Back ArrowLogo
Info
Profile
ਲੈ ਕੇ ਰੇਲਵੇ ਸਟੇਸ਼ਨ ਜਾਂ ਬੱਸਾਂ ਦੇ ਅੱਡੇ ਵੱਲ ਤੁਰ ਪੈਣਗੇ। ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਗੱਲਾਂ ਕਰਨ ਦਾ ਮੌਕਾ ਨਹੀਂ ਮਿਲੇਗਾ; ਬੱਚਿਆਂ ਨੂੰ ਆਪਣੇ ਪਿੱਤੀ ਨਾਲ ਖੇਡਣ ਦਾ ਮੌਕਾ ਨਹੀਂ ਮਿਲੇਗਾ। ਜਿਹੜੀ ਖੁਸ਼ੀ ਇਸ ਸਮੇਂ ਸਾਨੂੰ ਮਿਲ ਰਹੀ ਹੈ, ਉਹ ਅੰਕਲ ਜੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਨਹੀਂ ਮਿਲੇਗੀ। ਕਿੰਨਾ ਘਾਟਾ ਪਵੇਗਾ ਉਨ੍ਹਾਂ ਬੱਚਿਆਂ ਨੂੰ ਅਤੇ ਤੁਹਾਡੇ ਅੰਕਲ ਜੀ ਨੂੰ!! ਕੀ ਇਕ ਆਨੇ ਨਾਲ ਤੁਹਾਡੇ ਅੰਕਲ ਦਾ ਇਹ ਘਾਟਾ ਪੂਰਾ ਹੋ ਜਾਵੇਗਾ ?"

ਮੇਰੀਆਂ ਦੋਹਾਂ ਵੱਖੀਆਂ ਨਾਲ ਲੱਗੀਆਂ ਦੋਵੇਂ ਭੈਣਾਂ ਮੂੰਹ ਚੁੱਕੀ ਮੇਰੇ ਮੁੰਹ ਵੱਲ ਵੇਖ ਰਹੀਆਂ ਸਨ। ਮੇਰੇ ਵਾਂਗ ਉਹ ਵੀ ਆਪੋ ਆਪਣੇ ਆਪੇ ਵਿੱਚੋਂ ਬਾਹਰ, ਕਿਸੇ ਅਜਿਹੇ ਟਿਕਾਣੇ ਪੁੱਜ ਗਈਆਂ ਸਨ ਜਿਥੇ ਮੇਰੀਆਂ ਗੱਲਾਂ, ਅਕਲ ਦੀ ਥਾਂ, ਅਹਿਸਾਸ ਦੇ ਮਾਧਿਅਮ ਰਾਹੀਂ ਉਨ੍ਹਾਂ ਤਕ ਪੁੱਜ ਰਹੀਆਂ ਸਨ। ਅਹਿਸਾਸ ਦੀ ਦੁਨੀਆਂ ਵਿਚ ਟਿਕਿਆਂ ਨੂੰ ਪਤਾ ਨਾ ਲੱਗਾ ਕਿ ਰਿਕਸ਼ਾ 253 L ਦੇ ਸਾਹਮਣੇ ਜਾ ਖਲੋਤਾ ਹੈ। 'ਸਰਦਾਰ ਜੀ', ਸੰਬੋਧਨ ਨੇ ਸਾਨੂੰ ਸੁਚੇਤ ਕਰ ਦਿੱਤਾ। ਉਸ ਨੇ ਦੋਵੇਂ ਥੈਲੇ ਰਿਕਸ਼ੇ ਵਿੱਚੋਂ ਚੁੱਕ ਕੇ ਗੇਟ ਦੇ ਸਾਹਮਣੇ ਰੱਖ ਦਿੱਤੇ ਅਤੇ ਛੋਟੀ ਬੱਚੀ ਨੂੰ ਚੁੱਕ ਕੇ ਰਿਕਸ਼ੇ ਵਿੱਚੋਂ ਉਤਾਰਿਆ। ਮੈਂ ਜੇਬ ਵਿੱਚੋਂ ਕੱਢ ਕੇ ਪੰਜ ਆਨੇ ਉਸ ਵੱਲ ਵਧਾਏ। ਨਿਮਰਤਾ ਨਾਲ, ਹੱਥ ਜੋੜ ਕੇ ਆਪਣਾ ਦ੍ਰਿੜ੍ਹ ਫ਼ੈਸਲਾ ਉਸ ਨੇ ਸੁਣਾਇਆ, "ਨਹੀਂ, ਜੀ, ਮੈਂ ਕੋਈ ਪੈਸਾ ਨਹੀਂ ਲੈਣਾ: ਮੈਨੂੰ ਬਹੁਤ ਕੁਝ ਮਿਲ ਗਿਆ ਹੈ।"

ਮੈਂ ਹੈਰਾਨੀ ਨਾਲ ਪੁੱਛਿਆ, "ਕੀ ਮਿਲ ਗਿਆ ਬਈ ਤੈਨੂੰ ?"

"ਤੁਹਾਡੀਆਂ ਗੱਲਾਂ ਸੁਣ ਲਈਆਂ; ਇਹ ਕੋਈ ਥੋੜੀ ਜਹੀ ਗੱਲ ਹੈ ? ਆਪਣੇ ਬੱਚਿਆਂ ਨਾਲ ਏਹੋ ਜਹੀਆਂ ਗੱਲਾਂ ਕਰਨ ਵਾਲਾ ਪਿਉ ਮੈਂ ਕਦੇ ਨਹੀਂ ਵੇਖਿਆ, ਸਰਦਾਰ ਜੀ।"

ਉਹ ਆਪਣੇ ਮੋਢੇ ਉੱਤੇ ਪਏ ਪਰਨੇ ਨਾਲ ਅੱਖਾਂ ਪੂੰਝ ਰਿਹਾ ਸੀ। ਮੈਂ ਨਿਉਂ ਕੇ ਉਸ ਦੇ ਪੈਰੀਂ ਹੱਥ ਲਾਉਣਾ ਚਾਹਿਆ। ਇਕ ਦਮ ਪਰੇ ਹੁੰਦਿਆਂ ਉਸ ਨੇ ਆਖਿਆ, "ਇਹ ਕੀ ਕਰਦੇ ਓ, ਸਰਦਾਰ ਜੀ ? ਮੇਰੇ ਸਿਰ ਏਨਾ ਭਾਰ ਨਾ ਚਾੜ੍ਹੋ।"

"ਦੋਸਤਾ, ਮੈਂ ਤਾਂ ਸਿਰਫ਼ ਗੱਲਾਂ ਕੀਤੀਆਂ ਹਨ। ਗੱਲਾਂ ਦਾ ਕੀ ਹੈ; ਕੋਈ ਵੀ ਕਰ ਸਕਦਾ ਹੈ। ਤੂੰ ਧੰਨ ਹੈਂ ਜਿਸ ਨੇ ਗੱਲਾਂ ਦਾ ਏਨਾ ਵੱਡਾ ਮੁੱਲ ਪਾਇਆ ਹੈ।"

ਮੇਰੀ ਮਾਨਸਿਕ ਅਮੀਰੀ ਵਿਚ ਵਾਧਾ ਕਰਨ ਵਾਲਾ ਰਾਤ ਦੇ ਹਨੇਰੇ ਵਿਚ ਅਲੋਪ ਹੋ ਗਿਆ। ਉਸ ਦੀ ਯਾਦ ਨਾਲ ਮੇਰੇ ਰਾਹ ਰੋਸ਼ਨ ਅਤੇ ਉਸ ਦੇ ਜ਼ਿਕਰ ਨਾਲ ਮੇਰੇ ਸਾਹ ਸੁਗੰਧਤ ਹੁੰਦੇ ਰਹਿਣਗੇ।

ਡਾਇਰੀ ਦਾ ਇਕ ਪੰਨਾ ਪੜ੍ਹ ਲੈਣ ਪਿੱਛੋਂ ਸਾਰੀ ਡਾਇਰੀ ਪੜ੍ਹਨ ਦੀ ਇੱਛਾ ਹੋਈ। ਤਸਵੀਰ ਅਤੇ ਡਾਇਰੀ ਹੱਥ ਵਿਚ ਫੜੀ ਜਦੋਂ ਮੈਂ ਡ੍ਰਾਇੰਗਰੂਮ ਵਿਚ ਦਾਖ਼ਿਲ ਹੋਇਆ ਤਾਂ ਘਰ ਵਾਲੀ ਨੇ ਆਖਿਆ, "ਤਸਵੀਰ ਵਾਪਸ ਲੈ ਆਏ ਹੋ ਨਾ; ਚੰਗਾ ਕੀਤਾ, ਕਮਰਾ ਖ਼ਾਲੀ ਖਾਲੀ ਲੱਗਣ ਲੱਗ ਪਿਆ ਸੀ।"

58 / 87
Previous
Next