ਇਹ ਕੀ ਹੋ ਗਿਆ ?
ਸਿਖ ਲਾਈਟ ਇਨਵੈਂਟੀ ਵਿਚੋਂ ਹੇਲਦਾਰੀ ਦੀ ਪੈਨਸ਼ਨ ਉੱਤੇ ਆਇਆ ਹੋਇਆ ਸੰਤਾ ਸਿੰਘ, ਛਾਹ ਵੇਲਾ ਖਾ ਕੇ ਘਰੋਂ ਤੁਰ ਪਿਆ। ਜਦੋਂ ਉਹ ਆਪਣੇ ਪਿੰਡ, ਬੁੱਚੇ ਨੰਗਲ, ਦੇ ਪ੍ਰਾਇਮਰੀ ਸਕੂਲ ਦੇ ਸਾਹਮਣਿਉਂ ਲੰਘ ਰਿਹਾ ਸੀ, ਉਦੋਂ ਅਧਿਆਪਕ ਹਾਜ਼ਰੀ ਲਾ ਰਹੇ ਸਨ। ਆਪੋ ਆਪਣਾ ਨਾਂ ਸੁਣ ਕੇ ਬੱਚੇ 'ਜੋ ਹਿੰਦ' ਬੋਲ ਰਹੇ ਸਨ। ਅੱਜ ਤੋਂ ਤੀਹ ਪੈਂਤੀ ਸਾਲ ਪਹਿਲਾਂ ਜਦੋਂ ਉਹ ਪੜ੍ਹਨੇ ਪਿਆ ਸੀ ਉਦੋਂ 'ਜੈ ਹਿੰਦ' ਦੀ ਥਾਂ 'ਹਾਜ਼ਰ ਜਨਾਬ' ਆਖ ਕੇ ਹਾਜ਼ਰੀ ਲੁਆਈ ਜਾਂਦੀ ਸੀ। ਬੁਰਾਈ ਤਾਂ ਇਸ ਵਿਚ ਵੀ ਕੋਈ ਨਹੀਂ ਸੀ, ਪਰ 'ਜੈ ਹਿੰਦ' ਦੇਸ਼ ਦੀ ਆਜ਼ਾਦੀ ਦਾ ਲਖਾਇਕ ਹੋਣ ਕਰ ਕੇ ਉਚੇਚੇ ਗੋਰਵ ਦੀ ਗੱਲ ਸੀ। ਗੌਰਵ ਦੇ ਅਹਿਸਾਸ ਨਾਲ ਮੁੱਛਾਂ ਉੱਤੇ ਫਿਰਨ ਲਈ ਉਸ ਦਾ ਹੱਥ ਉੱਠਿਆ ਹੀ ਸੀ ਕਿ ਆਪਣੀ ਪੜ੍ਹਾਈ 'ਤੇ ਮੁੱਢਲੇ ਦਿਨਾਂ ਦੀ ਯਾਦ ਨੇ ਗੌਰਵ ਨੂੰ ਗਿਲਾਨੀ ਵਿਚ ਬਦਲ ਦਿੱਤਾ। ਮਨ ਉੱਤੇ ਅਤੀਤ ਦਾ ਭਾਰ ਪੈ ਜਾਣ ਨਾਲ ਉਸ ਦੀ ਤੋਰ ਮੱਠੀ ਹੋ ਗਈ। ਕੁਝ ਇਸ ਤਰ੍ਹਾਂ ਦਾ ਸੀ ਉਸ ਦਾ ਅਤੀਤ:
ਉਸ ਦਾ ਪਿਤਾ ਕਰਮ ਸਿੰਘ ਮਜ਼ਹਬੀ ਸਿਖ ਸੀ। ਆਪਣੇ ਪਿੰਡ ਦਾ ਚੌਕੀਦਾਰ ਹੋਣ ਕਰਕੇ ਉਹ ਆਪਣੇ ਆਪ ਨੂੰ ਅੰਗ੍ਰੇਜ਼ੀ ਰਾਜ-ਪ੍ਰਬੰਧ ਦਾ ਹਿੱਸਾ ਸਮਝਦਾ ਸੀ । ਅਜਿਹਾ ਹੋਣ ਅਤੇ ਸਮਝਣ ਨਾਲ ਉਸ ਦੇ ਸਮਾਜਕ ਸਥਾਨ ਵਿਚ ਭਾਵੇਂ ਕੋਈ ਡਰਕ ਨਹੀਂ ਸੀ ਪਿਆ ਤਾਂ ਵੀ ਆਪਣੀ ਬਰਾਦਰੀ ਦੇ ਆਦਮੀਆਂ ਨਾਲੋਂ ਉਹ ਕੁਝ ਵੱਖਰਾ ਸੀ। ਲੱਕ ਤੋੜਵੀਂ ਮਿਹਨਤ ਤੋਂ ਉਸ ਦਾ ਪਿੱਛਾ ਛੁੱਟ ਗਿਆ ਸੀ। ਉਸ ਦੇ ਰਹਿਣ ਸਹਿਣ ਵਿਚ ਕੁਝ ਸਫ਼ਾਈ ਅਤੇ ਸੰਜੀਦਗੀ ਆ ਗਈ ਸੀ। ਚੌਕੀਦਾਰ ਬਣ ਜਾਣ ਉੱਤੇ ਉਸ ਨੇ ਆਪਣੇ ਘਰ ਵਾਲੀ ਕੋਲੋਂ ਗੋਹੇ ਕੂੜੇ ਦਾ ਕੰਮ ਛੁਡਵਾ ਦਿੱਤਾ ਸੀ। ਚੂਹੜੇ ਤੋਂ ਮਜ਼ਹਬੀ ਸਿਖ ਬਣਿਆ ਕਰਮ ਸਿੰਘ, ਖਵਰੇ, ਮਨੁੱਖ ਹੋਣਾ ਲੋਚਦਾ ਸੀ। ਇਸ ਲਈ ਉਹ ਚਾਹੁੰਦਾ ਸੀ ਕਿ ਚੌਕੀਦਾਰਾ ਉਸ ਦੇ ਘਰੋਂ ਬਾਹਰ ਨਾ ਜਾਵੇ ਅਤੇ ਚੌਕੀਦਾਰਾ ਕਰਦਿਆਂ ਹੋਇਆਂ ਉਸ ਦੇ ਪੁੱਤ੍ਰ, ਸੰਤੂ, ਨੂੰ ਉਹ ਔਕੜਾਂ ਨਾ ਆਉਣ ਜੋ ਅਣਪੜ੍ਹ ਹੋਣ ਕਰਕੇ ਉਸ ਨੂੰ ਆਉਂਦੀਆਂ ਸਨ।
ਉਸ ਦੀ ਸਭ ਤੋਂ ਵੱਡੀ ਮੁਸ਼ਕਲ ਸੀ ਪੈਦਾਇਸ਼ ਅਤੇ ਮਰਗ ਦੇ ਰਜਿਸਟਰਾਂ ਦੀ ਖ਼ਾਨਾਪੁਰੀ। ਇਸ ਕੰਮ ਲਈ ਉਸ ਨੂੰ ਕਿਸੇ ਪੜ੍ਹੇ ਹੋਏ ਦੀ ਭਾਲ ਕਰਨੀ ਪੈਂਦੀ ਸੀ । ਜੋ ਇਹ ਭਾਲ ਕੁਝ ਲਮੇਰੀ ਹੋ ਜਾਂਦੀ ਤਾਂ ਉਸ ਨੂੰ ਨਵੇਂ ਜੰਮੇਂ ਬੱਚੇ ਦਾ ਨਾਂ ਅਤੇ ਜਨਮ ਦੀ ਤਾਰੀਖ਼ ਦੋਵੇਂ ਭੁੱਲ ਜਾਂਦੇ। ਇਨ੍ਹਾਂ ਦਾ ਪਤਾ ਕਰਨ ਲਈ ਉਸ ਨੂੰ ਬੱਚੇ ਦੇ ਮਾਤਾ-ਪਿਤਾ ਕੋਲ ਜਾਣਾ ਪੈਂਦਾ। ਮਾਪਿਆਂ ਨੂੰ ਬੱਚੇ ਦਾ ਨਾਂ ਤਾਂ ਯਾਦ ਹੁੰਦਾ ਸੀ ਪਰ ਜਨਮ ਦੀ ਤਾਰੀਖ਼ ਸਾਰੇ ਉਹ ਵੀ ਕਰਮ ਸਿੰਘ ਜਿੰਨੇ ਹੀ ਕੋਰੇ ਹੁੰਦੇ ਸਨ। ਨਤੀਜੇ ਵਜੋਂ ਪਿੰਡ ਦੇ ਰਜਿਸਟਰ