ਇੰਗਲਿਸ਼ ਕੰਟਰੀਸਾਈਡ ਵੇਖਣ ਦਾ ਇਰਾਦਾ ਕਰ ਲਿਆ ਸੀ," ਕਹਿ ਕੇ ਕੋਮਲ ਨੇ ਮੇਰੀ ਲਿਖੀ ਚਿੱਠੀ ਮੈਨੂੰ ਪੜ੍ਹਨ ਲਈ ਪਕੜਾਈ। ਲਿਖਿਆ ਸੀ:
"ਕੋਮਲ, ਹੁਣ ਤਾਂ ਇਸ ਦੇਸ਼ ਵਿਚ ਕਈ ਸਾਂਝਾਂ, ਦੋਸਤੀਆਂ ਅਤੇ ਅਪਣੱਤਾਂ ਬਣ ਗਈਆਂ ਹਨ ਪਰ ਪੰਦਰਾਂ ਕੁ ਸਾਲ ਪਹਿਲਾਂ, ਜਦੋਂ ਵਲੈਤ ਆਇਆ ਸਾਂ ਉਦੋਂ ਇਸ ਦੇਸ਼ ਦੀ ਧਰਤੀ ਵਿਚ ਸਮਾਈ ਹੋਈ ਸੁੰਦਰਤਾ ਦੀ ਉਪਾਸਨਾ ਹੀ ਮੇਰੀਆਂ ਉਦਾਸੀਆਂ ਅਤੇ ਮੇਰੇ ਉਦਰੇਵਿਆਂ ਦੀ ਦਵਾਈ ਹੁੰਦੀ ਸੀ। ਐਤਵਾਰਾਂ ਦੀ ਵਿਹਲ ਮੇਰੇ ਮਨ ਨੂੰ ਉਂਗਲੀ ਲਾ ਕੇ ਉਨ੍ਹਾਂ ਪੰਜਾਬੀ ਪਗਡੰਡੀਆਂ ਵੱਲ ਲੈ ਤੁਰਦੀ ਸੀ, ਜਿਨ੍ਹਾਂ ਉੱਤੇ ਤੁਰਦੇ ਹੋਏ ਮੇਰੇ ਨਿੱਕੇ ਨਿੱਕੇ ਪੈਰ, ਸਕੂਲੇ, ਮੈਲੇ ਅਤੇ ਨਾਨਕੇ ਜਾਣ ਲਈ ਹਜ਼ਾਰਾਂ ਮੀਲਾਂ ਦਾ ਪੈਂਡਾ ਕਰ ਚੁੱਕੇ ਸਨ। ਪੈਰ ਥਕੇਵਿਆਂ ਤੋਂ ਜਿੰਨੇ ਅਣਜਾਣ ਸਨ, ਮਨ, ਏਥੇ ਆ ਕੇ, ਉਦਰੇਵਿਆਂ ਦਾ ਓਨਾ ਹੀ ਜਾਣੂ ਹੋ ਗਿਆ। ਇਕ ਮਿੱਤਰ ਦੀ ਮਿਹਰਬਾਨੀ ਨਾਲ ਵਿੱਪਸਨੇਡ ਜਾਣ ਦਾ ਮੌਕਾ ਮਿਲਿਆ। ਪਹਿਲੀ ਵੇਰ ਲੰਡਨੋਂ ਬਾਹਰ ਨਿਕਲਿਆ। ਜੂਨ ਦਾ ਮਹੀਨਾ, ਖ਼ੁਸ਼ਗਵਾਰ ਮੌਸਮ, ਸੁਹਣਾ ਧੁਪੈਲਾ ਦਿਨ ਅਤੇ ਹਰਿਆਵਲਾ ਹੰਢਾਉਂਦੀ ਵਲੈਤ ਦੀ ਧਰਤੀ ਵੇਖੀ। ਇਕ ਸਾਂਝ ਪੈ ਗਈ ਜਿਸ ਨੇ ਉਦਾਸੀਆਂ ਨੂੰ ਰੌਣਕਾਂ ਅਤੇ ਰੁਝੇਵਿਆਂ ਦਾ ਰੂਪ ਦੇ ਦਿੱਤਾ।
"ਪੰਜਾਬ ਦੀ ਜਿਸ ਧਰਤ-ਸੁੰਦਰਤਾ ਦੀ ਸਾਂਝ ਵਿਚ ਮੇਰਾ ਬਚਪਨ ਬੀਤਿਆ ਸੀ ਉਹ ਚੱਕਬੰਦੀ ਦੇ ਚੱਕ ਉੱਤੇ ਚਾੜ੍ਹੀ ਜਾ ਚੁੱਕੀ ਹੈ। ਗ੍ਰੀਨ ਰੈਵੋਲੂਸ਼ਨ ਦੇ ਪ੍ਰੋਹਤਾਂ ਨੇ ਆਰਥਕਤਾ ਦੀ ਮਹਾਂਕਾਲੀ ਨੂੰ ਰੀਡਾਉਣ ਲਈ ਕਪਾਹਾਂ-ਕਮਾਦਾਂ, ਸਰਵਾਂ ਸਣਾਂ, ਮਾਹਾਂ-ਮੱਕੀਆਂ, ਚਰੀਆਂ-ਝੋਨਿਆਂ ਅਤੇ ਮੂੰਗੀਆਂ-ਮਸਰਾਂ ਦੀ ਵੰਨ ਸੁਵੰਨਤਾ ਨੂੰ ਵਪਾਰਕ ਫਸਲਾਂ ਦੀ ਇਕ-ਸੁਰਤਾ ਵਿਚ ਬਦਲ ਦਿੱਤਾ ਹੈ। ਹੋਲਾਂ ਭੁੰਨਦੇ ਪਾਲੀ ਅਜੋਕੇ ਪੰਜਾਬੀ ਜੀਵਨ ਦੀ ਵਾਸਤਵਿਕਤਾ ਨਹੀਂ ਹਨ। ਹਾੜੀ ਸਾਉਣੀ ਦੀਆਂ ਫਸਲਾਂ ਵਿੱਚੋਂ ਵਲ ਪਾ ਕੇ ਲੰਘਦੀਆਂ ਪਗਡੰਡੀਆਂ ਕੁਝ ਇਕ ਪੁਰਾਣੇ ਆਦਮੀਆਂ ਦੀ ਯਾਦ ਵਿਚ ਲੁਕੀਆਂ ਬੈਠੀਆਂ ਹੋਣ, ਸ਼ਾਇਦ । ਸਰਵਾਹਤਾਂ, ਬੂਟੀਆਂ ਅਤੇ ਬੋਹਰਾਂ ਨਾਲ ਘਿਰੇ ਪਹੇ ਇਤਿਹਾਸ ਬਣ ਚੁੱਕੇ ਹਨ। ਪੰਜਾਬ ਵਿਚ ਆ ਕੇ ਵੀ ਮੇਰਾ ਜਾਣਿਆ ਮਾਣਿਆ ਪੰਜਾਬ ਮੈਨੂੰ ਨਹੀਂ ਲੱਭਦਾ। ਉਸ ਨੂੰ ਆਪਣੀ ਯਾਦ ਵਿਚ ਮੁੜ ਜੀਵਿਤ ਕਰਨ ਲਈ ਇੰਗਲਿਸ਼ ਕੰਟਰੀਸਾਇਡ ਦੇ ਨੇੜ ਦਾ ਤਰੀਕਾ ਅਪਣਾਉਣ ਨਾਲ ਮੈਨੂੰ ਕਦੇ ਨਿਰਾਸ਼ਾ ਨਹੀਂ ਹੁੰਦੀ। ਏਥੋਂ ਦੀ ਉੱਚੀ ਨੀਵੀਂ, ਢਲਵਾਨਾਂ ਵਾਲੀ, ਲਹਿਰਦਾਰ ਧਰਤੀ ਵੇਖ ਕੇ ਅਤੇ ਏਥੋਂ ਦੀਆਂ ਪਹਿਆ-ਨੁਮਾ ਦਿਹਾਤੀ ਸੜਕਾਂ ਉੱਤੇ ਤੁਰ ਕੇ ਮੇਰੇ ਮਨ ਦੀਆਂ ਅੱਖਾਂ ਸਾਹਮਣੇ, ਪੁਰਾਣੇ ਪੰਜਾਬ ਦੀ ਨੁਹਾਰ ਉੱਘੜ ਆਉਂਦੀ ਹੈ। ਦੋਹਾਂ ਦੇਸ਼ਾਂ ਦੇ ਦ੍ਰਿਸ਼ਾਂ ਵਿਚ ਕੋਈ ਸਥੂਲ ਸਾਂਝ ਨਾ ਹੁੰਦਿਆਂ ਹੋਇਆਂ ਵੀ ਸੁੰਦਰਤਾ ਦੀ ਸੂਖਮ, ਆਤਮਕ ਸਾਂਝ ਹੈ। ਸੁੰਦਰਤਾ ਦੀ ਆਤਮਕ ਏਕਤਾ, ਦ੍ਰਿਸ਼ਾਂ ਦੀ ਅਨੇਕਤਾ ਨੂੰ ਅਨੁਭਵ ਦੀ ਅਮੀਰੀ ਬਣਾਉਣ ਦਾ ਜਾਦੂ ਕਰ ਜਾਂਦੀ ਹੈ। ਆਪਣੀ ਕੰਟਰੀਸਾਈਡ ਦੀ ਸਨਾਤਨਤਾ ਦੀ ਸੰਭਾਲ ਕਰ ਕੇ ਇਨ੍ਹਾਂ ਲੋਕਾਂ ਨੇ ਉਸ ਵਿਚਲੀ ਆਤਮਾ, ਉਸ ਦੀ ਸੁੰਦਰਤਾ ਦੀ ਸੰਭਾਲ ਕੀਤੀ ਹੋਈ ਹੈ। ਕੋਮਲ, ਤੇਰੀ ਸ਼ਾਇਰਾਨਾ ਅੱਖ ਨੂੰ ਸੁੰਦਰਤਾ ਦੀ ਪਛਾਣ ਹੈ। ਕਦੇ ਏਥੇ ਆ ਅਤੇ ਦ੍ਰਿਸ਼ਾਂ ਦੀ ਅਨੇਕਤਾ ਵਿਚ ਸਮਾਈ ਹੋਈ ਸੁੰਦਰਤਾ ਦੀ ਏਕਤਾ ਨੂੰ ਵੇਖ। ਮੇਰੇ ਵਾਂਗ ਤੂੰ ਵੀ ਆਖੇਂਗਾ ਕਿ ਰਵਾਇਤ ਨੂੰ ਸਾਂਭਣਾ ਕੋਈ ਪੱਛਮੀ (ਵਿਸ਼ੇਸ਼ ਕਰਕੇ ਅੰਗ੍ਰੇਜ਼) ਲੋਕਾਂ ਕੋਲੋਂ ਸਿੱਖੇ।"
ਮੈਂ ਚਿੱਠੀ ਪੜ੍ਹ ਕੇ ਕੌਮਲ ਨੂੰ ਦੇ ਦਿੱਤੀ। ਉਸ ਨੇ ਚਿੱਠੀ ਨੂੰ ਜੇਬ ਵਿਚ ਪਾਉਂਦਿਆਂ