Back ArrowLogo
Info
Profile
ਆਖਿਆ, "ਅੱਜ ਤੋਂ ਵੀਹ ਸਾਲ ਪਹਿਲਾਂ ਇਹ ਵੇਖਣ ਦਾ ਇਰਾਦਾ ਬਣਾ ਲਿਆ ਸੀ ਕਿ ਸਨਅਤੀ ਕ੍ਰਾਂਤੀ ਦੇ ਮੋਢੀ ਦੇਸ਼ ਨੇ ਆਪਣੀਆਂ ਰਵਾਇਤਾਂ ਨੂੰ ਕਿਵੇਂ ਸਾਂਭ ਕੇ  ਰੱਖਿਆ ਹੋਇਆ ਹੈ। ਧੰਦਿਆਂ ਤੋਂ ਵਿਹਲ ਮਿਲਦਿਆਂ ਹੀ ਚੱਲ ਪਿਆ ਦੁਨੀਆਂ ਵੇਖਣ।"

"ਇਕ ਵੇਰਾਂ ਫਿਰ ਕਹਿੰਦਾ ਹਾਂ—ਇਸ ਸ਼ੌਕ ਪੇ ਕੌਨ ਨਾ ਮਰ ਜਾਏ ਅਸਦ। ਉੱਠੇ ਹੁਣ ਘਰ ਚੱਲੀਏ," ਕਹਿ ਕੇ ਮੈਂ ਸੁੱਚੀ-ਮੁੱਚੀ ਉੱਠ ਖਲੋਤਾ।

ਕੋਮਲ ਨੇ ਮੇਰਾ ਹੱਥ ਫੜ ਕੇ ਮੈਨੂੰ ਮੁੜ ਸੇਵੇ ਉੱਤੇ ਬਿਠਾਦਿਆਂ ਕਿਹਾ, "ਸਾਡੇ ਕੋਲ ਵਕਤ ਬਹੁਤ ਥੋੜਾ ਹੈ। ਇਸ ਲਈ ਸਾਰੇ ਕੰਮ ਛੇਤੀ ਛੇਤੀ ਕਰਨੇ ਹਨ। ਮੇਰੇ ਇਕ ਮਿੱਤ੍ਰ ਪ੍ਰਤਾਪ ਰਾਣਾ ਦਾ ਪੁੱਤ੍ਰ ਰਣਜੀਤ ਰਾਣਾ ਸਾਊਥਹਾਲ ਰਹਿੰਦਾ ਹੈ। ਉਸ ਦੀ ਮਾਤਾ ਨੇ ਆਪਣੇ ਪੋਤਰੇ ਲਈ ਕੁਝ ਕੱਪੜੇ ਆਦਿਕ ਭੇਜੇ ਹਨ। ਮੈਂ ਚਾਹੁੰਦਾ ਹਾਂ ਇਹ ਕੰਮ ਏਥੇ ਹੀ ਮੁੱਕ ਜਾਵੇ। ਉਸ ਨੂੰ ਫੋਨ ਕਰ ਦਿੱਤਾ ਹੈ। ਬੱਸ ਆਉਂਦਾ ਹੀ ਹੋਵੇਗਾ। ਉਸ ਤੋਂ ਵਿਹਲੇ ਹੋ ਕੇ ਕੋਈ ਵੇਖਣ ਵਾਲੀ ਥਾਂ ਵੇਖਾਂਗੇ । ਸ਼ਾਮ ਨੂੰ ਘਰ ਚਲੇ ਜਾਵਾਂਗੇ । ਸੁਣਿਆ ਹੈ ਏਥੇ ਮੈਡਮ ਟੂਸਾ ਨਾਂ ਦੀ ਕੋਈ ਥਾਂ ਹੈ। ਏਥੋਂ ਦੂਰ ਨਹੀਂ। ਅੱਜ ਉਹ ਹੀ ਕਿਉਂ ਨਾ ਵੇਖ ਲਈਏ। ਕੱਲ੍ਹ ਚੱਲਾਂਗੇ ਵਰਡਜ਼ਵਰਥ, ਕਾਲਰਿਜ਼ ਅਤੇ ਰਸਕਿਨ ਦੀ ਧਰਤੀ, ਲੋਕ ਡਿਸਟ੍ਰਿਕਟ ਅਤੇ ਵੇਖਾਂਗੇ ਰੁਮਾਂਟਿਕ ਰਵਾਇਤ ਨੂੰ ਸਾਂਭਣ ਦਾ ਅੰਗ੍ਰੇਜ਼ੀ ਸ਼ੌਕ ।"

"ਚੱਲ ਇਉਂ ਹੀ ਸਹੀ, ਪਰ ਇਸ ਰਣਜੀਤ ਰਾਣਾ ਬਾਰੇ ਤੂੰ ਪਹਿਲਾਂ ਕਦੇ ਕੁਝ ਨਹੀਂ ਦੱਸਿਆ।"

"ਇਹ ਇਕ ਪੜ੍ਹਿਆ ਲਿਖਿਆ ਨੌਜਵਾਨ ਹੈ; ਹਿਸਟਰੀ ਦੀ ਐੱਮ.ਏ. ਹੈ ਅਤੇ ਐੱਲ.ਐੱਲ.ਬੀ. ਵੀ ਹੈ। ਸਿਆਸੀ ਢੰਗ ਦਾ ਬੰਦਾ ਹੈ; ਸਾਊਥਹਾਲ ਦੀ ਲੋਕਲ ਪਾਲੇਟਿਕਸ ਵਿਚ ਸਰਗਰਮ ਹੈ; ਕੌਂਸਲਰ ਹੈ। ਤੇਰੇ ਢੰਗ ਦਾ ਆਦਮੀ ਨਹੀਂ, ਇਸ ਲਈ ਤੇਰੇ ਨਾਲ ਕਦੇ ਜ਼ਿਕਰ ਨਹੀਂ ਕੀਤਾ। ਐਹ, ਆ ਈ ਗਿਆ।"

ਚਾਲੀ-ਪੰਜਤਾਲੀ ਸਾਲਾਂ ਦੇ ਇਕ ਰੋਅਬਦਾਰ ਆਦਮੀ ਨੇ ਸ਼੍ਰੀਮਤੀ ਕੌਮਲ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ। ਜਵਾਬ ਵਿਚ ਉਨ੍ਹਾਂ ਦਾ ਪਿਆਰ ਲੈਣ ਲਈ ਉਸ ਨੂੰ ਬਹੁਤ ਝੁਕਣਾ ਪਿਆ ਕਿਉਂਜੁ ਗੋਡਿਆ ਦੀ ਪੀੜ ਨੇ ਸ੍ਰੀਮਤੀ ਕੋਮਲ ਨੂੰ ਛੇਤੀ ਨਾਲ ਉੱਠ ਕੇ ਉਸ ਦੇ ਸਿਰ ਉੱਤੇ ਪਿਆਰ ਭਰਿਆ ਹੱਥ ਫੋਰਨ ਦੀ ਇਜਾਜ਼ਤ ਨਾ ਦਿੱਤੀ। ਉਨ੍ਹਾਂ ਕੋਲੋਂ ਆਪਣੀ ਮਾਤਾ ਦਾ ਭੇਜਿਆ ਹੋਇਆ ਸੁਨੇਹਾ ਲੈ ਕੇ ਉਸ ਨੇ ਕੋਮਲ ਕੋਲੋਂ ਅਗਲੇ ਪ੍ਰੋਗ੍ਰਾਮ ਬਾਰੇ ਪੁੱਛਿਆ।

ਕੋਮਲ ਨੇ ਉੱਤਰ ਵਿਚ ਆਖਿਆ, "ਬਰਖ਼ੁਰਦਾਰ, ਅਸੀਂ ਸ਼ਿਅਰੋ ਸ਼ਾਇਰੀ ਨਾਲ ਸਾਂਝ ਰੱਖਣ ਵਾਲੇ ਲੋਕ ਹਾਂ। ਵਰਡਜ਼ਵਰਥ ਕੀਟਸ, ਸ਼ੈਲੀ ਅਤੇ ਸ਼ੇਕਸਪੀਅਰ ਨੂੰ ਪੜ੍ਹਦੇ ਆਏ ਹਾਂ। ਇਹ ਵੀ ਸੁਣਿਆ ਸੀ ਕਿ ਅੰਗ੍ਰੇਜ਼ੀ ਕੰਟਰੀਸਾਇਡ ਬਹੁਤ ਸੁੰਦਰ ਹੈ। ਸੋਚਿਆ ਸੱਜਣਾਂ ਨੂੰ ਮਿਲਣ ਦੇ ਬਹਾਨੇ ਉਹ ਦੇਸ਼ ਵੀ ਵੇਖ ਆਈਏ ਜਿਸ ਦੀ ਸੁੰਦਰਤਾ ਨਾਲ ਸਾਡੀ ਪੁਰਾਣੀ ਸਾਂਝ ਹੈ। ਅੱਜ ਮੈਡਮ ਟੂਸਾ ਵੇਖਣ ਦਾ ਇਰਾਦਾ ਹੈ; ਕੱਲ੍ਹ ਲੋਕ ਡਿਸਟ੍ਰਿਕਟ ਜਾਵਾਂਗੇ।"

ਇਕ ਅਨੋਖੀ ਜਹੀ ਮੁਸਕ੍ਰਾਹਟ ਰਾਣਾ ਸਾਹਿਬ ਦੇ ਚਿਹਰੇ ਉੱਤੇ ਪ੍ਰਗਟ ਹੋਈ। ਆਪਣੀ ਮੁਸਕਾਹਟ ਨਾਲ ਰਲਦੇ ਮਿਲਦੇ ਵਿਚਾਰ ਉਨ੍ਹਾਂ ਨੇ ਇਉਂ ਪਰਗਟ ਕੀਤਾ, 'ਅੰਕਲ ਤੁਹਾਡੀ ਗੱਲ ਠੀਕ ਹੈ; ਪਰ ਏਨੇ ਤਰੱਦਦ ਦੀ ਕੀ ਲੋੜ ਸੀ। ਦੋ ਸੌ ਸਾਲ ਤਕ ਸਾਡਾ ਵਾਹ ਰਿਹਾ ਹੈ  ਇਨ੍ਹਾਂ ਲੋਕਾਂ ਨਾਲ। ਅਸੀਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਪਛਾਣਦੇ ਹਾਂ। ਆਪਣੀ

51 / 87
Previous
Next