ਇਸ ਤਮਾਸ਼ੇ ਨੂੰ ਵੇਖ ਕੇ ਮੇਰੇ ਘਰ ਵਾਲੀ ਦੇ ਮੂੰਹੋਂ ਬੇ-ਵਸੇ ਹੀ ਨਿਕਲ ਗਿਆ, "ਬੇ-ਵਕੂਛ! ਪਤਾ ਨਹੀਂ ਤੁਰਨ ਲੱਗਿਆ ਖੋਪੇ ਕਿਉਂ ਲਾ ਲੈਂਦੀਆਂ ਹਨ ?"
"ਇਸ ਗੱਲ ਦਾ ਪਤਾ ਕਰਕੇ ਅਸਾਂ ਕੀ ਲੈਣਾ ਹੈ ? ਪਰ ਇਹ ਜ਼ਰੂਰ ਯਾਦ ਰੱਖੋ ਕਿ 'ਬੇ-ਵਕੂਫ਼' ਦੇ ਅਰਥ ਇਨ੍ਹਾਂ ਨੂੰ ਪਤਾ ਹਨ," ਮੈਂ ਹੌਲੀ ਨਾਲ ਘਰ ਵਾਲੀ ਦੇ ਕੰਨ ਵਿਚ ਆਖਿਆ।
"ਇਨ੍ਹਾਂ ਨੂੰ ਕੀ ਪਤਾ ਪੰਜਾਬੀ ਦਾ।"
"ਚੇ-ਵਕੂਫ਼ ਪੰਜਾਬੀ ਨਹੀਂ; ਪੰਜਾਬ ਦੇ ਲੋਕ ਬੇਵਕੂਫ ਨਹੀਂ ਹੁੰਦੇ ਮੂਰਖ ਹੁੰਦੇ ਹਨ।"
"ਲੋਕ ਨਹੀਂ ਸਿਰਫ਼ ਆਦਮੀ ਆਖੋ; ਲੋਕਾਂ ਵਿਚ ਔਰਤਾਂ ਵੀ ਸ਼ਾਮਲ ਹਨ।" ਮੈਨੂੰ ਲੱਗਾ ਜਿਵੇਂ ਮੇਰੇ ਘਰ ਵਾਲੀ ਕਹਿ ਰਹੀ ਸੀ, 'ਸੋਚ ਕੇ ਗੱਲ ਕਰਿਆ ਕਰੋ।'
ਮੈਂ ਸੋਚਣ ਦੀ ਕੋਸ਼ਿਸ਼ ਕਰਨ ਹੀ ਵਾਲਾ ਸਾਂ ਕਿ ਇਕ ਸੁੰਦਰ ਦ੍ਰਿਸ਼ ਨੇ ਮੇਰਾ ਧਿਆਨ ਖਿੱਚ ਲਿਆ। ਸੁੰਦਰਤਾ ਸਾਹਮਣੇ ਸੋਚ ਆਪਣਾ ਸਿਰ ਝੁਕਾਵੇ ਇਹ ਮੈਨੂੰ ਚੰਗਾ ਲੱਗਦਾ ਹੈ; ਪਰ ਹੁਣ ਤਕ ਮਨੁੱਖੀ ਸੋਚ ਸ਼ਕਤੀ ਸਾਹਮਣੇ ਝੁਕਦੀ ਆਈ ਹੈ। ਮੈਂ ਘਰ ਵਾਲੀ ਵੱਲ ਵੇਖਿਆ। ਉਨ੍ਹਾਂ ਦੀਆਂ ਅੱਖਾਂ ਵੀ ਉਸੇ ਸੁੰਦਰਤਾ ਨਾਲ ਸਾਂਝ ਪਾਈ ਬੈਠੀਆ ਸਨ। ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਮੈਨੂੰ ਆਖਿਆ, "ਉਸ ਜੋੜੇ ਵੱਲ ਵੇਖੋ; ਪਰ ਉਨ੍ਹਾਂ ਨੂੰ ਸਿਰ ਨਾ ਹੋਣ ਦਿਓ।"
ਰੇਲਾਂ ਉੱਤੇ ਟੰਗੇ ਹੋਏ ਜ਼ਨਾਨੇ ਓਵਰ ਕੋਟਾਂ ਵਿੱਚੋਂ ਆਪਣੀ ਪਸੰਦ ਦਾ ਕੋਟ ਲੱਭਣ ਦੇ ਬਹਾਨੇ ਅਸੀ ਉਸ ਜੋੜੇ ਦੇ ਲਾਗਲੀ ਭੀੜ ਦਾ ਹਿੱਸਾ ਬਣੇ, ਉਨ੍ਹਾਂ ਦੀ ਜਾਸੂਸੀ ਕਰਨ ਲੱਗ ਪਏ। ਪੰਝੀ ਕੁ ਸਾਲ ਦਾ ਗੱਭਰੂ ਆਪਣੀ ਬਾਈ ਕੁ ਸਾਲ ਦੀ ਪਤਨੀ ਨੂੰ ਓਵਰ ਕੋਟ ਪੁਆ ਕੇ ਵੇਖ ਰਿਹਾ ਸੀ। ਇਹ ਸਾਫ਼ ਜ਼ਾਹਿਰ ਸੀ ਕਿ ਇਹ ਸਭ ਕੁੱਝ ਪਤਨੀ ਦੀ ਮਰਜ਼ੀ ਦੇ ਉਲਟ ਹੋ ਰਿਹਾ ਸੀ ਪਰ ਪਤੀ ਦੇ ਚਾਅ ਸਾਹਮਣੇ ਪਤਨੀ ਦੀ ਮਰਜ਼ੀ ਇਉਂ ਝੁਕੀ ਹੋਈ ਸੀ ਜਿਵੇਂ ਫੁੱਲਾਂ ਨਾਲ ਲੱਦੀ ਹੋਈ ਪੁਸ਼ਪ ਲਤਾ ਜਾਂ ਆਪਣੇ ਇਸ਼ਟ ਦੀ ਹਜ਼ੂਰੀ ਵਿਚ ਖਲੋਤਾ ਸ਼ਰਧਾਲੂ।
ਪਤੀ ਨੇ ਪਤਨੀ ਨੂੰ ਕਈ ਕੋਟ ਪੁਆਏ ਅਤੇ ਲੁਹਾਏ। ਹਰ ਕੋਟ ਪਤੀ ਦੇ ਚਾਅ ਅਤੇ ਪਤਨੀ ਦੀ ਸੁੰਦਰਤਾ ਦੀ ਉਪਾਸ਼ਨਾ ਕਰ ਕੇ ਧੰਨ ਧੰਨ ਹੋ ਜਾਂਦਾ ਸੀ। ਇਕ ਦੇ ਹੱਕ ਵਿਚ ਪਤੀ ਦਾ ਫ਼ੈਸਲਾ ਹੋ ਜਾਣ ਉੱਤੇ ਮੇਰੀ ਘਰ ਵਾਲੀ ਨੇ ਆਖਿਆ, "ਵਾਹ, ਕਿਆ ਚੋਣ ਹੈ।"
ਗੱਲ ਚੋਣ ਤੋਂ ਅੱਗੇ ਨਾ ਵਧੀ। ਪਤੀ ਪਤਨੀ ਵਿਚਾਲੇ ਘਰੇਲੂ ਸਲਾਹ ਮਸ਼ਵਰੇ ਵਰਗੀਆਂ ਕੁਝ ਗੱਲਾਂ ਹੋਈਆਂ ਅਤੇ ਸੀ.ਐਂਡ.ਏ. ਵਿੱਚੋਂ ਕੁਝ ਖ਼ਰੀਦੇ ਬਿਨਾ ਹੀ ਉਹ ਸਟੋਰ ਵਿੱਚੋਂ ਬਾਹਰ ਨਿਕਲ ਗਏ। ਉਨ੍ਹਾਂ ਦੇ ਪਿੱਛੇ ਪਿੱਛੇ ਅਸੀਂ ਵੀ ਸਟੋਰ ਦੀ ਮਸਨੂਈ ਜਗਮਗਾਹਟ ਵਿੱਚੋਂ ਬਾਹਰ ਆਏ ਤਾਂ ਆਕਸਫੋਰਡ ਸਟ੍ਰੀਟ ਨੂਰ-ਨਹਾਤੇ ਮਹਾਂਨਗਰ ਦੇ ਨਾਗਰਿਕਾਂ ਨਾਲ ਨੱਕੋ ਨੱਕ ਭਰੀ ਹੋਈ ਨਦੀ ਵਰਗੀ ਲੱਗੀ।
ਸੜਕ ਪਾਰ ਕਰ ਕੇ ਉਹ ਦੋਵੇਂ ਮਾਰਕਸ ਐਂਡ ਸਪੈਂਸਰ ਨਾਂ ਦੇ ਸਟੋਰ ਵੱਲ ਹੋ ਤੁਰੇ। ਸਾਡੀ ਵਿਉਂਤ ਵੀ ਇਸੇ ਪ੍ਰਕਾਰ ਦੀ ਸੀ; ਜੋ ਨਾ ਵੀ ਹੁੰਦੀ ਤਾਂ ਵੀ ਅਸੀਂ, ਸ਼ਾਇਦ