ਰਾਮੀਂ ਨੂੰ ਉੱਚੀ ਉੱਚੀ ਗੁੱਸੇ ਵਿਚ ਬੋਲਦਿਆਂ ਸੁਣ ਕੇ ਉਸ ਦੀ ਬਰਾਦਰੀ ਦੇ ਕੁਝ ਇਸਤਰੀ ਪੁਰਸ਼ ਆਪਣੇ ਕੰਮ ਛੱਡ ਕੇ ਕੋਲ ਆ ਗਏ। ਕੁਝ ਰਾਹ ਜਾਂਦੇ ਤਮਾਸ਼ਬੀਨ ਵੀ ਜ਼ਰਾ ਪਰ੍ਹੇ ਹੋ ਕੇ ਖਲੋ ਗਏ। ਆਪੋ ਆਪਣੀ ਕੋਠੀ ਦੇ ਗੇਟ ਵਿਚ ਖਲੋਤੇ ਕੁਝ ਸਾਊ ਲੋਕ ਵੀ ਵੇਖ ਰਹੇ ਸਨ। ਡ੍ਰਾਇੰਗਰੂਮ ਦੀ ਖਿੜਕੀ ਦਾ ਪਰਦਾ ਪਰ੍ਹੇ ਕਰ ਕੇ ਤ੍ਰਿਪਤਾ ਵੀ ਵੇਖ ਰਹੀ ਸੀ। ਗੌਤਮ ਗੁਸਲਖ਼ਾਨੇ ਵਿਚ ਸੀ। ਏਨੀਆਂ ਅੱਖਾਂ ਦੇ ਵੇਖਦਿਆਂ ਇਕ ਇਸਤਰੀ ਸਾਹਮਣੇ ਲਾਜਵਾਬ ਹੋਣ ਦੀ ਸ਼ਰਮਿੰਦਗੀ ਮੇਲਾ ਰਾਮ ਸਹਾਰ ਨਾ ਸਕਿਆ। ਉਹ ਵੀ ਉਸੇ ਲਹਿਜੇ ਵਿਚ ਬੋਲਿਆ, "ਸਾਨੂੰ ਨਹੀਂ ਲੋੜ ਕਿਸੇ ਦਾ ਰਿਜ਼ਕ ਖੋਹਣ ਦੀ। ਰੱਬ ਦਾ ਦਿੱਤਾ ਬਹੁਤ ਆ ਸਾਡੇ ਕੋਲ। ਸਰਦਾਰ ਹੁਣਾਂ ਆਖਿਆ ਤਾਂ ਮੈਂ ਆ ਗਿਆ ਏਥੇ। ਚਲੋ, ਧਰਮੇਂ ਕੋਲੋਂ ਨਹੀਂ ਹੁੰਦਾ, ਅਸੀਂ ਕਰ ਲੈਨੇ ਆਂ। ਹਰ ਕਿਸੇ ਨੇ ਕਰ ਕੇ ਖਾਣਾ। ਏਥੇ ਨਹੀਂ, ਹੋਰਥੇ ਕਰ ਲਾਂ'ਗੇ। ਸਾਨੂੰ ਨੀਂ ਲੋੜ ਤੇਰੇ ਮੂੰਹ ਲੱਗਣ ਦੀ।"
"ਜ਼ੁਬਾਨ ਬੋਲ ਵੇ, ਮੇਲਿਆ। ਤੇਰੇ ਮੂੰਹ ਕੌਣ ਲੱਗਦਾ ? ਨਾਲੇ ਚੋਰ ਨਾਲੇ ਚਾਤਰ। ਅਸੀਂ ਵੀ ਕਰ ਕੇ ਖਾਨੇ ਆ, ਤੇਰਾ ਦਿੱਤਾ ਨੀਂ ਖਾਂਦੇ ਅਸੀਂ । ਆਇਆ ਸ਼ਾਹੂਕਾਰ ਕਿਤੋਂ ਦਾ।"
ਮੌਕੇ ਦੀ ਨਜ਼ਾਕਤ ਵੇਖ ਕੇ ਮੇਲਾ ਰਾਮ ਓਥੋਂ ਤੁਰ ਗਿਆ ਤੇ ਜਾਂਦਾ ਜਾਂਦਾ ਕਹਿੰਦਾ ਗਿਆ, "ਵੇਖੋ ਜੀ, ਭਲੇ ਦਾ ਸਮਾਂ ਨੀਂ। ਮੱਤ ਮਾਰੀ ਗਈ ਜਨਾਨੀ ਦੀ। ਕੰਮ ਆਪ ਤੋਂ ਨਹੀਂ ਹੁੰਦਾ ਗੁੱਸਾ ਸਾਡੇ ਉੱਤੇ ਕੱਢਦੀ ਆ।"
"ਨਹੀਂ ਹੁੰਦਾ ਤੇ ਤੇਰੇ ਕੋਲ ਫਰਮੈਸ਼ ਵੀ ਨੀ ਪਾਈ ਕਿਨੇ । ਤੂੰ ਆਪੇ ਆ ਵਡਿਆਂ ਮੂੰਹ ਚੁੱਕੀ," ਕਹਿ ਕੇ ਰਾਮੀਂ ਸਤਾਰਾਂ ਨੰਬਰ ਵਿਚ ਗਈ ਅਤੇ ਬਰਾਂਡੇ ਵਿਚ ਖਲੋਤੇ ਮਾਲਕ ਨੂੰ ਹੱਥ ਜੋੜ ਕੇ ਆਖਿਆ, "ਸਰਦਾਰ ਜੀ, ਮਾਫ਼ ਕਰਿਓ; ਧਰਮ ਕੱਲੀ ਸੀ; ਕੰਮ ਨੂੰ ਅਵੇਰ-ਸਵੇਰ ਹੁੰਦੀ ਸੀ; ਅੱਗੇ ਨੂੰ ਨੀਂ ਹੁੰਦੀ ਤੁਸੀਂ ਖਾਤਰ ਜਮਾਂ ਰੱਖੋ।"
ਤ੍ਰਿਪਤਾ ਕੋਲੋਂ ਇਸ ਝਗੜੇ ਨੂੰ ਆਦਿ ਤੋਂ ਅੰਤ ਤਕ ਵੇਖਣ ਦੀ ਭੁੱਲ ਹੋ ਗਈ ਸੀ। ਜੇ ਪ੍ਰੋਫੈਸਰ ਗੌਤਮ ਗੁਸਲਖਾਨੇ ਵਿਚ ਨਾ ਹੁੰਦਾ ਤਾਂ ਉਸ ਨੇ ਇਉਂ ਨਹੀਂ ਸੀ ਹੋਣ ਦੇਣਾ। ਜਿਵੇਂ ਤਿਲ੍ਹਕਵੀਂ ਚੜਾਈ ਚੜ੍ਹਦੇ ਕਿਸੇ ਵਿਅਕਤੀ ਦਾ ਪੈਰ ਤਿਲ੍ਹਕ ਜਾਣ ਕਰਕੇ ਉਹ ਹੇਠਾਂ ਨੂੰ ਸਰਕ ਜਾਵੇ, ਉਸੇ ਤਰ੍ਹਾਂ ਤ੍ਰਿਪਤਾ ਦਾ ਮਨ ਉਦਾਸੀ ਵੱਲ ਸਰਕਣ ਲੱਗ ਪਿਆ। ਗੁਸਲਖ਼ਾਨੇ ਤੋਂ ਬਾਹਰ ਆ ਕੇ ਗੌਤਮ ਨੇ ਪਤਨੀ ਦੇ ਚਿਹਰੇ ਉੱਤੇ ਉਦਾਸੀ ਵੇਖ ਕੇ ਪੁੱਛਿਆ,
“ਕੀ ਗੱਲ ਹੈ, ਤ੍ਰਿਪਤਾ ? ਬਾਹਰ ਰੌਲਾ ਜਿਹਾ ਕਿਉਂ ਸੀ ?"
"ਰਾਮੀਂ ਕਿਸੇ ਜਮਾਂਦਾਰ ਨਾਲ ਝਗੜਾ ਕਰ ਰਹੀ ਸੀ।"