ਡਾਇਰੀ ਦਾ ਇਕ ਪੰਨਾ
ਪਿਤਾ ਜੀ ਨੂੰ ਇਸ ਸੰਸਾਰ ਤੋਂ ਗਿਆ ਛੇ ਸਾਲ ਹੀ ਹੋਏ ਹਨ ਕਿ ਉਨ੍ਹਾਂ ਨਾਲ ਸੰਬੰਧ ਰੱਖਣ ਵਾਲੀਆਂ, ਉਨ੍ਹਾਂ ਦੀ ਯਾਦ ਦਿਵਾਉਣ ਵਾਲੀਆਂ ਚੀਜ਼ਾਂ ਇਕ ਇਕ ਕਰਕੇ ਅਲੋਪ ਹੋ ਚੁੱਕੀਆਂ ਹਨ। ਉਨ੍ਹਾਂ ਦੇ ਵਸਤਰ, ਉਨ੍ਹਾਂ ਦੀਆਂ ਕਿਤਾਬਾਂ, ਵਰਤੋਂ ਦਾ ਕਿੰਨਾ ਸਾਰਾ ਨਿਕ-ਸੁਕ ਕਿਧਰੇ ਛਾਈ-ਮਾਈ ਹੋ ਗਿਆ ਹੈ। ਡ੍ਰਾਇੰਗ ਰੂਮ ਦੀ ਕੰਧ ਉੱਤੇ ਲੱਗੀ ਉਨ੍ਹਾਂ ਦੀ ਤਸਵੀਰ ਵੱਲ ਵੀ ਧਿਆਨ ਘੱਟ ਜਾਂਦਾ ਹੈ। ਜਦੋਂ ਦਾ ਕੰਧਾਂ ਉਤਲਾ ਕਾਗਜ਼ ਬਦਲਿਆ ਹੈ ਉਦੋਂ ਤੋਂ ਇਹ ਤਸਵੀਰ ਕੁਥਾਵੀ ਜਹੀ ਲੱਗਣ ਲੱਗ ਪਈ ਹੈ। ਮਾਤਾ ਜੀ ਨੇ ਉਚੇਚੇ ਤੌਰ ਉਤੇ ਇਹ ਤਸਵੀਰ ਏਥੇ ਲਗਵਾਈ ਸੀ। ਉਹ ਰੋਜ਼ ਸਵੇਰੇ ਨਾ ਧੋ ਕੇ, ਇਸ ਤਸਵੀਰ ਨੂੰ ਪ੍ਰਣਾਮ ਕਰ ਕੇ, ਆਪਣੀਆਂ ਅੱਖਾਂ ਵਿਚ ਆਏ ਦੋ ਹੰਝੂਆਂ ਨੂੰ ਆਪਣੀ ਚੁੰਨੀ ਦੇ ਪੱਲੇ ਨਾਲ ਪੁੱਝਣ ਪਿੱਛੇ, ਓਸੇ ਪੱਲੇ ਨਾਲ ਤਸਵੀਰ ਦਾ ਸ਼ੀਸ਼ਾ ਸਾਫ਼ ਕਰਦੇ ਸਨ। ਇਸ ਤੋਂ 'ਵੱਖਰੇ ਕਿਸੇ ਪੂਜਾ-ਪਾਠ ਜਾਂ 'ਨਿੱਤਨੇਮ ਨਾਲ ਉਨ੍ਹਾਂ ਦੀ ਕੋਈ ਸਾਂਝ ਨਹੀਂ ਸੀ। ਆਪਣੇ ਜੀਵਨ ਦੀ ਸੱਤਰ ਸਾਲ ਲੰਮੀ ਸਾਂਝ ਨੂੰ ਆਪਣੇ ਦੇ ਹੰਝੂਆਂ ਦਾ ਢੋਆ ਦੇ ਲੈਣ ਪਿੱਛੋਂ ਉਹ ਘਰ ਦੇ ਵਾਤਾਵਰਣ ਵਿਚ ਖ਼ੁਸ਼ੀਆਂ ਅਤੇ ਖ਼ੂਬਸੂਰਤੀਆਂ ਖਿਲਾਰਨ ਦਾ ਆਹਰ ਕਰਨ ਲੱਗ ਪੈਂਦੇ ਸਨ।
ਆਲਸ ਅਤੇ ਉਦਾਸੀ ਉਨ੍ਹਾਂ ਦੇ ਨੇੜੇ ਕਦੇ ਨਹੀਂ ਸਨ ਆਏ। ਉਨ੍ਹਾਂ ਕੋਲ ਇਨ੍ਹਾਂ ਦੋਹਾਂ ਲਈ ਵੇਹਲ ਹੀ ਨਹੀਂ ਸੀ। ਰਸੋਈ ਦੇ ਕੰਮ ਵਿਹਲੇ ਹੁੰਦੇ ਤਾਂ ਘਰ ਨੂੰ ਸਵਾਰਨ ਲੱਗ ਪੈਂਦੇ। ਇਹ ਕੰਮ ਮੁੱਕਦਾ ਤਾਂ ਬਗੀਚੇ ਵਿਚ ਫੁੱਲਾਂ ਨਾਲ ਸਲਾਹੀ ਜਾ ਪੈਂਦੇ। ਸ਼ਾਮ ਨੂੰ ਥੱਕ ਕੇ ਆਪਣੇ ਪੜ੍ਹੇ-ਪੋਤੀ ਨੂੰ ਉਨ੍ਹਾਂ ਦੇ ਦਾਦਾ ਜੀ ਦੀਆ ਗੱਲਾ ਸੁਣਾ ਕੇ ਖੁਸ਼ ਹੁੰਦੇ। ਉਨ੍ਹਾਂ ਦੀਆਂ ਗੱਲਾਂ ਵਿੱਚੋਂ ਸਾਥੀ ਦੋ ਵਿਛੜ ਜਾਣ ਦਾ ਝੋਰਾ ਕਦੇ ਨਹੀਂ ਸੀ ਪ੍ਰਗਟ ਹੋਇਆ। ਗੱਲਾਂ ਕਰਦਿਆਂ ਉਹ ਇਸ ਤਸਵੀਰ ਵੱਲ ਇਉਂ ਇਸ਼ਾਰਾ ਕਰਦੇ ਸਨ, ਇਸ ਢੰਗ ਨਾਲ ਪਿਤਾ ਜੀ ਦਾ ਜਿਕਰ ਕਰਦੇ ਸਨ, ਜਿਵੇਂ ਉਹ ਇਸ ਤਸਵੀਰ ਦੇ ਰੂਪ ਵਿਚ ਉਨ੍ਹਾਂ ਦੇ ਸਾਹਮਣੇ ਬੈਠੇ ਹੋਣ।
ਮਾਤਾ ਜੀ ਦੇ ਹੁੰਦਿਆਂ ਸਾਡੇ ਲਈ ਵੀ ਇਹ ਤਸਵੀਰ ਨਿਰੀ ਤਸਵੀਰ ਨਾਲੋਂ ਕੁਝ ਵੱਧ ਸੀ। ਹੁਣ ਜਦੋਂ ਮਾਤਾ ਜੀ ਨਹੀਂ ਰਹੇ, ਸਾਨੂੰ ਵੀ ਇਸ ਤਸਵੀਰ ਵਿਚ ਕਿਸੇ ਵਿਸ਼ੇਸ਼ਤਾ ਨੂੰ ਵੇਖਣ ਦੀ ਜਾਚ ਨਹੀਂ ਰਹੀ। ਹੁਣ ਇਸ ਤਸਵੀਰ ਨਾਲ ਉਦਾਸੀਆਂ ਦੀ ਸਾਂਝ ਪੈ ਗਈ ਹੈ। ਅੱਜ ਸਵੇਰੇ ਏਸੇ ਸਾਂਝ ਦੇ ਸਨਮੁਖ ਖਲੋਤਿਆਂ ਖ਼ਿਆਲ ਆਇਆ ਕਿ ਇਸ ਨੂੰ ਡ੍ਰਾਇੰਗ ਰੂਮ ਵਿੱਚੋਂ ਲਾਹ ਕੇ ਕਿਧਰੇ ਹੋਰਥੇ ਰੱਖ ਦਿੱਤਾ ਜਾਵੇ। 'ਮੇਰੀ ਸੋਚ ਦੀ ਸੋਧ ਸਾਊ ਹੈ ਕਿ ਨਹੀਂ" ਇਹ ਜਾਣਨ ਲਈ ਮੈਂ ਆਪਣਾ ਪ੍ਰਸਤਾਵ ਆਪਣੀ ਪਤਨੀ ਅੱਗੇ ਰੱਖਿਆ। ਉਨ੍ਹਾਂ ਨੇ ਆਖਿਆ, "ਸੱਚ ਪੁੱਛਦੇ ਹੋ ਤਾਂ ਮੈਂ ਤੁਹਾਨੂੰ ਏਹੋ ਕਹਿਣਾ ਚਾਹੁੰਦੀ ਸਾਂ; ਸੋਚਦੀ ਸਾਂ ਤੁਸੀਂ ਬੁਰਾ ਨਾ ਮਨਾ ਲਵੋ।"