ਅਤੇ ਅਨੇਕਤਾ ਨੂੰ ਸਤਿਕਾਰਦੇ, ਪਿਆਰਦੇ ਅਤੇ ਆਦਰਸ਼ਿਆਉਂਦੇ ਆਏ ਹਨ। ਦੇਸ਼ਾਂ, ਕੌਮਾਂ, ਸਭਿਆਤਾਵਾਂ, ਸੰਸਕ੍ਰਿਤੀਆਂ ਦਰਸ਼ਨਾਂ ਅਤੇ ਧਰਮਾਂ ਦੀ ਸਹਾਇਤਾ ਨਾਲ ਭਾਵਨਾਵਾਂ ਦੀ ਏਕਤਾ ਦਾ ਨਿਰਾਦਰ ਕਰ ਕੇ ਵਿੱਥਾਂ ਦੀ ਉਮਰ ਲੰਮੇਰੀ ਕਰਦੇ ਆਏ ਹਨ। ਪਰ ਤੁਹਾਡੇ ਵਿਚਲੀ ਮਮਤਾ ਤਾਂ ਸਭਿਅਤਾਵਾਂ-ਸੰਸਕ੍ਰਿਤੀਆਂ ਨਾਲੋਂ ਬਹੁਤ ਪੁਰਾਣੀ ਹੈ। ਸਮਾਜਿਕ ਵਿੱਥਾਂ ਉਸ ਦਾ ਰਾਹ ਕਿਵੇਂ ਰੋਕ ਸਕਦੀਆਂ ਹਨ ?" ਕਹਿ ਕੇ ਗੌਤਮ ਚੁੱਪ ਕਰ ਗਿਆ। ਤ੍ਰਿਪਤਾ ਉਸ ਦੇ ਮੂੰਹ ਵੱਲ ਧਿਆਨ ਨਾਲ ਵੇਖਦੀ ਹੋਈ ਬੋਲੀ, "ਉੱਠ, ਅੰਦਰ ਚੱਲੀਏ; ਰੋਟੀ ਦਾ ਵੇਲਾ ਹੋ ਗਿਆ ਹੈ।"
ਤ੍ਰਿਪਤਾ ਦੀ ਇਸ ਖ਼ੁਸ਼ੀ ਨਾਲ ਗੌਤਮ ਦੇ ਆਦਰਸ਼ਾਂ ਦੀ ਸਾਂਝ ਸੀ, ਇਸ ਲਈ ਉਹ, ਉਸ ਦੀ ਇਸ ਖ਼ੁਸ਼ੀ ਦੇ ਰਾਹ ਦੀ ਹਰ ਰੁਕਾਵਟ ਹੂੰਝ ਦੇਣੀ ਚਾਹੁੰਦਾ ਸੀ। ਉਹ ਹਰ ਪ੍ਰਕਾਰ ਦਾ ਉਤਸ਼ਾਹ ਦੇ ਕੇ ਤ੍ਰਿਪਤਾ ਦੇ ਮਨ ਨੂੰ ਇਸ ਕੰਮ ਲਈ ਤਿਆਰ ਕਰਨਾ ਚਾਹੁੰਦਾ ਸੀ ਕਿ ਉਹ ਮੀਨਾ ਨੂੰ ਆਪਣੀ ਮਮਤਾ ਦਾ ਆਧਾਰ ਮੰਨ ਲਵੋ ਅਤੇ ਇਸ ਦੁਨੀਆਂ ਨੂੰ ਮੁੜ ਓਸੇ ਦ੍ਰਿਸ਼ਟੀ ਨਾਲ ਵੇਖਣ ਲੱਗ ਪਵੇ, ਜਿਸ ਨਾਲ ਉਹ ਸਦਾ ਤੋਂ ਵੇਖਦੀ ਆਈ ਸੀ। ਇਸ ਅਚੰਭੇ ਨੇ ਉਸ ਦੇ ਸਮੁੱਚੇ ਆਪੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਲਿਆ ਸੀ। ਉਹ ਨਹੀਂ ਸੀ ਚਾਹੁੰਦਾ ਕਿ ਤ੍ਰਿਪੜਾ ਇਸ ਦੇ ਸੁਖਾਵੇਂ ਪ੍ਰਭਾਵ ਵਿੱਚੋਂ ਨਿਕਲ ਕੇ ਮੁੜ ਗ਼ਮ ਨੂੰ ਗਲ ਲਾ ਲਵੇ। ਉਸ ਨੇ ਗੰਨਾ ਅਤੇ ਮੀਨਾ ਵਿਚਲੀ ਸਮਾਜਿਕ ਵਿੱਥ ਨੂੰ ਘਟਾਉਣ ਦੇ ਨਾਲ ਨਾਲ ਮੀਨਾ ਅਤੇ ਤ੍ਰਿਪਤਾ ਵਿਚਲੀਆਂ ਸਰੀਰਕ ਅਤੇ ਸਮਾਜਿਕ ਵਿੱਥਾਂ ਨੂੰ ਘੱਟ ਕਰਨ ਦੇ ਸਾਧਨ ਵੀ ਲੱਭਣੇ ਸ਼ੁਰੂ ਕਰ ਦਿੱਤੇ।
ਗੰਨਾ ਦੇ ਸਾਰੇ ਕਪੜੇ ਕਿਤਾਬਾਂ ਆਦਿਕ ਮੀਨਾ ਦੇ ਹੋ ਗਏ। ਤ੍ਰਿਪਤਾ ਨੂੰ ਮੀਨਾ ਦੇ ਸਕੂਲ ਵਿਚ ਆਨਰੇਰੀ ਅਧਿਆਪਕਾ ਦੀ ਨੌਕਰੀ ਲੈ ਦਿੱਤੀ ਗਈ। ਐਤਵਾਰ ਦਾ ਸਾਰਾ ਦਿਨ ਮੀਨਾ ਤ੍ਰਿਪਤਾ ਕੋਲ ਰਹਿਣ ਲੱਗ ਪਈ । ਕੁਝ ਕੁ ਹਫ਼ਤਿਆਂ ਵਿਚ ਹੀ ਮੀਨਾ ਸੰਪੂਰਣ ਰੂਪ ਰੀਨਾ ਹੋ ਗਈ। ਉਸ ਦਾ ਉਠਣ-ਬੈਠਣ, ਖਾਣ-ਪੀਣ, ਤੁਰਨ-ਫਿਰਨ ਅਤੇ ਕੂਣ-ਬੋਲਣ ਸਭ ਰੀਨਾ ਵਰਗਾ ਹੋ ਗਿਆ। ਹੁਣ ਉਸ ਦਾ ਨਾਂ ਪੁੱਛਿਆ ਜਾਣ ਉੱਤੇ ਉਹ ਮੀਨਾਕਛੀ ਦੀ ਥਾਂ ਮੀਨਾਕਸ਼ੀ ਆਖਣ ਲੱਗ ਪਈ। ਤ੍ਰਿਪਤਾ ਨੇ ਸੰਗਮਰਮਰ ਦੇ ਟੁਕੜੇ ਵਿਚ ਸ੍ਰਿਸ਼ਟਾਚਾਰ ਅਤੇ ਸੁੰਦਰਤਾ ਦੇ ਨਕਸ਼ ਤ੍ਰਾਸ਼ ਦਿੱਤੇ ਸਨ। ਉਹ ਆਪਣੀ ਕਲਾ-ਕ੍ਰਿਤੀ, ਆਪਣੇ ਸ਼ਾਹਕਾਰ ਨੂੰ ਵੇਖ ਕੇ ਕਿਸੇ ਮਾਈਕਲ ਐਂਜਿਲੋ ਨਾਲੋਂ ਘੱਟ ਖ਼ੁਸ਼ ਨਹੀਂ ਸੀ। ਇਕ ਦਿਨ ਜਦੋਂ ਉਸ ਨੇ ਮੀਨਾ ਦੇ ਵਿਸਮਾਦਜਨਕ ਵਿਕਾਸ ਬਾਰੇ ਗੋਤਮ ਨਾਲ ਗੱਲ ਕੀਤੀ ਤਾਂ ਉਸ ਨੇ ਆਖਿਆ,
"ਆਪਣੇ ਅਸਲੇ ਵੱਲ ਜਾਣਾ ਸਰਲ ਅਤੇ ਸੁਖਦਾਇਕ ਹੁੰਦਾ ਹੈ, ਤ੍ਰਿਪਤਾ। ਨਦੀਆਂ ਨੂੰ ਸਮੁੰਦਰ ਦਾ ਰਾਹ ਨਹੀਂ ਪੁੱਛਣਾ ਪੈਂਦਾ। ਬੀਜ ਨੂੰ ਬਿਰਖ ਬਣਨ ਦੀ ਜਾਚ ਨਹੀਂ ਸਿਖਾਉਣੀ ਪੈਂਦੀ।"
"ਸਭ ਕੁਝ ਏਨਾ ਸੌਖਾ ਨਹੀਂ, ਗੌਤਮ ਆਦਮੀ ਕੋ (ਭੀ) ਮੁਯੱਸਿਰ ਨਹੀਂ ਇਨਸਾਂ ਹੋਨਾ।" ਕਹਿ ਕੇ ਤ੍ਰਿਪਤਾ ਨੇ ਵਿਅੰਗ ਭਰੀ ਮੁਸਕਰਾਹਟ ਨਾਲ ਗੌਤਮ ਵੱਲ ਵੇਖਿਆ। ਗੌਤਮ ਦੀ ਖੁਸ਼ੀ ਦਾ ਕੋਈ ਮੇਚ ਬੰਨਾ ਨਾ ਰਿਹਾ। 'ਤ੍ਰਿਪਤਾ ਮੁੜ ਪਹਿਲਾਂ ਵਰਗੀ ਤ੍ਰਿਪਤਾ ਬਣਦੀ ਜਾ ਰਹੀ ਹੈ' ਇਹ ਸੋਚ ਕੇ ਉਹ ਧੰਨ ਧੰਨ ਹੋ ਗਿਆ। ਮਨ ਹੀ ਮਨ ਉਹ ਮੀਨਾ ਅਤੇ ਉਸ ਦੇ ਪਰਿਵਾਰ ਵਾਲਿਆਂ ਪ੍ਰਤੀ ਸ਼ਰਧਾ ਨਾਲ ਭਰ ਗਿਆ। ਕੁਰਸੀ ਉਤੋਂ ਉੱਠ ਕੇ ਉਹ ਤ੍ਰਿਪਤਾ ਕੋਲ ਗਿਆ। ਉਸ ਦੇ ਸਿਰ ਨੂੰ ਆਪਣੇ ਦੋਹਾਂ ਹੱਥਾਂ ਵਿਚ ਲੈ ਕੇ ਉਸ