ਤ੍ਰਿਪਤਾ ਦੀ ਉਦਾਸ ਮੂਰਤੀ ਮੁਸਕਰਾ ਪਈ ਸੀ: ਗੌਤਮ ਆਪਣੇ ਸ਼ਾਹਕਾਰ ਨੂੰ ਵੇਖ ਕੇ ਖੁਸ਼ ਸੀ। ਹੁਣ ਉਹ ਮੀਨਾ ਨੂੰ ਉਸ ਦੇ ਮਾਪਿਆਂ ਕੋਲੋਂ ਮੰਗ ਲੈਣਾ ਚਾਹੁੰਦਾ ਸੀ।
ਮੀਨਾ ਦੀ ਮਾਂ ਵੀ ਮਾਡਲ ਟਾਉਨ ਵਿਚ ਹੀ ਘਰਾਂ ਕੋਠਿਆਂ ਦੀ ਸਫ਼ਾਈ ਦਾ ਕੰਮ ਕਰਦੀ ਸੀ। ਕਦੇ ਕਦੇ ਉਹ ਵੀ ਤ੍ਰਿਪਤਾ ਨੂੰ ਨਮਸਤੇ ਕਰਨ ਆ ਜਾਂਦੀ ਸੀ। ਪਰ ਕੁਝ ਚਿਰ ਬੈਠ ਕੇ ਗੱਲਾਂ ਕਰਨ ਦਾ ਸਮਾਂ ਉਸ ਕੋਲ ਨਹੀਂ ਸੀ ਹੁੰਦਾ। ਕਈ ਮਹੀਨਿਆਂ ਤੋਂ ਦੋ ਆਦਮੀਆਂ ਦਾ ਕੰਮ ਇਕੱਲੀ ਨੂੰ ਕਰਨਾ ਪੈ ਰਿਹਾ ਸੀ। ਉਸ ਨੂੰ ਆਸ ਸੀ ਕਿ ਉਸ ਦਾ ਬੀਮਾਰ ਪਤੀ ਤੰਦਰੁਸਤ ਹੋ ਕੇ ਮੁੜ ਕੰਮ ਉੱਤੇ ਆ ਜਾਵੇਗਾ। ਇਸ ਲਈ ਉਹ ਕਿਵੇਂ ਨਾ ਕਿਵੇਂ ਸਾਰੇ ਘਰਾਂ ਦਾ ਕੰਮ ਸੰਭਾਲਣ ਦਾ ਜਤਨ ਕਰਦੀ ਆਈ ਸੀ। ਉਹ ਸਵੇਰ ਤੋਂ ਸ਼ਾਮ ਤਕ ਲੋਕਾਂ ਦੇ ਘਰਾਂ ਦੀ ਸਫ਼ਾਈ ਵਿਚ ਲੱਗੀ ਰਹਿੰਦੀ ਸੀ । ਸਾਊ ਲੋਕਾਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਨ੍ਹਾਂ ਦੇ ਘਰੀਂ ਸ਼ਾਮ ਤਕ ਗੇਂਦ ਪਿਆ ਰਹੇ ਅਤੇ ਧਰਮੇਂ ਲਈ ਇਹ ਸੰਭਵ ਨਹੀਂ ਸੀ ਕਿ ਉਹ ਕਿਸੇ ਚਮਤਕਾਰੀ ਸ਼ਕਤੀ ਨਾਲ ਕਈ ਸਰੀਰ ਧਾਰਣ ਕਰ ਕੇ ਇਕ ਤੋਂ ਬਹੁਤਿਆਂ ਘਰਾਂ ਵਿਚ ਜਾ ਸਕੇ। ਉਸ ਨੂੰ ਇਹ ਵੀ ਮਨਜ਼ੂਰ ਨਹੀਂ ਸੀ ਕਿ ਉਹ ਆਪਣਾ ਕੰਮ ਘਟ ਕਰ ਦੇਵੇ। ਅਜਿਹਾ ਹੋਣ ਨਾਲ ਉਸ ਦੀ ਆਮਦਨ ਘਟ ਜਾਣੀ ਸੀ ਅਤੇ ਆਮਦਨ ਘਟਣ ਨਾਲ ਚਾਰ ਬੱਚਿਆਂ ਦੀ ਰੋਟੀ ਅਤੇ ਬੀਮਾਰ ਪਤੀ ਦੀ ਦਵਾਈ ਦਾ ਪ੍ਰਬੰਧ ਮੁਸ਼ਕਲ ਹੋ ਜਾਣਾ ਸੀ । ਸਾਉ ਲੋਕਾਂ ਦੇ ਘਰਾਂ ਵਿੱਚੋਂ ਮਿਲਣ ਵਾਲਾ ਬੇਹਾ ਬਚਿਆ ਭੋਜਨ ਅਤੇ ਪਾਟਾ ਪੁਰਾਣਾ ਕੱਪੜਾ ਲੱਤਾ ਉਸ ਦੀ ਪਰਿਵਾਰਕ ਆਰਥਕਤਾ ਦਾ ਮਹੱਤਵਪੂਰਨ ਅੰਗ ਸੀ। ਉਹ ਇਸ ਤੋਂ ਵੰਚਿਤ ਨਹੀਂ ਸੀ ਹੋਣਾ ਚਾਹੁੰਦੀ। ਅੱਜ ਜਦੋਂ ਤਿੰਨ ਵਜੇ ਸਤਾਰਾਂ ਨੰਬਰ ਵਿਚ ਕੰਮ ਕਰਨ ਗਈ ਤਾਂ ਘਰ ਦੇ ਮਾਲਕ ਨੇ ਆਖਿਆ,
"ਵੇਖ ਧਰਮੋਂ, ਇਸ ਤਰ੍ਹਾਂ ਕੰਮ ਨਹੀਓਂ ਚੱਲਣਾ। ਦਿਨ ਮੁੱਕਣ ਲੱਗਾ: ਹੁਣ ਤੂੰ ਆਈ ਐਂ। ਆਪੇ ਦੱਸ ਭਈ ਤਰਕਾਲਾਂ ਤਕ ਘਰ 'ਚ ਗੰਦ ਪਿਆ ਚੰਗਾ ਲੱਗਦੈ।"
ਧਰਮੇਂ ਕੋਲ ਕੋਈ ਉੱਤਰ ਨਹੀਂ ਸੀ। ਉਹ ਚੁੱਪ ਖਲੋਤੀ ਰਹੀ। ਸਰਦਾਰ ਜੀ ਨੇ ਗੱਲ ਜਾਰੀ ਰੱਪੀ, 'ਜੇ ਤੇਰੇ ਕੋਲੋਂ ਕੰਮ ਨਹੀਂ ਹੁੰਦਾ ਤਾਂ ਦੱਸ ਦੇਹ; ਅਸੀਂ ਕੋਈ ਹੋਰ ਬੇਦੋਬਸਤ ਕਰ ਲਈਏ। ਕਈ ਮਹੀਨੇ ਹੋ ਗਏ ਆ ਏਦਾਂ ਹੁੰਦੀਆਂ। ਇਕ ਦੋ ਦਿਨਾਂ ਦੀ ਗੱਲ ਹੁੰਦੀ ਤਾਂ....."
"ਮੀਨਾ ਦਾ ਭਾਪਾ ਬਮਾਰ ਆ, ਸਰਦਾਰ ਜੀ, ਕੰਮ ਤੋਂ ਸਾਨੂੰ ਕੋਈ ਅਨਕਾਰ ਨਹੀਂ। ਅੱਗੇ ਨੂੰ ਨੀਂ ਹੁੰਦਾ ਏਦਾਂ; ਤੁਸੀਂ ਫ਼ਿਕਰ ਨਾ ਕਰੋ।"
ਕਹਿਣ ਨੂੰ ਧਰਮੋਂ ਨੇ ਇਉਂ ਕਹਿ ਦਿੱਤਾ, ਪਰ ਉਸ ਨੂੰ ਪਤਾ ਸੀ ਕਿ ਹੋਣਾ ਏਦਾਂ ਹੀ ਹੈ। ਜੇ ਉਹ ਸਤਾਰਾਂ ਨੰਬਰ ਵਿਚ ਪਹਿਲਾਂ ਚਲੀ ਜਾਵੇਗੀ ਤਾਂ ਸਤਾਈ ਵਾਲੇ ਏਹੋ ਕੁਝ ਕਹਿਣਗੇ। ਇਸ ਗੱਲ ਦਾ ਧਰਮੋਂ ਨਾਲੋਂ ਬਹੁਤਾ ਪਤਾ ਸਤਾਰਾਂ ਨੰਬਰ ਵਿਚ ਰਹਿਣ ਵਾਲੇ