Back ArrowLogo
Info
Profile
ਉਨ੍ਹਾਂ ਦੇ ਪਿੱਛੇ ਪਿੱਛੇ ਤੁਰਦੇ ਉਸੇ ਸਟੋਰ ਵਿਚ ਜਾ ਵੜਦੇ। ਇਸ ਸਟੋਰ ਵਿਚ ਪੁੱਜ ਕੇ ਉਹ ਦੂਜੀ ਮੰਜ਼ਲ ਉੱਤੇ, ਮਰਦਾਵੇਂ ਕਪੜਿਆਂ ਵਾਲੇ ਹਿੱਸੇ ਵਿਚ ਜਾ ਵੜੇ। ਅਸਾਂ ਵੀ ਭਾਰਤ ਵਿਚ ਵੱਸਦੇ ਸਨੇਹੀਆਂ ਲਈ ਕਮੀਜ਼ਾਂ ਅਤੇ  ਸਵੈਟਰਾਂ ਲੈਣੀਆਂ ਸਨ। ਮੈਚਿਆਂ ਅਤੇ ਰੰਗਾਂ ਦਾ ਫ਼ੈਸਲਾ ਪਹਿਲਾਂ ਹੀ ਹੋਇਆ ਹੋਣ ਕਰਕੇ ਸਾਡਾ ਕੰਮ ਸੌਖਾ ਸੀ ਜਿਸ ਨੂੰ ਕਰਦਿਆਂ ਕਰਦਿਆਂ ਅਸੀਂ ਉਸ ਜੋੜੋ ਦੀ ਹਰ ਹਰਕਤ ਤਾੜ ਸਕਦੇ ਸਾਂ।

ਪਤਨੀ ਬੇ-ਓੜਕੇ ਚਾਅ ਨਾਲ ਸੂਟਾਂ ਦੀ ਫੌਲਾ ਵਾਲੀ ਅਤੇ ਚੋਣ ਦੇ ਕੰਮ ਵਿਚ ਰੁਝੀ ਹੋਈ ਸੀ, ਠੀਕ ਓਸੇ ਤਰ੍ਹਾਂ ਜਿਸ ਤਰ੍ਹਾਂ ਸੀ.ਐਂਡ.ਏ. ਵਿਚ ਪਤੀ ਰੁੱਝਾ ਹੋਇਆ ਸੀ। ਪਤੀ ਭਾਵੇਂ ਬੇ-ਦਿਲੀ ਜਹੀ ਨਾਲ ਕੋਟ ਪਾ ਪਾ ਕੇ ਪਤਨੀ ਨੂੰ ਵਿਖਾ ਰਿਹਾ ਸੀ ਪਰ ਉਸ ਨੂੰ ਇਸ ਗੱਲ ਦਾ ਪੂਰਾ ਧਿਆਨ ਸੀ ਕਿ ਪਤਨੀ ਦੇ ਚਾਅ ਦਾ ਨਿਰਾਦਰ ਨਾ ਹੋਵੇ। ਜਦੋਂ ਪਤੀ ਜੈਕਟ (ਕੋਟ) ਪਾ ਲੈਂਦਾ ਸੀ ਤਾਂ ਪਤਨੀ ਜ਼ਰਾ ਕੁ ਪਰੇ, ਭੀੜ ਵਿਚ ਖਲੋ ਕੇ ਉਸ ਨੂੰ ਚੰਗੀ ਤਰ੍ਹਾਂ ਵੇਖਦੀ ਸੀ ਅਤੇ ਵੇਖ ਲੈਣ ਪਿੱਛੋਂ ਉਹ ਜੈਕਟ ਉਤਾਰ ਕੇ ਦੂਜੀ ਪਾਉਣ ਲਈ ਕਹਿੰਦੀ ਸੀ। ਇਕ ਵੇਰ ਵੀ ਉਸ ਨੇ ਪਤੀ ਨੂੰ ਗਲ ਪਈ ਜੈਕਟ ਸ਼ੀਸ਼ੇ ਸਾਹਮਣੇ ਖਲੋ ਕੇ ਵੇਖਣ ਲਈ ਨਾ ਆਖਿਆ। ਉਸ ਨੂੰ ਭਰੋਸਾ ਸੀ  ਕਿ ਆਪਣੇ ਪਤੀ ਦੇ ਤਨ ਉੱਤੇ ਪਏ ਕਪੜੇ ਸਾਰੇ ਸੰਸਾਰ ਦੀਆਂ ਅੱਖਾਂ ਨਾਲ ਵੀ ਉਸ ਨੇ ਹੀ ਵੇਖਣੇ ਹਨ। ਇਸ ਲਈ ਕਿਸੇ ਹੋਰ ਨੂੰ ਵੇਖਣ ਅਤੇ ਪਸੰਦ ਕਰਨ ਦੀ ਕੋਈ ਲੋੜ ਨਹੀਂ। ਪਤੀ ਇਸ ਸੱਚ ਨਾਲ ਸਹਿਮਤ ਜਾਪਦਾ ਸੀ।

ਪਤਨੀ ਨੇ ਪਸੰਦ ਕੀਤੇ ਸੂਟ ਨੂੰ ਹੈਂਗਰ ਉੱਤੇ ਪਾ ਕੇ ਪਤੀ ਨੂੰ ਪਕੜਾਇਆ। ਭਾਵ ਇਹ ਸੀ ਕਿ 'ਜਾਓ ਜਾ ਕੇ ਪੈਸੇ ਦੇ ਆਓ।' ਪਤੀ ਨੇ ਕੀਮਤ ਵਾਲੇ ਲੇਬਲ ਵੱਲ ਵੇਖ ਕੇ ਆਖਿਆ, "ਦੋ ਸੌ ਤੀਹ ਪੌਡ।"

ਪਤਨੀ ਨੇ ਆਪਣੇ ਸਿਰ ਨੂੰ ਸੱਜੇ ਮੋਢੇ ਵੱਲ ਝੁਕਾ ਕੇ ਉੱਤਰ ਦਿੱਤਾ, "ਜੀ ਹਾਂ, ਦੋ ਸੌ ਤੀਹ ਪਿੰਡ।"

'ਇਸ ਅਦਾ ਪੇ ਕੌਨ ਨਾ ਮਰ ਜਾਏ ਅਸਦ' ਪਤੀ ਚੁਪ ਚਾਪ ਪੇਮੈਂਟ ਕਾਊਂਟਰ ਵੱਲ ਚਲੇ ਗਿਆ।

ਇਸ ਤੋਂ ਪਿੱਛੋਂ ਵੱਡੇ ਵੱਡੇ ਸਟੋਰਾਂ ਵਿਚ ਫਿਰਦਿਆਂ ਪਤਾ ਨਹੀਂ ਕਿਸ ਵੇਲੇ ਉਹ ਸਾਡੀਆਂ ਨਜ਼ਰਾਂ ਤੋਂ ਓਝਲ ਹੋ ਗਏ। ਇਕ ਤਰ੍ਹਾਂ ਨਾਲ ਚੰਗਾ ਹੀ ਹੋਇਆ। ਸਾਡਾ ਸਾਰਾ ਧਿਆਨ ਉਨ੍ਹਾਂ ਵੱਲ ਹੋਣ ਕਰਕੇ ਅਸੀਂ ਸੇਲ-ਸਮਾਰੋਹ ਦਾ ਪੂਰਾ ਅਨੰਦ ਨਹੀਂ ਸਾਂ ਮਾਣ ਰਹੇ। ਹੁਣ ਇਸ ਕੰਮ ਲਈ ਮੌਕਾ ਮਿਲ ਗਿਆ।

ਤਿੰਨ ਕੁ ਵਜੇ ਜਦੋਂ ਅਸੀਂ ਆਕਸਫੋਰਡ ਸਰਕਸ ਸਟੇਸ਼ਨ ਉੱਤੇ ਪੁੱਜੇ ਤਾਂ ਉਹ ਦੋਵੇਂ ਵੀ ਪਲੇਟਫਾਰਮ ਉੱਤੇ ਖੜੇ ਸਨ। ਉਨ੍ਹਾਂ ਦੇ ਹੱਥਾਂ ਵਿਚ ਫੜੇ ਹੋਏ ਥੈਲਿਆਂ ਤੋਂ ਪਤਾ ਲੱਗਦਾ ਸੀ ਕਿ ਉਨ੍ਹਾਂ ਨੇ ਚੌਖੀ ਸ਼ਾਪਿੰਗ ਕੀਤੀ ਹੈ। ਪਤੀ ਨਾਲੋਂ ਪਤਨੀ ਬਹੁਤੀ ਖ਼ੁਸ਼ ਸੀ। ਪਤੀ ਦੀ ਖ਼ੁਸ਼ੀ ਵਿਚ ਇਹ ਘਾਟਾ ਰਹਿ ਗਿਆ ਸੀ ਕਿ ਉਹ ਪਤਨੀ ਲਈ ਕੋਟ ਨਹੀਂ ਸੀ ਖ਼ਰੀਦ ਸਕਿਆ। ਉਸ ਨੇ ਹੱਥਾਂ ਵਿਚ ਫੜੇ ਥੈਲਿਆਂ ਵੱਲ ਇਸ਼ਾਰਾ ਕਰ ਕੇ ਪਤਨੀ ਨੂੰ ਕੁਝ ਆਖਿਆ ਜੋ ਅਸੀਂ, ਜ਼ਰਾ ਦੂਰ ਹੋਣ ਕਰ ਕੇ, ਚੰਗੀ ਤਰ੍ਹਾਂ ਸੁਣ ਨਹੀਂ ਸਾਂ ਸਕੇ। ਆਪਣੇ ਸਿਰ ਨੂੰ ਸੱਜੇ ਮੋਢੇ ਵੱਲ ਝੁਕਾ ਕੇ ਪਤਨੀ ਨੇ ਆਖਿਆ, "ਅਗਲੇ ਸਾਲ ਲੈ ਲਵਾਂਗੇ।"

ਅਸੀਂ ਉਨ੍ਹਾਂ ਦੇ ਲਾਗੇ ਪੁੱਜ ਗਏ ਇਸ ਲਈ ਇਹ ਉੱਤਰ ਸਾਡੇ ਕੰਨੀਂ ਪੈ ਗਿਆ।

46 / 87
Previous
Next