ਇਕ ਦੂਜੇ ਨੂੰ ਧੀਰਜ ਅਤੇ ਉਤਸ਼ਾਹ ਦੇਣ ਲਈ ਦੋਹਾਂ ਨੂੰ ਆਪੋ ਆਪਣੇ ਮਨ ਵਿਚ ਧੀਰਜ ਅਤੇ ਉਤਸ਼ਾਹ ਦੀ ਦੌਲਤ ਇਕੱਠੀ ਕਰਨ ਦੀ ਲੋੜ ਸੀ। ਉਹ ਜਤਨ ਵੀ ਕਰਦੇ ਸਨ, ਪਰ ਕੋਠੀ ਨੰ: ਨੌਂ ਵਿਚ ਖਿੱਲਰੀਆਂ ਯਾਦਾਂ ਦਾ ਹਰ ਨਿੱਕਾ ਵੱਡਾ ਠੇਡਾ ਉਨ੍ਹਾਂ ਦੇ ਸੰਤੁਲਨ ਨੂੰ ਖ਼ਰਾਬ ਕਰ ਦਿੰਦਾ ਅਤੇ ਮਨ ਦਾ ਭਰਿਆ ਪਿਆਲਾ ਛਲਕ ਜਾਂਦਾ। ਹਾਰ ਕੇ ਉਨ੍ਹਾਂ ਨੇ ਤਬਾਦਲੇ ਦਾ ਤਰੀਕਾ ਵਰਤਿਆ ਅਤੇ ਮਾਡਲ ਟਾਊਨ, ਜਲੰਧਰ ਆ ਗਏ। ਉਹ ਪਿਛਲੇ ਐਤਵਾਰ ਏਥੇ ਆਏ ਸਨ। ਗੌਤਮ ਪਿਛਲਾ ਸਾਰਾ ਹਫ਼ਤਾ ਛੁੱਟੀ ਉੱਤੇ ਸੀ। ਘਰ ਦਾ ਸਾਮਾਨ ਸੈੱਟ ਕਰਦਿਆਂ ਅਤੇ ਲੋੜ ਦੀਆਂ ਚੀਜ਼ਾਂ ਖ਼ਰੀਦ ਕਰਦਿਆਂ ਸਾਰਾ ਹਫ਼ਤਾ ਰੁਝੇਵੇਂ ਵਿਚ ਬੀਤਿਆ। ਅੱਜ ਐਤਵਾਰ ਜ਼ਰਾ ਵਿਹਲੇ ਹੋ ਕੇ ਗ਼ਮ ਦੀ ਦੁਨੀਆਂ ਵਿਚ ਪੁਨਰ ਪ੍ਰਵੇਸ਼ ਕਰਨ ਹੀ ਲੱਗੇ ਸਨ ਕਿ ਰਾਮੀਂ ਜਮਾਦਾਰਨੀ ਨਾਲ, ਆਪਣੀ ਰੀਨਾ ਦੀ ਹਮ-ਸ਼ਕਲ ਅਤੇ ਹਮ-ਉਮਰ ਕੁੜੀ ਨੂੰ ਆਈ ਵੇਖ ਕੇ ਦੋਵੇਂ ਅਚੰਭਿਤ ਹੋ ਗਏ।
ਇਹ ਅਚੰਡਾ ਏਨਾ ਅਚਾਨਕ ਅਤੇ ਬਲਵਾਨ ਸੀ ਕਿ ਇਸ ਨੇ ਦੋਹਾਂ ਨੂੰ ਗ਼ਮ ਦੀ ਦੁਨੀਆਂ ਵਿੱਚੋਂ ਚੁੱਕ ਕੇ ਸੋਚਾਂ ਦੇ ਸਾਗਰੀ ਸੁੱਟ ਦਿੱਤਾ। ਆਪਣੀਆਂ ਅੱਖਾਂ ਉੱਤੇ ਭਰੋਸਾ ਕਰਨਾ ਉਨ੍ਹਾਂ ਨੂੰ ਔਖਾ ਲੱਗ ਰਿਹਾ ਸੀ: ਭਰੋਸਾ ਨਾ ਕਰਨਾ ਵੀ ਸੌਖਾ ਨਹੀਂ ਸੀ। ਉਹ ਆਪਣੀ ਰੀਨਾ ਦੇ ਵਿਛੋੜੇ ਨੂੰ ਭੁੱਲ ਕੇ ਉਸ ਦੇ ਰੂਪਾਂਤਰ ਦੇ ਰਹੱਸ ਬਾਰੇ ਸੋਚ ਰਹੇ ਸਨ, ਜਦੋਂ ਆਪਣਾ ਕੰਮ ਮੁਕਾ ਕੇ ਰਾਮੀਂ ਜਮਾਦਾਰਨੀ, ਉਸ ਕੁੜੀ ਨੂੰ ਨਾਲ ਲਈ, ਮੁੜ ਉਨ੍ਹਾਂ ਦੀ ਕੋਠੀ ਵਿਚ ਆਈ ਅਤੇ ਬਰਾਂਡੇ ਵਿਚ ਬੈਠ ਗਈ। ਕੁੜੀ ਉਸ ਦੇ ਲਾਗੇ ਖਲੋਤੀ ਰਹੀ। ਪਤੀ ਪਤਨੀ ਨੇ ਕੁੜੀ ਨੂੰ ਧਿਆਨ ਨਾਲ ਵੇਖਿਆ। ਸਵੇਰ ਵਾਲਾ ਅਚੰਭਾ ਇਸ ਵੇਲੇ ਹਾਜ਼ਰ ਨਹੀਂ ਸੀ, ਇਸ ਲਈ ਦੋਵੇਂ ਆਪਣੇ ਆਪੇ ਵਿਚ ਸਨ। ਆਪਣੇ ਆਪੇ ਵਿਚ ਸਨ, ਇਸ ਲਈ ਸਵੇਰ ਨਾਲੋਂ ਬਹੁਤੇ ਹੈਰਾਨ ਲੱਗਦੇ ਸਨ। ਹੈਰਾਨ ਸਨ ਇਸ ਲਈ ਇਕ ਟੱਕ ਉਸ ਕੁੜੀ ਵੱਲ ਵੇਖ ਰਹੇ ਸਨ।
"ਬੀਬੀ ਜੀ ,ਕੀ ਗੱਲ ਹੈ ? ਸਵੇਰੇ ਵੀ ਤੁਸੀਂ....."
ਤ੍ਰਿਪਤਾ ਨੇ ਰਾਮੀ ਦਾ ਪ੍ਰਸ਼ਨ ਪੂਹਾ ਨਾ ਹੋਣ ਦਿੱਤਾ, ਪੁੱਛਿਆ, "ਇਹ ਕੁੜੀ ਕੌਣ ਹੈ ?"
"ਮੇਰੀ ਪੋਤੀ, ਬੀਬੀ ਜੀ।"
"ਕੀ ਨਾਂ ਹੈ ਇਸ ਦਾ ?"
"ਮੀਨਾ , ਬੀਬੀ ਜੀ ।"
"ਮੀ.....ਨਾ.... ਬਹੁਤ ਪਿਆਰਾ ਨਾਂ ਹੈ ।"
"ਏਨਾ ਕੁ ਈ ਪਿਆਰਾ; ਪੂਰਾ ਨਾਂ ਬਹੁਤ ਔਖਾ; ਮੇਰੇ ਤਾਂ ਮੂੰਹ ਨਹੀਂ ਚੜ੍ਹਦਾ।"
"ਪੂਰਾ ਨਾਂ ਕੀ ਹੈ ?"
“ਮੀ.........ਨਾ........ਛ..........!”