ਮੌਤੋਂ ਭੁੱਖ ਬੁਰੀ
ਤਬਾਦਲਾ ਕਰਵਾ ਲੈਣ ਉੱਤੇ ਵੀ ਪ੍ਰੋਫੈਸਰ ਗੌਤਮ ਦੇ ਮਨ ਦੀ ਮੁਰਾਦ ਪੂਰੀ ਨਾ ਹੋਈ। ਉਸ ਦਾ ਖ਼ਿਆਲ ਸੀ ਕਿ ਨਵੀਂ ਥਾਂ ਉੱਤੇ ਆ ਜਾਣ ਨਾਲ ਉਸ ਦੀ ਪਤਨੀ ਆਪਣਾ ਦੁੱਖ ਭੁੱਲ ਜਾਵੇਗੀ । ਲੁਧਿਆਣੇ, ਸਰਾਭਾ ਨਗਰ ਅਤੇ ਉਸ ਨਗਰ ਵਿਚਲੀ ਕੋਠੀ ਨੰ: ਨੌਂ ਨਾਲ ਜੁੜੀਆ ਹੋਈਆਂ ਯਾਦਾਂ ਤੋਂ ਪਿੱਛਾ ਛੁਡਾਉਣ ਦਾ ਸੌਖਾ ਅਤੇ ਤੁਰੰਤ ਤਰੀਕਾ ਹੋਰ ਕਿਹੜਾ ਹੋ ਸਕਦਾ ਸੀ ? ਪਰ ਇਹ ਤਰੀਕਾ ਕਾਰਗਰ ਸਾਬਤ ਨਾ ਹੋਇਆ। ਕੁਝ ਦਿਨਾਂ ਵਿਚ ਹੀ ਤ੍ਰਿਪਤਾ ਨੂੰ ਅਹਿਸਾਸ ਹੋਣ ਲੱਗ ਪਿਆ ਕਿ ਉਨ੍ਹਾਂ ਦਾ ਫੈਸਲਾ ਗ਼ਲਤ ਸੀ। 'ਕੋਠੀ ਨੰ: ਨੌਂ ਵਿਚ ਗੇਨਾ ਦੀ ਛੋਹ ਮੌਜੂਦ ਸੀ। ਉਸ ਕੋਠੀ ਦੀਆਂ ਕੰਧਾਂ ਨਾਲ ਕੰਨ ਲਾਇਆ ਰੀਨਾ ਦੇ ਬੋਲਾਂ ਦੀ ਮੱਧਮ ਮਿੱਠੀ ਗੂੰਜ ਸੁਣੀ ਜਾ ਸਕਦੀ ਸੀ। ਉਸ ਦੇ ਬਗੀਚੇ ਵਿਚ ਖਿੜੇ ਫੁੱਲ ਰੀਨਾ ਦੇ ਹਾਸਿਆਂ ਦੀ ਰੀਸ ਕਰਦੇ ਜਾਪਦੇ ਸਨ। ਉਸ ਦੀ ਹਵਾ ਵਿਚ ਰੀਨਾ ਦੀ ਸੁਗੰਧ ਸਮਾਈ ਹੋਈ ਸੀ। ਇਹ ਸਭ ਕੁਝ ਉਹ ਕਿਉਂ ਛੱਡ ਗਏ।'
ਕੋਠੀ ਦੇ ਬਰਾਂਡੇ ਵਿਚ ਕੁਰਸੀ ਉੱਤੇ ਬੈਠੀ ਤ੍ਰਿਪਤਾ ਆਪਣੇ ਫ਼ੈਸਲੇ ਬਾਰੇ ਸੋਚ ਰਹੀ ਸੀ। ਗੌਤਮ ਨੇ ਨਾਸ਼ਤੇ ਵਾਲੀ ਟ੍ਰੇ ਮੇਜ਼ ਉੱਤੇ ਰੱਖੀ ਅਤੇ ਪਤਨੀ ਦੇ ਸਾਹਮਣੇ ਕੁਰਸੀ ਉੱਤੇ ਬੈਠਦਿਆਂ ਪੁੱਛਿਆ, "ਕੀ ਸੋਚ ਰਹੇ ਹੋ, ਤ੍ਰਿਪਤਾ ?"
"ਕੋਠੀ ਨੰ: ਨੌਂ ਵਿਚ ਰਹਿੰਦਿਆਂ ਕਦੇ ਕਦੇ ਇੰਜ ਲੱਗਦਾ ਸੀ ਕਿ ਗੋਨਾ ਮੇਰੇ ਆਸ ਪਾਸ ਹੈ; ਮੇਰੇ ਲਾਗੇ, ਮੇਰੇ ਕੋਲ ਹੈ," ਕਹਿ ਕੇ ਤ੍ਰਿਪਤਾ ਨੇ ਇਕ ਠੰਢਾ ਸਾਹ ਲਿਆ ਅਤੇ ਘਰ ਦੇ ਬਗੀਚੇ ਵਿਚ ਖਿੜੇ ਫੁੱਲਾਂ ਵੱਲ ਵੇਖਣ ਲੱਗ ਪਈ।
"ਇਸੇ ਭਰਮ ਵਿੱਚੋਂ ਨਿਕਲਣ ਦਾ ਯਤਨ ਕਰ ਰਹੇ ਹਾਂ, ਤ੍ਰਿਪਤਾ।"
"ਇਸ ਨੂੰ ਭਰਮ ਨਾ ਆਖੋ, ਗੌਤਮ। ਇਹ ਮਾਂ ਦੀ ਮਮਤਾ ਹੈ। ਇਸ ਤੋਂ ਪਰ੍ਹੇ ਜਾ ਕੇ ਮਾਂ ਦੀ ਮੌਤ ਹੋ ਜਾਵੇਗੀ।"
"ਹੁਣ ਛੱਡੋ ਇਨ੍ਹਾਂ ਗੱਲਾਂ ਨੂੰ ਅਤੇ ਚਾਹ ਪੀਓ। ਜੇ ਇਹ ਸੱਚ ਹੈ ਤਾਂ ਇਸ ਨੂੰ ਸਵੀਕਾਰ ਕਰਨਾ ਹੋਰ ਵੀ ਜ਼ਰੂਰੀ ਹੈ," ਪ੍ਰੋਫੈਸਰ ਗੌਤਮ ਨੇ ਆਪਣੇ ਅਤੇ ਆਪਣੀ ਪਤਨੀ ਦੇ ਦੁੱਖ ਉੱਤੇ ਦਾਰਸ਼ਨਿਕਤਾ ਦੀ ਦਵਾਈ ਲਾਉਣ ਦਾ ਨਿਸਫਲ ਯਤਨ ਕਰਦਿਆਂ ਆਖਿਆ।
"ਗੌਤਮ, ਨਾ ਮੈਂ ਬੁੱਧ ਹਾਂ ਨਾ ਸ਼ੰਕਰਾਚਾਰੀਆ। ਮੇਰੇ ਲਈ ਇਹ ਸੰਸਾਰ ਨਾ ਸੱਚ ਹੈ ਨਾ ਭਰਮ: ਕੇਵਲ ਸੰਸਾਰ ਹੈ। ਇਸ ਸੰਸਾਰ ਵਿਚ ਸੰਸਾਰੀਆਂ ਵਾਂਗ ਜੀਣ ਦੀ ਇੱਛਾ ਹੈ ਮੇਰੀ। ਮੇਰੀ ਮਮਤਾ ਦਾ ਅਧਿਕਾਰ ਖੋਹ ਲਿਆ ਗਿਆ ਹੈ, ਗੌਤਮ। ਮੈਂ..... ।" ਆਪਣੀ ਗੱਲ ਵਿਚੇ ਛੱਡ ਕੇ ਤ੍ਰਿਪਤਾ ਕੁਰਸੀ ਉੱਤੋਂ ਉੱਠੀ ਅਤੇ ਰੀਨਾ.....ਰੀਨਾ ਪੁਕਾਰਦੀ ਕੋਠੀ