ ਛੱਡਣ ਬਾਰੇ ਸੋਚਣਾ ਉਸ ਲਈ ਔਖਾ ਸੀ। ਉਸ ਦੇ ਨਾਲ ਜਾਣ ਨੂੰ ਉਹ ਤਿਆਰ ਨਹੀਂ ਸਨ। ਇਸ ਉਮਰੇ ਆਪਣਾ ਦੇਸ਼, ਆਪਣਾ ਸ਼ਹਿਰ, ਆਪਣਾ ਘਰ, ਆਪਣੇ ਸਕੇ-ਸੰਬੰਧੀ ਅਤੇ ਆਪਣੇ ਹਮ-ਉਮਰ ਹਮਜੋਲੀ ਛੱਡ ਕੇ ਉਹ ਕਾਹਦੇ ਵਾਸਤੇ ਜਾਣ। ਉਹ ਚੁੱਪ ਹੋ ਗਏ। ਅੱਜ ਤੋਂ ਪੰਝੀ-ਤੀਹ ਸਾਲ ਪਹਿਲਾਂ ਵਾਲੀ ਬੇ-ਰੌਣਕੀ ਉਨ੍ਹਾਂ ਦੀ ਚੇਤਨਾ ਵਿਚ ਉੱਭਰ ਆਈ। ਉਹ ਆਪਣੀ ਤਕਦੀਰ ਨਾਲ ਸਮਝੌਤਾ ਕਰਨ ਦੀ ਤਿਆਰੀ ਕਰਨ ਲੱਗ ਪਏ।
ਮਾਤਾ-ਪਿਤਾ ਨੂੰ ਉਦਾਸ ਵੇਖ ਕੇ ਰਤਨ ਸਿੰਘ ਵੀ ਉਦਾਸ ਹੋ ਗਿਆ। ਉਨ੍ਹਾਂ ਨਾਲ ਕਿਸੇ ਪ੍ਰਕਾਰ ਦੀ ਸਲਾਹ ਕਰਨ ਦੀ ਹਿੰਮਤ ਉਸ ਕੋਲ ਨਹੀਂ ਸੀ। ਇਕ ਦਿਨ ਮੌਕਾ ਪਾ ਕੇ ਉਸ ਨੇ ਆਪਣੀ ਪਤਨੀ ਨਿਰੰਜਣ ਕੌਰ ਨਾਲ ਸਲਾਹ ਕਰਨੀ ਚਾਹੀ। ਉਸ ਦਾ ਪਹਿਲਾ ਵਾਕ ਇਹ ਸੀ, "ਵੇਖੋ ਜੀ। ਇਕ ਵਾਰਾਂ ਸੁਣ ਲਵੋ, ਭਾਵੇਂ ਦਸ ਵਾਰਾਂ, ਮੈਂ ਭਾਪਾ ਜੀ ਅਤੇ ਬੇ-ਜੀ ਨੂੰ ਇਕੱਲੇ ਛੱਡ ਕੇ ਨਹੀਂ ਜਾਣਾ। ਉਹ ਸਾਡੇ ਸਾਹੀਂ ਜਿਉਂਦੇ ਨੇ। ਸਾਡੇ ਬਿਨਾਂ।" ਅਤੇ ਇਸ ਤੋਂ ਅੱਗੇ ਉਹ ਬੋਲ ਨਾ ਸਕੀ। ਉਸ ਦੀਆਂ ਅੱਖਾਂ ਵਿਚੋਂ ਡਿੱਗੇ ਕੋਸੇ ਪਾਣੀ ਦੇ ਦੋ ਕਤਰਿਆਂ ਨੇ ਉਸ ਦਾ ਵਾਕ ਪੂਰਾ ਕਰ ਦਿੱਤਾ।
ਉਸੇ ਦਿਨ ਰਤਨ ਸਿੰਘ ਨੇ ਆਪਣੇ ਪਿਤਾ ਨੂੰ ਆਪਣਾ ਫੈਸਲਾ ਸੁਣਾ ਦਿੱਤਾ ਕਿ ਉਹ ਵਾਪਸ ਅਫਰੀਕਾ ਨਹੀਂ ਜਾਵੇਗਾ। ਠਾਕੁਰ ਸਿੰਘ ਨੂੰ ਇਹ ਗੱਲ ਵੀ ਚੰਗੀ ਨਾ ਲੱਗੀ। ਰਤਨ ਸਿੰਘ ਨੂੰ ਅਫ਼ਰੀਕਾ ਵਿਚ ਰੇਲਵੇ ਵਿਚ ਨੌਕਰੀ ਮਿਲੀ ਹੋਈ ਸੀ। ਉਸ ਦੀਆਂ ਲਿਖੀਆਂ ਚਿੱਠੀਆਂ, ਉਸ ਦੁਆਰਾ ਘਰ ਘੱਲੋ ਜਾਣ ਵਾਲੇ ਪੈਸਿਆਂ ਅਤੇ ਹੁਣ ਦੇਸ਼ ਆਉਣ ਲੱਗਿਆਂ ਉਸ ਦੇ ਨਾਲ ਲਿਆਂਦੇ ਸਾਮਾਨ ਤੋਂ ਪਤਾ ਲੱਗਦਾ ਸੀ ਕਿ ਉਸ ਦੀ ਹਾਲਤ ਉਥੇ ਚੰਗੀ ਹੈ। ਠਾਕੁਰ ਸਿੰਘ ਆਪਣੇ ਇਕਲੋਤੇ ਪੁੱਤਰ ਦੀ ਖ਼ੁਸ਼ੀ ਅਤੇ ਖੁਸ਼ਹਾਲੀ ਵਿਚ ਰੁਕਾਵਟ ਬਣ ਕੇ ਬਹਿਣ ਨੂੰ ਤਿਆਰ ਨਹੀਂ ਸੀ । ਪਰੰਤੂ ਉਸ ਨੂੰ ਕੋਈ ਰਾਹ ਵੀ ਨਜ਼ਰ ਨਹੀਂ ਸੀ ਆ ਰਿਹਾ।
ਦੇਖੋ ਅਤੇ ਦੇਬੂ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਦੀ ਉਦਾਸੀ ਤੋਂ ਉਕੇ ਅਣਜਾਣ ਸਨ। ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਡਾ ਭਾਪਾ ਸਾਨੂੰ ਅਫ਼ਰੀਕਾ ਲੈ ਜਾਣ ਲਈ ਆਇਆ ਹੈ। ਉਨ੍ਹਾਂ ਦੇ ਚਾਅ ਦਾ ਕੋਈ ਮੇਚ-ਬੰਨਾ ਨਹੀਂ ਸੀ। ਉਮਰੋਂ