"ਕੋਈ ਕਾਰਣ ?"
"ਉਸ ਜਮਾਂਦਾਰ ਨੇ ਰਾਮੀਂ ਕੋਲੋਂ ਕੁਝ ਘਰਾਂ ਦਾ ਕੰਮ ਹਥਿਆ ਲਿਆ ਸੀ।"
"ਫੈਸਲਾ ਹੋ ਗਿਆ ?
"ਪਤਾ ਨਹੀਂ, ਉਹ ਜਮਾਂਦਾਰ ਚਲਾ ਗਿਆ ਹੈ।"
"ਤੁਸਾਂ ਰਾਮੀਂ ਨੂੰ ਪੁੱਛਣਾ ਸੀ।"
"ਉਹ ਏਧਰ ਆਈ ਹੀ ਨਹੀਂ। ਬਹੁਤ ਗੁੱਸੇ ਵਿਚ ਸੀ । ਮੈਂ ਵੀ ਬੁਲਾਉਣਾ ਠੀਕ ਨਾ ਸਮਝਿਆ। ਸਾਰਾ ਮੁਹੱਲਾ ਵੇਖ ਰਿਹਾ ਸੀ। ਬਹੁਤ ਘਿਨਾਉਣਾ ਦ੍ਰਿਸ਼ ਸੀ, ਗੌਤਮ। ਦੋ ਵਿਅਕਤੀਆਂ ਦਾ ਨਿਗੂਣੀ ਗੱਲ ਲੜਨਾ ਕਿੰਨੇ ਦੁੱਖ ਦੀ ਗੱਲ ਹੈ।"
"ਸਾਗਰ ਮੰਥਨ ਤੋਂ ਮਗਰੋਂ ਦਾ ਮਨੁੱਖ ਇਸੇ ਰਾਹੇ ਤੁਰਿਆ ਆ ਰਿਹਾ ਹੈ, ਤ੍ਰਿਪਤਾ।"
"ਆਪਣੇ ਵਰਗੇ ਮਨੁੱਖਾਂ ਦਾ ਗੰਦ ਢੋਣ ਤੋਂ ਲੜਦਾ ਆ ਰਿਹਾ ਹੈ ?"
"ਨਹੀਂ ਤ੍ਰਿਪਤਾ, ਆਪਣੀ ਰੋਟੀ ਤੋਂ, ਅੰਨ ਤੋਂ ਲੜਦਾ ਆ ਰਿਹਾ ਹੈ।"
"ਅੰਨ ਨੂੰ ਭਗਵਾਨ ਵੀ ਆਖਦਾ ਹੈ।"
"ਭਗਵਾਨ ਉੱਤੋਂ ਵੀ ਲੜਦਾ ਆਇਆ ਹੈ, ਲੜ ਰਿਹਾ ਹੈ।"
"ਲੜਦਾ ਹੀ ਰਹੇਗਾ ?"
"ਕੁਝ ਕਿਹਾ ਨਹੀਂ ਜਾ ਸਕਦਾ, ਤ੍ਰਿਪਤਾ। ਮੇਰਾ ਖਿਆਲ ਹੈ, 'ਨਹੀਂ'। ਇਹ ਮੇਰੀ ਖ਼ੁਸ਼ ਖ਼ਿਆਲੀ ਵੀ ਹੋ ਸਕਦੀ ਹੈ। ਜੇ ਮਨ ਨੂੰ ਧਰਵਾਸ ਦੇ ਸਕਦੀ ਹੈ ਤਾਂ ਖ਼ੁਸ਼ ਖ਼ਿਆਲੀ ਵੀ ਬੁਰੀ ਨਹੀਂ। ਤੁਸੀਂ ਵੀ ਏਸੇ ਖ਼ੁਸ਼ ਮਿਆਲੀ ਦੀ ਸਹਾਇਤਾ ਨਾਲ ਆਪਣੇ ਆਪ ਨੂੰ ਧੀਰਜ ਦਿਓ।"
ਤ੍ਰਿਪਤਾ ਆਪਣੇ ਆਪ ਨੂੰ ਧੀਰਜ ਦੇਣ ਦਾ ਜਤਨ ਕਰਦੀ ਰਹੀ ਅਤੇ ਮਨ ਹੀ ਮਨ ਇਹ ਵਿਉਂਤ ਬਣਾਉਂਦੀ ਰਹੀ ਕਿ ਉਹ ਗੌਤਮ ਨੂੰ ਨਾਲ ਲੈ ਕੇ ਕਲ੍ਹ ਐਤਵਾਰ ਕਿਸੇ ਵੇਲੇ ਮੀਨਾ ਦੇ ਘਰ ਉਸ ਦੇ ਪਿਤਾ ਕੋਲ ਜਾਵੇਗੀ ਅਤੇ ਉਸ ਕੋਲੋਂ ਮੀਨਾ ਨੂੰ ਮੰਗ ਲਵੇਗੀ ਤਾਂ ਜੁ ਇਸ 'ਪੰਕਜ' ਨੂੰ ਛੇਤੀ ਹੀ ਚਿੱਕੜ ਵਿੱਚੋਂ ਕੱਢ ਕੇ ਆਪਣੇ ਸਰੋਵਰ ਦਾ 'ਸਰੋਜ' ਬਣਾ ਲਵੇ। ਉਹ ਤੀਬਰਤਾ ਨਾਲ ਐਤਵਾਰ ਦੀ ਉਡੀਕ ਕਰ ਰਹੀ ਸੀ। ਐਤਵਾਰ ਦੀ ਸਵੇਰ ਹੋਈ। ਪਤੀ-ਪਤਨੀ ਇਸ਼ਨਾਨ ਪਾਨ ਕਰ ਕੇ ਤਿਆਰ ਹੋ ਗਏ ਅਤੇ ਕੋਠੀ ਦੇ ਬਗੀਚੇ ਵਿਚ ਟਹਿਲਦੇ ਹੋਏ ਸਲਾਹਾਂ ਕਰਨ ਲੱਗ ਪਏ ਕਿ ਉਨ੍ਹਾਂ ਨੇ ਮੀਨਾ ਨੂੰ ਉਸ ਦੇ ਮਾਪਿਆਂ ਕੋਲੋਂ ਕਿਵੇਂ ਮੰਗਣਾ ਹੈ ਅਤੇ ਉਸ ਤੋਂ ਪਿੱਛੋਂ ਕਾਨੂੰਨੀ ਕਾਰਵਾਈ ਕਿਵੇਂ ਨੇਪਰੇ ਚਾੜ੍ਹਨੀ ਹੈ। ਤ੍ਰਿਪਤਾ ਨੇ ਆਪਣੀ ਵਿਉਂਤ ਦੱਸਣੀ ਆਰੰਭ ਕੀਤੀ, "ਹੁਣ ਜਦੋਂ ਮੀਨਾ ਆਵੇਗੀ ਤਾਂ ਮੈਂ ਉਸ ਨਾਲ ਸਾਰੀ ਗੱਲ ਕਰ ਲਵਾਂਗੀ। ਦੁਪਹਿਰ ਤਕ ਉਹ ਸਾਰਾ ਪਰਿਵਾਰ ਇਕੱਠਾ ਹੋ ਜਾਵੇਗਾ। ਉਨ੍ਹਾਂ ਦੇ ਘਰ ਜਾ ਕੇ...।"
ਤ੍ਰਿਪਤਾ ਨੇ ਬਾਹਰ ਸੜਕ ਵੱਲ ਵੇਖਿਆ। ਉਸ ਦਾ ਸੁਪਨਾ ਟੁੱਟ ਗਿਆ। ਉਹ ਸੋਚ ਰਹੀ ਸੀ ਕਿ ਸਦਾ ਵਾਂਗ ਅੱਜ ਵੀ ਰੀਨਾ ਦੇ ਕਪੜੇ ਪਾਈ ਮੀਨਾ ਉਸ ਕੋਲ ਆਵੇਗੀ। ਪਰ ਇਉਂ ਨਾ ਹੋਇਆ। ਉਸ ਨੇ ਵੇਖਿਆ ਕਿ ਮੀਨਾ ਆਪਣੇ ਕਪੜੇ ਪਾਈ ਆਪਣੀ ਦਾਦੀ ਨਾਲ ਤੁਰੀ ਜਾ ਰਹੀ ਸੀ। ਉਸ ਦੇ ਸਿਰ ਉੱਤੇ ਉਸੇ ਤਰ੍ਹਾਂ ਟੋਕਰੀ ਟਿਕੀ ਹੋਈ ਸੀ, ਜਿਸ ਤਰ੍ਹਾਂ ਉਸ ਦੀ ਦਾਦੀ ਦੇ ਸਿਰ ਉੱਤੇ ਅਤੇ ਟੋਕਰੀ ਵਿਚ ਇਕ ਝਾੜੂ ਰੱਖਿਆ ਹੋਇਆ ਸੀ। ਦੋਵੇਂ ਸਤਾਰਾਂ ਨੰਬਰ ਦਾ ਗੇਟ ਖੋਲ੍ਹ ਕੇ ਅੰਦਰ ਚਲੋ ਗਈਆਂ।