"ਇਸ ਦੇ ਨਾਲ ਨਾਲ ਇਹ ਵੀ ਵੇਖ ਸਕਦੇ ਹੋ ਕਿ ਇਹ ਲੋਕ ਮਹਾਨ ਕਿਸ ਨੂੰ ਮੰਨਦੇ ਹਨ। ਇਨ੍ਹਾਂ ਨੇ ਲੇਖਕਾਂ ਵਿਚ ਟੈਗੋਰ ਦਾ ਬੁੱਤ ਨਹੀਂ ਬਣਾਇਆ, ਸਾਡੇ ਲੀਡਰਾਂ ਵਿਚ ਸੁਭਾਸ਼ ਦਾ ਬੁੱਤ ਨਹੀਂ ਬਣਾਇਆ। ਜਰੂਰ ਕੋਈ ਕਾਰਨ ਹੋਵੇਗਾ।" ਆਪਣੀ ਗੱਲ ਖਤਮ ਕਰ ਕੇ ਰਾਣਾ ਸਾਹਿਬ ਨੇ ਸਾਡੇ ਵੱਲ ਵੇਖਿਆ। ਉਹ ਸਾਡੇ ਵੱਲੋਂ ਆਪਣੀ ਗੱਲ ਦੇ ਹੁੰਗਾਰੇ ਦੀ ਆਸ ਕਰ ਰਹੇ ਸਨ। ਕੋਮਲ ਨੇ 'ਤੂੰ, ਹਾਂ' ਕਰ ਛੱਡੀ। ਲੱਗਦਾ ਸੀ ਰਾਣਾ ਸਾਹਿਬ ਦੀ ਆਸ ਪੂਰੀ ਨਹੀਂ ਸੀ ਹੋਈ। ਮੈਡਮ ਟੂਸਾ ਦੇ ਬੁੱਤ ਕੋਲ ਜ਼ਰਾ ਰੁਕ ਕੇ ਆਪਣੀ ਥਕਾਵਟ ਦੂਰ ਕਰਨ ਦੇ ਖਿਆਲ ਨਾਲ ਸ੍ਰੀਮਤੀ ਕੋਮਲ ਨੇ ਪੁੱਛਿਆ, "ਇਸ ਔਰਤ ਬਾਰੇ ਏਥੇ ਕੋਈ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ ?" ਰਾਣਾ ਸਾਹਿਬ ਕੋਲੋਂ ਰਿਹਾ ਨਾ ਗਿਆ, ਬੋਲੇ, "ਕੀ ਕਰਾਂਗੇ ਇਨ੍ਹਾਂ ਲੋਕਾਂ ਬਾਰੇ ਜਾਣ ਕੇ।"
ਸ੍ਰੀਮਤੀ ਕੋਮਲ ਦੀ ਉਤਸੁਕਤਾ ਸੁਭਾਵਕ ਸੀ ਜਿਸਦੇ ਸਤਿਕਾਰ ਵਜੋਂ ਮੈਂ ਕਿਹਾ, "ਮੈਡਮ ਟੂਸਾ (Marie Tussaud) ਇਕ ਵਾਂਸੀਸੀ ਔਰਤ ਸੀ। ਇਸ ਨੇ ਪੈਰਿਸ ਵਿਚ ਆਪਣੇ ਚਾਚੇ ਕੋਲੋਂ ਮੋਮ ਦੀ ਮਾਡਲਿੰਗ ਦਾ ਕੰਮ ਸਿਖਿਆ। ਆਪਣੇ ਚਾਚੇ ਦੀ ਮੌਤ ਪਿੱਛੋਂ ਉਹ ਉਸ ਦੇ ਦੋ ਮੋਮ-ਘਰਾਂ ਦੀ ਮਾਲਕ ਮੰਨੀ ਗਈ। ਉਹ ਫ੍ਰਾਂਸ ਦੇ ਸ਼ਾਹੀ ਘਰਾਣੇ ਦੀ ਸੁਆਣੀ ਮੈਡਮ ਅਲਿਜ਼ਬਥ ਨੂੰ ਮੋਮ-ਮਾਡਲਿੰਗ ਸਿਖਾਉਣ ਦਾ ਵੀ ਕੰਮ ਕਰਦੀ ਰਹੀ। ਇਸ ਸੰਬੰਧ ਕਰਕੇ ਇਨਕਲਾਬੀਆਂ ਨੇ ਉਸ ਨੂੰ ਇਨਕਲਾਬ-ਵਿਰੋਧੀ ਅਤੇ ਰਾਜ-ਹਿਤੈਸ਼ੀ ਕਹਿ ਕੇ ਕੈਦ ਕਰ ਲਿਆ। ਜਦੋਂ ਇਨਕਲਾਬੀਆਂ ਨੇ ਆਪਣੇ ਵਿਰੋਧੀਆਂ ਨੂੰ ਮੌਤ ਦੀਆਂ ਸਜ਼ਾਵਾਂ ਦੇਣੀਆਂ ਸ਼ੁਰੂ ਕੀਤੀਆਂ, ਉਦੋਂ ਟੂਸਾ ਨੂੰ ਉੱਚ ਅਧਿਕਾਰੀਆਂ ਦੇ ਸਿਰ ਵੱਢ ਕੇ ਦੇ ਦਿੱਤੇ ਜਾਂਦੇ ਸਨ ਅਤੇ ਉਨ੍ਹਾਂ ਦੇ ਮਾਡਲ ਬਣਾਉਣ ਦਾ ਦੁਖਦਾਈ ਅਤੇ ਘਿਰਣਿਤ ਕੰਮ ਕਰਨ ਲਈ ਆਖਿਆ ਜਾਂਦਾ ਸੀ। ਉਨ੍ਹਾਂ ਸਿਰਾਂ ਵਿਚ ਬਹੁਤੇ ਟੂਸਾ ਦੇ ਸਕਿਆਂ, ਸੰਬੰਧੀਆਂ ਅਤੇ ਸਨੇਹੀਆਂ ਦੇ ਹੁੰਦੇ ਸਨ। 1802 ਵਿਚ ਉਹ ਇੰਗਲੈਂਡ ਆ ਗਈ। ਆਪਣੀਆਂ ਕਲਾ-ਕ੍ਰਿਤੀਆਂ ਨਾਲ ਤੇਤੀ ਸਾਲ ਤਕ ਇਸ ਦੇਸ਼ ਦਾ ਰਟਣ ਕਰਨ ਪਿੱਛੋਂ ਲੰਡਨ ਦੀ ਬੇਕਰ ਸਟ੍ਰੀਟ ਵਿਚ ਆਪਣਾ ਮੋਮ ਘਰ ਬਣਾਇਆ। ਅਜ ਕਲ੍ਹ ਇਹ ਮੋਮ-ਘਰ ਮੈਰਿਲਬੋਨ ਰੋਡ ਉੱਤੇ ਹੈ। 1850 ਵਿਚ ਟੂਸਾ ਦੀ ਮੌਤ ਹੋ ਗਈ। ਉਹ 1761 ਵਿਚ ਜਨਮੀ ਸੀ। ਉਸ ਦਾ ਬਣਾਇਆ ਮੋਮ-ਘਰ ਲੰਡਨ ਵਿਚਲਾ ਸਭ ਤੋਂ ਵੱਡਾ ਆਕਰਸ਼ਣ ਹੈ; ਉਵੇਂ ਹੀ ਜਿਵੇਂ ਇੰਗਲਿਸ਼ ਕੰਟਰੀਸਾਇਡ ਮੈਡਮ ਟੂਸਾ ਲਈ ਸੀ।
ਲਗਭਗ ਸਾਰਾ ਮੋਮ-ਘਰ ਵੇਖਿਆ ਗਿਆ। ਸ੍ਰੀਮਤੀ ਕੋਮਲ ਨੇ ਬੜੀ ਹਿੰਮਤ ਦਾ ਸਬੂਤ ਦਿੱਤਾ। ਉਹ ਲੰਗੜਾਉਂਦੇ ਅਤੇ ਸੋਟੀ ਦੇ ਸਹਾਰੇ ਤੁਰਦੇ ਹੋਏ ਹਰ ਚੀਜ਼ ਵਿਚ ਦਿਲਚਸਪੀ ਲੈਂਦੇ ਰਹੇ। ਇਸ ਅਜਾਇਬਘਰ ਦੀ ਅੰਤਲੀ ਆਈਟਮ ਵੇਖਣ ਵਾਲੀ ਸੀ। ਮੈਂ ਆਪਣੇ ਸਾਥੀਆਂ ਨੂੰ ਉਸ ਬਾਰੇ ਕੁਝ ਦੱਸ ਹੀ ਰਿਹਾ ਸਾਂ ਕਿ ਅਜਾਇਬਘਰ ਦਾ ਇਕ ਕਰਮਚਾਰੀ ਸਾਡੇ ਕੋਲ ਆ ਗਿਆ। ਬਹੁਤ ਨਿੰਮ੍ਰਤਾ ਨਾਲ ਮੇਰੀ ਗੱਲ ਟੋਕਣ ਦੀ ਖਿਮਾ ਮੰਗਦਿਆਂ ਹੋਇਆਂ ਉਸ ਨੇ ਆਖਿਆ, "ਹੁਣ ਤੁਸੀ ਇਸ ਅਜਾਇਬਘਰ ਦਾ ਅੰਤਲਾ ਭਾਗ ਵੇਖਣ ਵਾਲੇ ਹੋ। ਇਹ ਭਾਗ ਤੁਹਾਨੂੰ ਇਕ ਟੈਕਸੀਨੁਮਾ ਗੱਡੀ ਵਿਚ ਬਿਠਾ ਕੇ ਵਿਖਾਇਆ ਜਾਣਾ ਹੈ। ਅੱਗੇ ਪਿੱਛੇ ਕਈ ਟੈਕਸੀਆਂ ਦੀ ਇਕ ਲੰਮੀ ਲਾਇਨ ਹੈ। ਇਕ ਟੈਕਸੀ ਵਿਚ ਦੋ ਆਦਮੀ ਬੈਠਦੇ ਹਨ। ਇਹ ਟੈਕਸੀਆਂ ਚੱਲਦੀਆਂ ਹੀ ਰਹਿੰਦੀਆਂ ਹਨ।