ਦੇਖੋ ਹਰ ਸਾਲ ਭਰਾਵਾਂ ਨੂੰ ਰੱਖੜੀਆਂ ਘਲਦੀ ਅਤੇ ਹਰ ਸਾਲ ਰਤਨ ਸਿੰਘ ਆਪਣੇ ਪੁੱਤਰਾਂ ਵਲੋਂ ਢੇਰ ਸਾਰੇ ਪੈਸੇ ਰੱਖੜੀ ਦੀ ਬੰਨ੍ਹਵਾਈ ਵਜੋਂ ਭੇਜ ਦਿੰਦਾ। ਦੇਸ਼ੋਂ ਉਨ੍ਹਾਂ ਪੈਸਿਆਂ ਵਿਚੋਂ ਖ਼ਰਚਾ ਕਰ ਕੇ ਭਰਾਵਾਂ ਲਈ ਸੁਗਾਤਾਂ ਖ਼ਰੀਦਦੀ, ਸਵੈਟਰਾਂ ਉਣਦੀ, ਚਾਦਰਾਂ-ਸਰ੍ਹਾਣੇ ਕੱਢਦੀ, ਦਿਗਜਾਮ ਅਤੇ ਲਾਲ ਇਮਲੀ ਦੇ ਗਰਮ ਕਪੜੇ ਸੂਟਾਂ ਲਈ ਖ਼ਰੀਦਦੀ ਰਹਿੰਦੀ ਅਤੇ ਮਿਲਣ ਆਏ ਪਿਤਾ ਹੱਥ ਨੈਰੋਬੀ ਭੇਜ ਦਿੰਦੀ।
ਜਦੋਂ ਰਤਨ ਸਿੰਘ ਦੇ ਤਿੰਨੇ ਪੁੱਤਰ ਵਲੈਤ ਵਿਚ ਵੱਸ ਗਏ ਤਾਂ ਪਤੀ-ਪਤਨੀ ਓਸੇ ਇਕੱਲ ਦੇ ਸ਼ਿਕਾਰ ਹੋ ਗਏ, ਜਿਸ ਤੋਂ ਆਪਣੇ ਮਾਤਾ-ਪਿਤਾ ਨੂੰ ਬਚਾਉਣ ਲਈ ਉਹ ਦੇਬੋ ਦਾਨ ਕਰ ਆਏ ਸਨ। ਸੰਸਾਰਕ ਝਮੇਲਿਆਂ ਤੋਂ ਥੋੜ੍ਹੀ ਜਿਹੀ ਵਿਹਲ ਮਿਲੀ ਤਾਂ ਰਤਨ ਸਿੰਘ ਨੂੰ ਯਾਦ ਆਇਆ ਕਿ ਉਹ ਆਪਣਾ ਇਕ ਬਹੁਤ ਜ਼ਰੂਰੀ ਫਰਜ਼ ਨਿਭਾਉਣ ਵਿਚ ਕੋਤਾਹੀ ਕਰ ਗਿਆ ਸੀ। ਉਹ ਪੁੱਤਰਾਂ ਨੂੰ ਪੜਾਉਣ, ਵਲੈਤ ਭੇਜਣ ਅਤੇ ਵਿਆਹੁਣ ਦੇ ਕੰਮਾਂ ਵਿਚ ਰੁੱਝਾ ਹੋਣ ਕਰ ਕੇ ਇਹ ਭੁੱਲ ਗਿਆ ਸੀ ਕਿ ਉਸ ਦੀ ਧੀ ਦੇਬੇ, ਭਰਾਵਾਂ ਨਾਲੋਂ ਵੱਡੀ ਹੈ ਅਤੇ ਅਜੇ ਤਕ ਕੁਆਰੀ ਬੈਠੀ ਹੈ। ਉਸ ਨੇ ਆਪਣੀ ਇਹ ਚਿੰਤਾ, ਚਿੱਠੀ ਰਾਹੀਂ, ਆਪਣੇ ਪਿਤਾ ਨਾਲ ਸਾਂਝੀ ਕੀਤੀ। ਪਿਤਾ ਨੇ ਉੱਤਰ ਵਿਚ ਲਿਖਿਆ, "ਇਕ ਰਿਸ਼ਤਾ ਸਾਡੀ ਨਜ਼ਰ ਵਿਚ ਹੈ। ਭਲੇ ਲੋਕਾਂ ਦਾ ਪਰਿਵਾਰ ਹੈ। ਸਾਡੇ ਲਾਗੇ ਹੀ ਕਿੱਤਿਆਂ ਵਿਚ ਘਰ ਹੈ। ਇਹ ਰਿਸ਼ਤਾ ਹੋ ਜਾਣ ਨਾਲ ਦੇਬੇ ਸਾਡੇ ਲਾਗੇ ਰਹਿ ਸਕੇਗੀ।"
ਰਿਸ਼ਤਾ ਹੋ ਗਿਆ, ਵਿਆਹ ਦੀ ਤਾਰੀਮ ਵੀ ਪੱਕੀ ਕਰ ਲਈ ਗਈ। ਰਤਨ ਸਿੰਘ ਨੇ ਪੁੱਤਰਾਂ ਨੂੰ ਵਿਆਹ ਉੱਤੇ ਪੁੱਜਣ ਲਈ ਲਿਖਿਆ। ਤਿੰਨਾਂ ਵਲੋਂ ਦੂਰੀ, ਰੁਝੇਵੇਂ ਅਤੇ ਖਰਚੇ ਨੂੰ ਮੁਖ ਰੱਖਦਿਆਂ ਹੋਇਆਂ ਭੈਣ ਦੇ ਵਿਆਹ ਵਿਚ ਨਾ ਆ ਸਕਣ ਦੀ ਸਿਆਣੀ ਮਜਬੂਰੀ ਅਤੇ ਮਜਬੂਰ ਸਿਆਣਪ ਤੋਂ ਕੰਮ ਲੈਣ ਦਾ ਫੈਸਲਾ ਲੈ ਲਿਆ ਗਿਆ। ਪੁੱਤਰਾਂ ਵਲੋਂ ਕਿਸੇ ਸਹਾਇਤਾ ਦਾ ਹੁੰਗਾਰਾ ਨਾ ਮਿਲਣ ਉੱਤੇ ਉਸ ਨੇ ਨੈਰੋਬੀ ਵਾਲਾ ਨਿੱਕਾ ਜਿਹਾ ਘਰ ਵੇਚ ਕੇ ਕੁੜੀ ਦੇ ਵਿਆਹ ਜੋਗਾ ਪੈਸਾ ਪੱਲੇ ਬੰਨ੍ਹ ਲਿਆ ਅਤੇ ਦੇਸ ਪੁੱਜ ਗਿਆ। ਵਿਆਹ ਤਾਂ ਵਾਹਵਾ ਸੁਹਣਾ ਹੋ ਗਿਆ, ਪਰ ਤਿੰਨਾਂ ਭਰਾਵਾਂ ਦੀ ਇਕੋ ਇਕ ਭੈਣ ਦੀ ਡੋਲੀ ਭਰਾਵਾਂ ਦੇ ਮੋਢਿਆਂ ਨੂੰ ਤਰਸਦੀ ਰਹੀ। ਉਸ ਨੇ ਭਰਾਵਾਂ ਦੀਆਂ ਘੋੜੀਆਂ ਵੀ ਨਹੀਂ ਸੀ ਗਾਵੀਆਂ ਅਤੇ ਵਾਗਾਂ ਵੀ ਨਹੀਂ ਸਨ ਗੁੰਦੀਆਂ। ਵਿਦਾਇਗੀ ਸਮੇਂ ਮਾਂ ਦੇ ਗਲ ਲੱਗ ਕੇ ਰੋਂਦਿਆਂ, ਉਹਨੂੰ ਇਹ ਸਭ ਕੁਝ ਯਾਦ ਆਇਆ। ਉਸ ਦਾ ਜੀ ਕੀਤਾ ਕਿ ਮਾਂ ਨੂੰ ਪੁੱਛੇ, "ਤੂੰ ਮੇਰੇ ਵੰਡੇ ਦੀ ਮਮਤਾ ਮੈਨੂੰ ਕਿਉਂ ਨਾ ਦਿੱਤੀ ?" ਝੱਟ ਹੀ ਉਸ ਨੂੰ ਚੇਤਾ ਆ ਗਿਆ ਕਿ "ਮੇਰੀ ਮਾਂ ਕੋਲ ਮੇਰੇ ਪ੍ਰਸ਼ਨ ਦਾ ਕੋਈ ਉੱਤਰ ਨਹੀਂ। ਮਾਂ ਨੂੰ ਨਿਰੁੱਤਰ ਕਰ ਕੇ ਮੈਂ ਕੀ ਲੈਣਾ ਹੈ।"
ਰਤਨ ਸਿੰਘ ਨੇ ਅਫ਼ਰੀਕਾ ਵਿਚੋਂ ਆਪਣਾ ਡੇਰਾ-ਡੰਡਾ ਪੁੱਟ ਲਿਆ ਸੀ। ਆਪਣੇ ਪੁੱਤਰਾਂ ਕੋਲ ਵਲੈਤ ਜਾਣ ਤੋਂ ਪਹਿਲਾਂ ਕੁੱਝ ਚਿਰ ਆਪਣੀ ਧੀ ਅਤੇ ਆਪਣੇ ਮਾਪਿਆਂ