ਸਕੂਲ ਦੀ ਨੌਕਰੀ ਛੱਡ ਕੇ ਗਿੱਲ ਨੇ ਇਸਟੇਟ ਏਜੰਟ ਦਾ ਕੰਮ ਸ਼ੁਰੂ ਕਰ ਲਿਆ। ਇਸ ਕੰਮ ਵਿਚ ਗੁਰਤੇਜ ਉਸ ਦੀ ਸਹਾਇਤਾ ਕਰ ਦਿੰਦਾ ਸੀ। ਮਾਲੀ ਤੌਰ ਉੱਤੇ ਉਸ ਨੂੰ ਹਾਨੀ ਦੀ ਥਾਂ ਲਾਭ ਹੀ ਹੋਇਆ; ਬਹੁਤ ਜ਼ਿਆਦਾ ਲਾਭ। ਅੱਜ ਉਸ ਕੋਲ ਆਪਣੇ ਰਿਹਾਇਸ਼ੀ ਮਕਾਨ ਤੋਂ ਇਲਾਵਾ, ਤਿੰਨ ਮਕਾਨ ਹਨ ਜਿਨ੍ਹਾਂ ਤੋਂ ਸਵਾ ਦੋ ਹਜ਼ਾਰ ਪਾਊਂਡ ਮਹੀਨਾ ਕਿਰਾਇਆ ਮਿਲਦਾ ਹੈ। ਇਨ੍ਹਾਂ ਵਿੱਚੋਂ ਇਕ ਮਕਾਨ ਉਸ ਨੇ ਆਪਣੀ ਬੇਟੀ, ਨਵੀਨਾ, ਨੂੰ ਦਾਜ ਵਿਚ ਦੇਣ ਦਾ ਐਲਾਨ ਕੀਤਾ ਹੋਇਆ ਹੈ।
ਪਰੰਤੂ ਨੌਕਰੀ ਛੱਡਣ ਪਿੱਛੇ ਮਾਇਕ ਪ੍ਰਾਪਤੀ ਦਾ ਮਨੋਰਥ ਨਹੀਂ ਸੀ। ਉਸ ਦਾ ਮੂਲ ਮਨੋਰਥ ਸੀ ਰੰਗ-ਭੇਦ ਵਿਰੁੱਧ ਲੜਨਾ; ਆਪਣੇ ਲੋਕਾਂ ਵਿਚ ਇਸ ਸਮੱਸਿਆ ਦੀ ਚੇਤਨਾ ਜਗਾਉਣੀ, ਲੋਕਾਂ ਨੂੰ ਰੰਗ ਦੇ ਆਧਾਰ ਉੱਤੇ ਹੋਣ ਵਾਲੀਆਂ ਬੇ-ਇਨਸਾਫ਼ੀਆਂ ਵਿਰੁੱਧ ਲੜਨ ਲਈ ਤਿਆਰ ਕਰਨਾ। ਇਸ ਕੰਮ ਵਿਚ ਭੋਗਲ ਉਸ ਦੀ ਸੱਜੀ ਬਾਂਹ ਸੀ। ਇਹ ਵੀ ਆਖਿਆ ਜਾ ਸਕਦਾ ਹੈ ਕਿ ਮੈਦਾਨ ਵਿਚ ਲੜਦਾ ਭਾਵੇਂ ਗਿੱਲ ਵਿਖਾਈ ਦਿੰਦਾ ਸੀ ਤਾਂ ਵੀ ਇਸ ਸੰਘਰਸ਼ ਰਾਹੀਂ ਭੋਗਲ ਦੀਆਂ ਭਾਵਨਾਵਾਂ ਦੀ ਅਭਿਵਿਕਤੀ ਹੋ ਰਹੀ ਸੀ।
ਰੰਗ-ਭੇਦ ਵਿਰੁੱਧ ਤਨ, ਮਨ ਅਤੇ ਧਨ ਨਾਲ ਲੜਨ ਸਦਕਾ ਥੋੜੇ ਸਮੇਂ ਵਿਚ ਹੀ ਗਿੱਲ ਆਪਣੇ ਇਲਾਕੇ ਦੇ ਭਾਰਤੀ ਪਰਵਾਸੀਆਂ ਦਾ ਹਰਮਨ ਪਿਆਰਾ ਨੇਤਾ ਬਣ ਗਿਆ। ਉਸ ਦੀ ਆਖੀ ਹੋਈ ਹਰ ਗੱਲ ਲੋਕਾਂ ਲਈ ਮਹਾਂਵਾਕ ਦਾ ਦਰਜਾ ਰੱਖਣ ਲੱਗ ਪਈ। ਸਿਆਸੀ ਹਲਕਿਆਂ ਵਿਚ ਉਸ ਦੀ ਚਰਚਾ ਹੋਣ ਲੱਗ ਪਈ ਅਤੇ ਉਸ ਦੇ ਹਲਕੇ ਦਾ ਐੱਮ.ਪੀ. ਆਪਣੀ ਜਿੱਤ ਲਈ ਉਸ ਉੱਤੇ ਨਿਰਭਰ ਕਰਨ ਲੱਗ ਪਿਆ। ਗਿੱਲ ਨੇ ਮੈਰਾਥਨ ਜਿੱਤ ਲਈ ਸੀ। ਆਪਣੀ ਮੰਜ਼ਲ ਦੀ ਬੁਲੰਦੀ ਉੱਤੇ ਬੈਠ ਕੇ ਆਪਣੀਆਂ ਪਿੱਛੇ ਰਹੀਆਂ ਪੈੜਾਂ ਵੱਲ ਵੇਖਣਾ ਉਸ ਨੂੰ ਚੰਗਾ ਚੰਗਾ ਲੱਗ ਰਿਹਾ ਸੀ। ਉਸ ਦੇ ਸੰਘਰਸ਼ਮਈ ਅਤੀਤ ਵਿੱਚੋਂ ਸਫਲ ਵਰਤਮਾਨ ਉਪਜਿਆ ਸੀ। ਉਹ ਸਫਲ ਵਰਤਮਾਨ ਵਿੱਚੋਂ ਸੰਤੁਸ਼ਟ ਭਵਿੱਖ ਦੇ ਉਪਜਣ ਦੀ ਉਮੀਦ ਰੱਖਦਾ ਸੀ । ਇਸ ਵੇਰ ਉਸ ਨੂੰ ਕੌਂਸਲ ਦਾ ਮੇਅਰ ਚੁਣਿਆ ਜਾ ਰਿਹਾ ਸੀ।
ਸਫਲਤਾ ਦੇ ਸੁਖਾਵੇਂ ਸਫ਼ਰ ਵਿਚ ਕਿਧਰੇ ਕਿਧਰੇ ਔਖੀਆਂ ਘਾਟੀਆਂ ਵੀ ਆਈਆਂ ਸਨ, ਜਿਹੜੀਆਂ ਉਸ ਲਈ ਉਤਸ਼ਾਹ, ਲਗਨ ਅਤੇ ਲੋਕ-ਹੁੰਗਾਰੇ ਦਾ ਸੋਮਾ ਬਣਦੀਆ ਰਹੀਆਂ ਸਨ। ਦੋ ਕੁ ਸਾਲ ਪਹਿਲਾਂ ਤਾਂ ਬਹੁਤ ਭਿਆਨਕ ਹਾਦਸਾ ਹੋ ਚੱਲਿਆ ਸੀ। ਜੋ ਹੋ ਜਾਂਦਾ ਤਾਂ ਉਸ ਦੀਆਂ ਸਾਰੀਆਂ ਸਫਲਤਾਵਾਂ ਦਾ ਸਿਰ ਨੀਵਾਂ ਹੋ ਜਾਣਾ ਸੀ। ਸਨਿਚਰਵਾਰ ਦੀ ਸ਼ਾਮ ਸੀ । ਆਪਣੀ ਕਾਲੀ ਜੈਗੁਅਰ ਨੂੰ ਗ੍ਰੀਨ ਸਟ੍ਰੀਟ ਦੀ ਕਾਰ ਪਾਰਕ ਵਿਚ ਖੜੀ ਕਰ ਕੇ ਉਹ ਅਥਾਲਾ ਸਵੀਟਸ ਤੋਂ ਵਿਸਾਖੀ ਲਈ ਮਿਠਾਈ ਖ਼ਰੀਦਣ ਗਿਆ। ਮਨ ਵਿਚ ਆਇਆ ਕੁਈਨਜ਼ ਮਾਰਕੀਟ ਵਿਚ ਜਾ ਕੇ ਆਪਣੇ ਪੁਰਾਣੇ ਮਿੱਤਰ, ਬਲਵੰਤ ਸਿੰਘ ਗਰੇਵਾਲ, ਦੇ ਸਬਜ਼ੀਆਂ ਦੇ ਸਟਾਲ ਤੋਂ ਹੋ ਆਏ। ਪੁਰਾਣੇ ਮਿੱਤਰਾਂ ਨੂੰ ਪਹੁੰਚ ਕੇ ਮਿਲਣਾ ਉਸ ਦੇ ਸੁਭਾਅ ਦਾ ਹਿੱਸਾ ਸੀ ਜਾਂ ਸੋਚ ਸਮਝ ਕੇ ਵਰਤਿਆ ਜਾਣ ਵਾਲਾ ਸਫਲਤਾ
ਉਹ ਅਪਟਨ ਪਾਰਕ ਸਟੇਸ਼ਨ ਸਾਹਮਣੇ ਪੁੱਜਾ ਹੀ ਸੀ ਕਿ ਅੱਠ-ਦਸ ਗੋਰੇ ਮੁੰਡਿਆ ਦੀ ਢਾਣੀ ਨੇ ਉਸ ਨੂੰ ਘੇਰ ਲਿਆ। ਇਨ੍ਹਾਂ ਵਿੱਚੋਂ ਬਹੁਤੇ ਮੁੰਡੇ ਉਸ ਦੇ ਪੁਰਾਣੇ ਵਿਦਿਆਰਥੀ ਸਨ। ਇਹ ਵੈਸਟ ਹੈਮ ਸਟੇਡਿਅਮ ਵਿੱਚੋਂ ਆਏ ਸਨ, ਜਿਥੇ ਇਨ੍ਹਾਂ ਦੀ ਟੀਮ, ਵੈਸਟ ਹੋਮ ਯੂਨਾਇਟਿਡ, ਆਪਣੀ ਗਰਾਊਂਡ ਵਿਚ, ਲਿਵਰਪੂਲ ਕੋਲੋਂ ਹਾਰ ਗਈ ਸੀ। ਹਾਰੀ ਹੋਈ ਟੀਮ ਦੇ ਹਮਾਇਤੀ ਆਪਣੀ ਨਮੋਸ਼ੀ ਅਤੇ ਨਿਰਾਸ਼ਾ ਦਾ ਨਿਸ਼ਾਨਾ ਲੱਭ ਰਹੇ ਸਨ। ਪਰਵਾਸੀਆਂ ਦਾ ਪ੍ਰਸਿੱਧ ਨੇਤਾ ਅਯੋਗ ਟਾਰਗਿਟ ਨਹੀਂ ਸੀ। "ਡਾਊਨ ਵਿੱਚ ਗਿੱਲ" ਦਾ ਰੋਲਾ ਪਾਉਂਦੇ ਹੋਏ ਉਹ ਉਸ ਵੱਲ ਵਧੋ। ਇਕ ਤਕੜੇ ਮੁੰਡੇ ਨੇ ਜ਼ੋਰਦਾਰ ਗਲ੍ਹਥਾ ਮਾਰਿਆ। ਉਸ ਦੇ ਪੈਰ ਨਿਕਲ ਗਏ। ਉਹ ਸੰਭਲਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਸੀ ਕਿ ਦੋ ਬਲਵਾਨ ਬਾਹਵਾਂ ਦੇ ਕਲਾਵੇ ਨੇ ਉਸ ਨੂੰ ਮੂਧੇ-ਮੂੰਹ ਡਿਗਣੇ ਬਚਾਅ ਲਿਆ। ਉਸ ਦੇ ਰੱਖਿਅਕ ਨੇ ਉਸ ਨੂੰ ਆਪਣੀ ਖੱਬੀ ਵੱਖੀ ਨਾਲ ਘੁੱਟ ਲਿਆ ਅਤੇ ਆਪਣੇ ਸੱਜੇ ਹੱਥ ਨੂੰ ਭੀੜ ਦੇ ਸਾਹਮਣੇ ਉੱਚਾ ਕਰਦਿਆਂ ਹੋਇਆਂ ਆਖਿਆ, "ਕੇਅਰਫੁੱਲ; ਬਲੈਕ ਬੈਲਟ ਬਾਜਵਾ ਹੀਅਰ।" ਆਪਣੇ ਸਕੂਲ ਦੇ ਪੁਰਾਣੇ ਕ੍ਰਾਟੀ ਚੈਂਪੀਅਨ ਨੂੰ ਪਛਾਣ ਕੇ ਅਤੇ ਦੋ ਪੁਲਸੀਆਂ ਨੂੰ ਹੋਲੀ ਹੋਲੀ ਤੁਰੇ ਆਉਂਦੇ ਵੇਖ ਕੇ ਗੋਰੇ ਮੁੰਡੇ ਸਟੇਸ਼ਨ ਵਿਚ ਜਾ ਵੜੇ।
ਇਸ ਘਟਨਾ ਦਾ ਚੇਤਾ ਆਉਣ ਉੱਤੇ ਉਸ ਨੂੰ ਆਪਣੇ ਕੁਝ ਅਭਾਵਾਂ, ਆਪਣੀਆਂ ਘਰੇਲੂ ਜ਼ਿੰਮੇਦਾਰੀਆਂ, ਆਪਣੇ ਕੁਝ ਇਕ ਅਣਕੀਤੇ ਕੰਮਾਂ ਦਾ ਖਿਆਲ ਆ ਗਿਆ। ਉਸ ਦੀ ਬੱਚੀ, ਨਵੀਨਾ, ਵਿਆਹੁਣ ਯੋਗ ਹੈ। ਅਜੇ ਕੱਲ੍ਹ ਹੀ ਉਸ ਦੀ ਪਤਨੀ ਨੇ ਆਖਿਆ ਸੀ, "ਸਦਾ ਬਾਹਰਲੇ ਕੰਮਾਂ ਵੱਲ ਹੀ ਵੇਖਦੇ ਹੋ; ਘਰ ਬਾਰੇ ਵੀ ਸੋਚੋ।" ਘਰ ਵਿਚ ਨਵੀਨਾ ਦੇ ਰਿਸ਼ਤੇ ਤੋਂ ਸਿਵਾ ਹੋਰ ਸੋਚਣ ਵਾਲੀ ਕੋਈ ਗੱਲ ਹੈ ਹੀ ਨਹੀਂ ਸੀ। ਉਹ ਇਸੇ ਬਾਰੇ ਸੋਚਣ ਲੱਗ ਪਿਆ। ਆਪਣੀ ਸੁੰਦਰ ਸੁਸ਼ੀਲ ਬੱਚੀ ਲਈ ਕੋਈ ਯੋਗ ਵਰ ਅਤੇ ਕੋਈ ਸੁਯੋਗ ਘਰ ਉਸ ਦੀ ਚੇਤਨਾ ਵਿਚ ਨਾ ਉੱਭਰਿਆ।
ਨਵੀਨਾ ਜਾਗ ਚੁੱਕੀ ਸੀ। ਮਾਂ-ਧੀ ਦੋਵੇਂ ਕਿਚਨ ਵਿਚ ਆ ਗਈਆਂ ਸਨ। ਦਰਵਾਜ਼ੇ ਦੀ ਘੰਟੀ ਵੱਜੀ। ਨਵੀਨਾ ਨੇ ਦਰਵਾਜ਼ਾ ਖੋਲ੍ਹਿਆ। ਭੋਗਲ ਨੇ ਪਰਵੇਸ਼ ਕੀਤਾ। ਹੈਲੋ ਅੰਕਲ ਕਹਿ ਕੇ ਨਵੀਨਾ ਉਸ ਦੇ ਮੋਢੇ ਨਾਲ ਲਮਕ ਗਈ।
"ਕਿਉਂ ਮੇਰੇ ਸੂਟ ਦਾ ਸੱਤਿਆਨਾਸ ਕਰ ਰਹੀ ਹੈ ? ਮੈਂ ਮੀਟਿੰਗ ਉੱਤੇ ਜਾ ਰਿਹਾ ਹਾਂ। ਵੱਡੇ ਵੱਡੇ ਆਦਮੀਆਂ ਨੇ ਆਉਣਾ ਹੈ। ਸਾਰਾ ਰੋਅਬ ਮਾਰਿਆ ਗਿਆ।"
“ਅੰਕਲ, ਜੇ ਮੀਟਿੰਗ ਵਿਚ ਆਪਣੀ ਸ਼ਾਨ ਬਣਾਉਣੀ ਚਾਹੁੰਦੇ ਹੋ ਤਾਂ ਮੈਨੂੰ ਨਾਲ ਲੈ ਚੱਲੋ।"
"ਯੈਸ ਵੀਨੂੰ, ਨਜ਼ਰ ਬੱਟੂ ਨਾਲ ਹੋਵੇਗਾ ਤਾਂ ਮੈਨੂੰ ਨਜ਼ਰ ਨਹੀਂ ਲੱਗੇਗੀ," ਕਹਿ ਕੇ ਉਹ ਗਾਰਡਨ ਵੱਲ ਜਾਣ ਲੱਗਾ ਤਾਂ "ਯੂ, ਚੀਕੀ ਅਕਲ," ਕਹਿੰਦੀ ਹੋਈ ਨਵੀਨਾ ਮੁੱਕੇ ਵੱਟ ਕੇ ਉਸ ਦੇ ਪਿੱਛੇ ਦੌੜੀ। ਉਸ ਵੱਲ ਵੇਖ ਕੇ ਭੇਤ ਭਰੇ ਢੰਗ ਨਾਲ ਆਪਣੀ ਖੱਬੀ ਅੱਖ ਨੂੰ ਦੱਬ ਕੇ ਭੋਗਲ ਨੇ ਆਖਿਆ, "ਤਿਆਰ ਹੋ ਜਾ ਵੀਨੂੰ ਸੁਕੀਰਤ ਵੀ ਆ ਰਿਹਾ ਹੈ।" ਆਪਣੇ ਖੱਬੇ ਹੱਥ ਦੀ ਉਂਗਲੀ ਆਪਣੇ ਬੁੱਲ੍ਹਾਂ ਉੱਤੇ ਰੱਖ ਨਵੀਨਾ ਨੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ।
"ਜਾਣਾ ਹੈ, ਯਾਰ; ਪਰ ਅੱਜ।"
"ਹਾਂ, ਹਾਂ, ਅੱਜ ਐਤਵਾਰ ਹੈ ਅਤੇ ਬਾਰਕਿੰਗ ਗੁਰਦੁਆਰੇ ਦੀ ਲਾਇਬ੍ਰੇਰੀ ਵਿਚ ਮੀਟਿੰਗ ਹੈ... ਬਸ।"
"ਮੈਨੂੰ ਪਤਾ ਹੈ; ਪਰ ਅੱਜ ਮੈਂ ਨਵੀਨਾ ਬਾਰੇ ਸੋਚ ਰਿਹਾ ਹਾਂ।"
"ਉਸ ਵਿਚਾਰੀ ਨੇ ਕਿਹੜੀ ਚਿੰਤਾ ਖੜੀ ਕਰ ਦਿੱਤੀ ਤੇਰੇ ਲਈ ?"
"ਉਸ ਨੇ ਨਹੀਂ; ਤੇਰੀ ਭਰਜਾਈ ਨੇ। ਉਸ ਦਾ ਖਿਆਲ ਹੈ ਕਿ ਸਾਨੂੰ ਨਵੀਨਾ ਦੇ ਵਿਆਹ ਦੀ ਚਿੰਤਾ ਕਰਨੀ ਚਾਹੀਦੀ ਹੈ।"
“ਚਿੰਤਾ ਕਰਨੀ ਚਾਹੀਦੀ ਹੈ ਕਿ ਵਿਆਹ ਕਰ ਦੇਣਾ ਚਾਹੀਦਾ ਹੈ ?"
"ਕੋਈ ਯੋਗ ਵਰ ਵੀ ਤਾਂ ਲੱਭੋ, ਭੋਗਲ ।"
"ਅੱਖਾਂ ਮੀਟ ਕੇ ਲੱਖਾਂਗਾ ਤਾਂ ਲੱਭ ਪਿਆ ਵਰ।"
"ਤੇਰੀ ਨਜ਼ਰ ਵਿਚ ਹੈ ਕੋਈ ਲੜਕਾ ?"
"ਮੇਰੀ ਨਜ਼ਰ ਵਿਚ ਕਿਉਂ, ਤੇਰੀਆਂ ਅੱਖਾਂ ਸਾਹਮਣੇ ਹੈ। ਤੇਰਾ ਪੁਰਾਣਾ ਵਿਦਿਆਰਥੀ ਹੈ; ਤੇਰੀ ਇੱਜ਼ਤ ਕਰਦਾ ਹੈ; ਤੇਰਾ ਸ਼ਰਧਾਲੂ ਹੈ। ਇਲੈਕਟ੍ਰਾਨਿਕਸ ਦੀ ਇੰਜਿਨੀਅਰਿੰਗ ਕੀਤੀ ਹੋਈ ਹੈ; ਚਵ੍ਹੀ ਹਜ਼ਾਰ ਪਾਊਂਡ ਸਾਲਾਨਾ ਤਨਖ਼ਾਹ ਲੈਂਦਾ ਹੈ; ਤੇਰੀਆਂ ਇਲੈਕਸ਼ਨਾਂ ਦਾ ਸਾਰਾ ਪ੍ਰਬੰਧ ਕਰਦਾ ਆ ਰਿਹਾ ਹੈ, ਅਤੇ...।"
“ਨਾਂ ਵੀ ਲਵੇਗਾ ਕਿ ਰੋਲਾ ਪਾਈ ਜਾਵੇਂਗਾ ?"
"ਸੁਕੀਰਤ।"
"ਸੁਕੀਰਤ ਕੌਣ ?"
"ਕ੍ਰਾਟੀ ਚੈਂਪੀਅਨ ਸੁਕੀਰਤ ਬਾਜਵਾ।" ਇਹ ਨਾਂ ਲੈਂਦਿਆਂ ਭੋਗਲ ਦੇ ਚਿਹਰੇ ਉੱਤੇ ਵਿਸਮਾਦ ਦੇ ਚਿੰਨ੍ਹ ਉੱਭਰ ਆਏ। ਭਵਿੱਖ ਵਿਚ ਇਕ ਪ੍ਰਸੰਨ ਪਰਵਾਰ ਦੀ ਉਤਪਤੀ ਦੀ ਕਲਪਨਾ ਕਰ ਰਿਹਾ ਸੀ ਭੋਗਲ ਕਿ ਗਿੱਲ ਦੀ ਘਿਰਣਾ ਦੇ ਇੱਕੋ ਝਟਕੇ ਨੇ ਉਸ ਨੂੰ ਯਥਾਰਥ ਵਿਚ ਲੈ ਆਂਦਾ। ਗਿੱਲ ਕਹਿ ਰਿਹਾ ਸੀ, "ਪਾਗਲ ਹੋ ਗਿਆ ਹੈ; ਦਿਸਣੇ ਬੰਦ ਹੋ ਗਿਆ ਤੈਨੂੰ। ਨਵੀਨਾ ਲਈ ਤੈਨੂੰ ਸੁਕੀਰਤ ਬਾਜਵਾ ਹੀ ਲੱਭਾ ?"
ਹੈਰਾਨ ਹੋਏ ਭੋਗਲ ਨੇ ਪੁੱਛਿਆ, "ਉਸ ਵਿਚ ਕੀ ਬੁਰਾਈ ਹੈ, ਬਈ ?"
"ਤੈਨੂੰ ਉਸ ਦੀ ਤਨਖ਼ਾਹ ਦਿੱਸਦੀ ਹੈ; ਉਸ ਦੀ ਇੰਜਿਨੀਅਰਿੰਗ ਦਿੱਸਦੀ ਹੈ, ਉਸ ਦੀ ਕਾਟੀ ਦਿੱਸਦੀ ਹੈ; ਉਸ ਦਾ ਕਾਲਾ ਰੰਗ ਕਿਉਂ ਨਹੀਂ ਦਿੱਸਦਾ ?''
"ਬਸ ਏਨੀ ਗੱਲ ?"
"ਤੇਰੇ ਲਈ ਇਹ ਗੱਲ ਮਾਮੂਲੀ ਹੋਵੇਗੀ: ਮੇਰੇ ਲਈ ਨਹੀਂ।"
"ਪਰ ਗਿੱਲ, ਤੂੰ ਸਾਰੀ ਉਮਰ ਰੰਗ-ਭੇਦ ਵਿਰੁੱਧ.।"
"ਭੋਗਲ, ਇਹ ਮੇਰਾ ਘਰੇਲੂ ਮੁਆਮਲਾ ਹੈ। ਇਸ ਸਿਲਸਿਲੇ ਵਿਚ ਸਾਡੀ ਰਾਏ ਸਾਂਝੀ ਨਹੀਂ ਹੋ ਸਕਦੀ। ਤੈਨੂੰ ਤਾਂ ਉਸ ਦਾ ਰੰਗ ਕਾਲਾ ਨਹੀਂ, ਪੱਕਾ ਦਿਸੇਗਾ ਕਿਉਂਕਿ ਤੂੰ ਅਫ਼ਰੀਕਾ ਦੇ ਹਬਸ਼ੀਆਂ ਵਿਚ ਰਹਿੰਦਾ ਆਇਆ ਹੈ," ਕਹਿ ਕੇ ਗਿੱਲ ਘਰ ਵੱਲ ਤੁਰ ਪਿਆ। ਭੋਗਲ ਨੂੰ ਜਾਪਿਆ ਜਿਵੇਂ ਗਿੱਲ ਨਹੀਂ, ਗਿੱਲ ਦੇ ਰੂਪ ਵਿਚ ਦੁਨੀਆਂ ਦਾ ਅੱਠਵਾਂ ਅਜੂਬਾ ਤੁਰਿਆ ਜਾ ਰਿਹਾ ਸੀ।
ਬਾਬਾ ਚੁਬਾਰਾ ਸਿੰਘ
ਤੁੰਗਾਂ ਵਾਲੇ ਬਾਬਾ ਚੁਬਾਰਾ ਸਿੰਘ ਦੇ ਅਸਲੀ ਨਾਂ ਦਾ ਮੈਨੂੰ ਪਤਾ ਨਹੀਂ। ਏਨਾ ਪਤਾ ਹੈ ਕਿ ਵਡੇਰੀ ਉਮਰ ਕਾਰਣ ਉਸ ਨੂੰ ਬਾਬਾ ਆਖਿਆ ਜਾਂਦਾ ਸੀ, ਅਤੇ ਉੱਚਾ ਸੁਣਦਾ ਹੋਣ ਕਰਕੇ ਚੁਬਾਰਾ ਸਿੰਘ। ਉਸ ਦਾ ਮਨ ਯਾਦਾਂ ਦੀ ਦੌਲਤ ਨਾਲ ਮਾਲਾਮਾਲ ਸੀ। ਉਸ ਦੇ ਜੀਵਨ ਦੇ ਆਖ਼ਰੀ ਦੋ-ਤਿੰਨ ਦਹਾਕੇ ਸੁਪਨਿਆਂ, ਸੰਘਰਸ਼ਾਂ ਅਤੇ ਦੋਸਤੀਆਂ ਦੀ ਲੰਮੀ ਦਾਸਤਾਨ ਸਨ।
ਜੀਵਨ ਦੀ ਢਲਦੀ ਦੁਪਹਿਰੋ, ਅਲੂਣਿਆਂ ਵਾਲੇ ਤੇਜਾ ਸਿੰਘ ਸੁਤੰਤਰ ਜੀ ਦੀ ਸੁਹਬਤ ਨਾਲ ਉਨ੍ਹਾਂ ਦੇ ਬਿਬੇਕੀ ਜਥੇ ਵਿਚ ਸ਼ਾਮਲ ਹੋ ਕੇ ਉਹ ਗੁਰਦੁਆਰਾ ਸੁਧਾਰ ਲਹਿਰ ਅਤੇ ਸੁਤੰਤਰਤਾ ਸੰਗਰਾਮ ਦਾ ਹਿੱਸਾ ਬਣਿਆ ਸੀ । ਸੰਗਰਾਮੀਆਂ ਦਾ ਜੀਵਨ ਮੋਰਚਿਆਂ, ਮਾਰਾਂ, ਮੌਤਾਂ, ਜੇਲ੍ਹਾ, ਗੋਲੀਆਂ, ਰੂ-ਪੇਸ਼ੀਆਂ ਅਤੇ ਗ੍ਰਿਫ਼ਤਾਰੀਆਂ ਨਾਲ ਓਤ ਪੇਡ ਸੀ, ਪਰ ਆਜ਼ਾਦੀ ਦੀ ਕਾਲਪਨਿਕ ਸੁੰਦਰਤਾ ਅਤੇ ਸੰਗਰਾਮੀਆਂ ਵਿਚਲੀ ਵਾਸਤਵਿਕ ਮਿੱਤਰਤਾ ਨੇ ਉਸ ਜੀਵਨ ਨੂੰ ਮਾਣਨ ਅਤੇ ਸਿਮਰਣਯੋਗ ਬਣਾ ਦਿੱਤਾ ਸੀ। ਦੁਧਾਰਾ ਸਿੰਘ ਨੇ ਉਸ ਜੀਵਨ ਨੂੰ ਰੱਜ ਕੇ ਮਾਣਿਆ ਸੀ।
ਸੁਤੰਤਰ ਜੀ ਦੀ ਫ਼ਰਾਰੀ, ਗ੍ਰਿਫਤਾਰੀ ਅਤੇ ਨਜ਼ਰਬੰਦੀ ਨਾਲ ਬਾਬਾ ਚੁਬਾਰਾ ਸਿੰਘ ਅਤੇ ਉਸ ਦੇ ਸਿੱਧੇ ਸਾਦੇ ਪੇਂਡੂ ਸਾਥੀਆਂ ਦੇ ਸਾਹਸੀ ਅਤੇ ਸੰਗਰਾਮੀ ਜੀਵਨ ਦਾ ਅੰਤ ਹੋ ਗਿਆ।
ਸਾਹਸੀ ਜੀਵਨ ਦੀਆਂ ਉੱਤੇਜਨਾਵਾਂ ਉਨ੍ਹਾਂ ਨੂੰ ਖਿੱਚ ਪਾਉਂਦੀਆਂ ਸਨ, ਪਰ ਮੁੜ ਮੈਦਾਨੀ ਆਉਣਾ ਸੰਭਵ ਨਹੀਂ ਸੀ। ਉਨ੍ਹਾਂ ਕੋਲੋਂ ਉਨ੍ਹਾਂ ਦਾ ਆਗੂ ਖੋਹ ਲਿਆ ਗਿਆ ਸੀ ਅਤੇ ਅਗਵਾਈ ਬਿਨਾਂ ਉਹ ਇਸ ਰਸਤੇ ਉੱਤੇ ਤੁਰ ਨਹੀਂ ਸਨ ਸਕਦੇ। ਜਿਨ੍ਹਾਂ ਦੀ ਉਮਰ ਆਗਿਆ ਦਿੰਦੀ ਸੀ, ਉਹ ਮੁੜ ਆਪੋ ਆਪਣੇ ਘਰੇਲੂ ਕੰਮਾਂ ਵਿਚ ਰੁੱਝ ਗਏ। ਬਾਬਾ ਦੁਬਾਰਾ ਸਿੰਘ ਨੇ ਬੁਢੇਪੇ ਵਿਚ ਪੈਰ ਪਾ ਲਿਆ ਸੀ, ਇਸ ਕਰਕੇ ਉਹ ਇਕ ਪਾਸੇ ਹੋ ਕੇ ਜਗਤ ਦਾ ਤਮਾਸ਼ਾ ਵੇਖਣ ਲੱਗ ਪਿਆ। ਕਠਿਨਾਈਆਂ ਦੀ ਕਸਵੱਟੀ ਉੱਤੇ ਪਰਖੇ ਹੋਏ ਮਿੱਤਰਾਂ ਦੀ ਮਿੱਤਰਤਾ ਉਸ ਦੇ ਜੀਵਨ ਦਾ ਵਡਮੁੱਲਾ ਸਰਮਾਇਆ ਬਣ ਗਈ, ਬੀਤੇ ਦਿਨਾਂ ਦੀਆਂ ਯਾਦਾਂ ਉਸ ਦੇ ਮਨ-ਮੰਦਰ ਦੀ ਸਜਾਵਟ ਬਣ ਗਈਆਂ; ਅਤੇ ਮਿੱਤਰਾਂ ਨੂੰ ਮਿਲ ਕੇ ਉਨ੍ਹਾਂ ਯਾਦਾਂ ਵਿਚ ਗੁਆਚ ਜਾਣਾ ਉਸ ਨੂੰ ਜੀਵਨ ਦੀ ਸਾਰਥਕਤਾ ਜਾਪਣ ਲੱਗ ਪਿਆ।
ਮਿੱਤਰ-ਮਿਲਣੀ ਦਾ ਕੋਈ ਮੌਕਾ ਉਹ ਹੱਥੋਂ ਜਾਣ ਨਹੀਂ ਸੀ ਦਿੰਦਾ। ਛਿੰਝਾਂ, ਵਿਸਾਖੀਆਂ, ਮੱਸਿਆ, ਘੋਲਾ, ਕਬੱਡੀਆਂ ਅਤੇ ਮੇਲਿਆਂ ਉੱਤੇ ਉਹ ਉਚੇਚੇ ਉੱਦਮ ਅਤੇ ਚਾਅ ਨਾਲ ਜਾਂਦਾ ਸੀ। ਹਰ ਮੇਲੇ ਵਿਚ ਦੇਂਹ ਚਹੁੰ ਮਿੱਤਰਾਂ ਦਾ ਮਿਲਾਪ ਹੋ ਜਾਣ ਉੱਤੇ ਸਾਰਾ ਮੇਲਾ ਮਿੱਤਰਤਾ ਦੀ ਮਹਿਕ ਨਾਲ ਭਰ ਜਾਂਦਾ ਸੀ।
ਇਕ ਵੇਰ ਦੀ ਗੱਲ ਹੈ, ਪੰਡਾਲ ਲਈ ਚਾਨਣੀਆਂ ਲਾਈਆਂ ਜਾ ਰਹੀਆਂ ਸਨ। ਚਾਨਣੀਆਂ ਹੇਠਲੀਆਂ ਚੋਥਾਂ ਨੂੰ ਸਿੱਧੀਆਂ ਕੀਤਾ ਹੀ ਸੀ ਕਿ ਹਵਾ ਦੇ ਇਕ ਤੇਜ਼ ਬੁੱਲ੍ਹੇ ਨੇ ਚਾਨਣੀਆਂ ਨੂੰ ਉਪਰ ਚੁੱਕ ਦਿੱਤਾ। ਇਕ ਚੋਬ ਚਾਨਣੀ ਵਿਚੋਂ ਨਿਕਲ ਗਈ ਅਤੇ ਬਾਬਾ ਚੁਬਾਰਾ ਸਿੰਘ ਵੱਲ ਉਲਰ ਗਈ। "ਵੇਖਿਓ, ਵੇਖਿਓ, ਬਾਬਾ ਜੀ ਬਚਿਓ," ਦੀਆਂ ਆਵਾਜ਼ਾਂ ਉਚੀਆਂ ਹੋਈਆਂ, ਪਰ ਏਨੀਆਂ ਨਾ ਕਿ ਬਾਬਾ ਸੁਣ ਸਕਦਾ। ਚੋਬ ਬਾਬੇ ਦੇ ਸਿਰ ਵਿਚ ਵੱਜੀ। ਸਿਰ ਉੱਤੇ ਬੱਝੀ ਪੱਗ ਨੇ ਬਚਾ ਲਿਆ, ਨਹੀਂ ਤਾਂ ਚੰਗੀ ਸੱਟ ਲੱਗ ਜਾਣੀ ਸੀ। ਬਾਬੇ ਨੂੰ ਚੱਕਰ ਜਿਹਾ ਆ ਗਿਆ। ਮੱਘਰ ਸਿੰਘ ਪ੍ਰਧਾਨ ਨੇ ਡਿਗਦੇ ਡਿਗਦੇ ਨੂੰ ਕਲਾਵੇ ਵਿਚ ਲੈ ਲਿਆ। ਜ਼ਰਾ ਕੁ ਸੰਭਲਣ ਪਿੱਛੋਂ ਸਾਰੀ ਗੱਲ ਦਾ ਪਤਾ ਲੱਗਾ ਤਾਂ ਬਾਬੇ ਨੇ ਨਿੰਮ੍ਹਾ ਜਿਹਾ ਮੁਸਕਰਾ ਕੇ ਆਖਿਆ, "ਮੈਂ ਵੀ ਸੋਚਾਂ, ਭਈ ਗੁਰੂ ਕੇ ਬਾਗ਼ ਵਾਲਾ ਲਾਠੀਚਾਰਜ ਕਿਵੇਂ ਸ਼ੁਰੂ ਹੋ ਗਿਆ।"
ਸੁਣ ਕੇ ਸਾਰੇ ਹੱਸ ਪਏ।
ਹੱਸ ਪਏ; ਪਰ ਇਸ ਨਿੱਕੀ ਜਹੀ ਘਟਨਾ ਨੇ ਬੀਤੇ ਦਿਨਾਂ ਦੀ ਇਕ ਗੰਭੀਰ ਘਟਨਾ ਦਾ ਚੇਤਾ ਕਰਵਾ ਦਿੱਤਾ। ਗੁਰੂ ਕੇ ਬਾਗ ਦੇ ਮੋਰਚੇ ਦੇ ਦਿਨੀਂ ਜਦੋਂ ਇਕ ਵੇਰ ਪੁਲੀਸ ਨੇ ਲਾਠੀਚਾਰਜ ਕੀਤਾ ਤਾਂ ਚੁਬਾਰਾ ਸਿੰਘ ਨੇ ਵੇਖਿਆ ਕਿ ਇਕ ਪੁਲਸੀਏ ਦੀ ਡਾਂਗ ਸਿੱਧੀ ਚੰਦਾ ਸਿੰਘ ਦੇ ਸਿਰ ਉੱਤੇ ਪੈਣ ਵਾਲੀ ਸੀ। ਅੱਖ ਦੇ ਫੋਰ ਵਿਚ ਉਸ ਨੇ ਆਪਣਾ ਖੱਬਾ ਹੱਥ ਚੰਦਾ ਸਿੰਘ ਦੇ ਮੋਢੇ ਉੱਤੇ ਰੱਖ ਕੇ, ਉਸ ਨੂੰ ਹੇਠਾਂ ਨੂੰ ਦੱਬਦਿਆਂ ਹੋਇਆ, ਆਪਣੀ ਸੱਜੀ ਬਾਂਹ ਉਸ ਦੇ ਸਿਰੋਂ ਉੱਚੀ ਕਰ ਕੇ ਪੁਲਸੀਏ ਦੀ ਡਾਂਗ ਅੱਗੇ ਡਾਹ ਦਿੱਤੀ। ਸੁੰਮਾਂ ਵਾਲੀ ਭਾਰੀ ਡਾਂਗ ਬਾਬੇ ਦੀ ਅਰਕ (ਕੂਹਣੀ) ਉੱਤੇ ਵੱਜੀ। ਬਾਂਹ ਦੀ ਹੱਡੀ ਚਿੱਥੀ ਗਈ, ਪਰ ਚੰਦਾ ਸਿੰਘ ਦੀ ਜਾਨ ਬਚ ਗਈ। ਇਸ ਮੁੱਲੋਂ ਇਹ ਸੌਦਾ ਮਹਿੰਗਾ ਨਹੀਂ ਸੀ। ਬਾਬੇ ਦੀ ਨਕਾਰਾ ਹੋਈ ਹੋਈ ਸੱਜੀ ਬਾਂਹ, ਇਸ ਸੱਚੇ ਸੌਦੇ ਦੀ ਸਾਖੀ ਸੁਣਾ ਕੇ ਉਸ ਦੇ ਮਨ ਨੂੰ ਮਹਾਂ ਆਨੰਦ ਦਾ ਅਨੁਭਵ ਕਰਵਾਉਂਦੀ ਰਹਿੰਦੀ ਸੀ। ਚੋਬ ਵੱਜਣ ਵਾਲੀ ਘਟਨਾ ਉੱਤੇ ਲਾਠੀਚਾਰਜ ਵਾਲੀ ਗੰਭੀਰ ਘਟਨਾ ਦਾ ਚੇਤਾ ਆ ਜਾਣ ਕਰਕੇ, ਬਾਬੇ ਤੋਂ ਸਿਵਾ ਬਾਕੀ ਸਾਰਿਆਂ ਦੇ ਹਾਸੇ ਉਦਾਸੀ ਵਿਚ ਬਦਲ ਗਏ।
ਚੋਬ ਵੱਜਣ ਨਾਲ ਬਾਬੇ ਦੀ ਦਸਤਾਰ ਇਕ ਪਾਸੇ ਵੱਲ ਢਿਲਕ ਗਈ ਸੀ।