ਹੁਣ ਸਾਨੂੰ ਪਤਾ ਲੱਗਾ ਕਿ ਟਿਕਟਾਂ ਦੀ ਲੰਮੀ ਲਾਇਨ ਵਿੱਚੋਂ ਕੱਢ ਕੇ ਸਾਨੂੰ ਇਕ ਪਾਸਿਓਂ ਦੀ ਅੰਦਰ ਕਿਉਂ ਬੁਲਾ ਲਿਆ ਗਿਆ ਸੀ। ਕੋਮਲ ਪੱਛਮੀ ਲੋਕਾਂ ਦੀ ਪ੍ਰਬੰਧਕੀ ਸੂਝ-ਬੂਝ ਅਤੇ ਕੰਮ ਕਰਨ ਦੇ ਸ਼ੌਕ ਤੋਂ ਪ੍ਰਭਾਵਿਤ ਹੋਇਆ। ਮੋਮ-ਘਰ ਦੇ ਅੰਦਰ ਹੀ ਉਹ ਮੇਰੇ ਨਾਲ ਇਸ ਬਾਰੇ ਚਰਚਾ ਕਰਨ ਲੱਗ ਪਿਆ। ਸ੍ਰੀਮਤੀ ਕੋਮਲ ਵੀ ਕਹਿ ਰਹੇ ਸਨ ਕਿ ਜਿਸ ਸਾਵਧਾਨੀ ਨਾਲ ਉਸ ਕਰਮਚਾਰੀ ਨੇ ਉਨ੍ਹਾਂ ਨੂੰ ਉਸ ਗੱਡੀ ਜਹੀ ਵਿਚ ਚੜ੍ਹਾਇਆ ਅਤੇ ਉਤਾਰਿਆ ਉਹੋ ਜਹੀ ਸਾਵਧਾਨੀ ਤਾਂ ਆਪਣਾ ਧੀ-ਪੁੱਤ ਵੀ ਨਹੀਂ ਵਰਤਦਾ। ਰਣਜੀਤ ਰਾਣਾ ਨੇ ਸਿਰ ਹਿਲਾ ਕੇ ਆਖਿਆ, "ਆਪਣੀ ਰਵਾਇਤ ਨੂੰ ਕਾਇਮ ਰੱਖਣ ਵਿਚ ਇਹ ਲੋਕ ਸਭ ਤੋਂ ਅੱਗੇ ਹਨ। ਵਪਾਰੀ ਬਣ ਕੇ ਗਏ, ਦੇਸ਼ ਦੇ ਮਾਲਕ ਬਣ ਬੈਠੇ। ਹੁਣ ਧੀਆਂ-ਪੁੱਤਾਂ ਵਾਲੀ ਸਾਵਧਾਨੀ ਦਾ ਵਖਾਲਾ ਪਾ ਕੇ ਤੁਹਾਡੇ ਖੀਸੇ ਖ਼ਾਲੀ ਕਰਦੇ ਹਨ। ਆਪਣੀ ਰਵਾਇਤ ਨੂੰ ਕਾਇਮ ਰੱਖਣਾ ਕੋਈ ਗੋਰਿਆਂ ਕੋਲੋਂ ਸਿੱਖੇ।"