Back ArrowLogo
Info
Profile

ਪੈਦਾਇਸ਼ ਵਿਚ ਸਾਰੀਆਂ ਜਨਮ-ਤਿੱਥੀਆਂ ਅੱਟੇ ਸੱਟੇ ਲਿਖੀਆਂ ਜਾਂਦੀਆਂ ਸਨ। ਏਹੋ ਹਾਲ ਮਰਗ ਦੇ ਰਜਿਸਟਰ ਦਾ ਸੀ। ਕਾਸ਼ ਉਹ ਥੋੜਾ ਜਿਹਾ ਪੜ੍ਹਿਆ ਹੋਇਆ ਹੁੰਦਾ।

ਉਸ ਨੇ ਆਪਣੇ ਪੁੱਤ੍ਰ, ਸੰਤੂ, ਨੂੰ ਪੜ੍ਹਨੇ ਪਾ ਦਿੱਤਾ। ਬੱਚੇ ਨੰਗਲ ਦੇ ਪ੍ਰਾਇਮਰੀ ਸਕੂਲ ਵਿਚ ਬਖ਼ਤਪੁਰ ਅਤੇ ਆਵਾਣਾਂ ਤੋਂ ਵੀ ਬੱਚੇ ਪੜ੍ਹਨ ਆਉਂਦੇ ਸਨ। ਮਜ਼ਹਬੀਆਂ ਦਾ ਕੋਈ ਬੱਚਾ ਕਦੇ ਪੜ੍ਹਨੇ ਨਹੀਂ ਸੀ ਪਿਆ: ਸੰਤੂ ਪਹਿਲਾ ਸੀ, ਇਸ ਲਈ ਇਕ ਸੌ ਤੇਤੀ ਬੱਚਿਆਂ ਵਿਚ ਇਕੱਲਾ ਸੀ। ਅੱਠ ਸਾਲ ਦੀ ਉਮਰ ਵਿਚ ਸਕੂਲ ਦਾਖ਼ਲ ਹੋਇਆ ਹੋਣ ਕਰਕੇ ਉਹ ਆਪਣੀ ਜਮਾਤ ਦੇ ਬਾਕੀ ਬੱਚਿਆਂ ਨਾਲੋਂ ਵੱਡਾ ਸੀ; ਇਸ ਲਈ ਇਕੱਲਾ ਹੋਣ ਦੇ ਨਾਲ ਨਾਲ ਓਪਰਾ ਵੀ ਸੀ।

ਦਾਖ਼ਲਿਆਂ ਦਾ ਕੰਮ ਪੂਰਾ ਹੋ ਜਾਣ ਉੱਤੇ ਪਹਿਲੀ ਜਮਾਤ ਦੇ ਅਧਿਆਪਕ ਨੇ ਪਹਿਲੀ ਵੇਰ ਜਮਾਤ ਦੀ ਹਾਜ਼ਰੀ ਲਾਈ। ਪਹਿਲਾ ਨਾਂ ਬੋਲਿਆਂ 'ਅਵਤਾਰ ਸਿੰਘ'। ਕਿਸੇ ਬੱਚੇ ਵਲੋਂ ਕੋਈ ਜੁਆਬ ਨਾ ਆਇਆ। ਅਧਿਆਪਕ ਨੇ ਦੂਜੀ ਵੇਰ ਨਾਂ ਬੋਲਿਆ, ਕੋਈ ਉੱਤਰ ਨਾ ਆਇਆ। ਅਧਿਆਪਕ ਨੇ ਪੁੱਛਿਆ, "ਕਿਸੇ ਨੂੰ ਪਤਾ ਹੈ ਅਵਤਾਰ ਸਕੂਲੋ ਕਿਉਂ ਨਹੀਂ ਆਇਆ ?" ਬਹੁਤ ਸਾਰੀਆਂ ਆਵਾਜ਼ਾਂ  ਆਈਆਂ, "ਨਈਂ ਜੀ ।" ਇਨ੍ਹਾਂ ਆਵਾਜ਼ਾਂ ਵਿਚ ਇਕ ਉੱਚੀ ਆਵਾਜ਼ ਸੀ, "ਓ ਤਾਰੀ, ਤੇਰਾ ਨਾਂ ਈ ਓਏ, ਹਾਜ਼ਰੀ ਬੋਲ।" ਤਾਰੀ ਨੇ ਉੱਚੀ ਸੁਰ ਵਿਚ 'ਹਾਜ਼ਰ ਜਨਾਬ' ਆਖ ਦਿੱਤਾ।

ਕਿੰਦੇ ਨੂੰ ਪਹਿਲੀ ਵੇਰ ਪਤਾ ਲੱਗਾ ਕਿ ਉਸ ਦਾ ਪੂਰਾ ਨਾਂ ਕੁਲਵਿੰਦਰ ਸਿੰਘ ਹੈ ਅਤੇ ਬਿੱਲੂ ਨੂੰ ਇਹ, ਕਿ ਉਸ ਦਾ ਨਾਂ ਬਲਵਿੰਦਰ ਸਿੰਘ ਹੈ। 'ਸੰਤਾ ਸਿੰਘ' ਪੁਕਾਰਿਆ ਜਾਣ ਉੱਤੇ ਕਿਸੇ ਬੱਚੇ ਵਲੋਂ 'ਹਾਜ਼ਰ ਜਨਾਬ' ਦੀ ਆਵਾਜ਼ ਨਾ ਆਈ। ਦੋ ਤਿੰਨ ਵੇਰ ਨਾਂ ਬੋਲ ਕੇ ਅਧਿਆਪਕ ਨੇ ਉਸ ਨੂੰ 'ਗੈਰ ਹਾਜ਼ਰ' ਜਾਣ ਲਿਆ। ਬਾਕੀ ਸਾਰੇ ਬੱਚਿਆਂ ਦੇ ਪਿੱਛੇ, ਆਪਣੇ ਘਰੋਂ ਲਿਆਂਦੀ ਹੋਈ ਬੋਰੀ ਉੱਤੇ ਬੈਠਾ ਸੰਤੂ ਹੈਰਾਨ ਸੀ ਕਿ ਅਧਿਆਪਕ ਨੇ ਉਸ ਦਾ ਨਾਂ ਕਿਉਂ ਨਹੀਂ ਸੀ ਬੋਲਿਆ।

ਕਿਸੇ ਆਸ ਦਾ ਆਸਿਆ ਅਤੇ ਕਿਸੇ ਸ਼ੌਕ ਦਾ ਪ੍ਰੇਰਿਆ, ਕਰਮ ਸਿੰਘ ਚੌਥੇ ਕੁ ਦਿਨ ਸਕੂਲੇ ਚਲੇ ਗਿਆ; ਇਹ ਉਸ ਨੂੰ ਵੀ ਪਤਾ ਨਹੀਂ ਸੀ ਕਿ ਉਹ ਕੀ ਕਰਨ ਆਇਆ ਹੈ। ਕੁਰਸੀ ਉੱਤੇ ਬੈਠੇ ਅਧਿਆਪਕ ਨੇ, ਆਪਣੇ ਤੋਂ ਜ਼ਰਾ ਕੁ ਪਰੇ, ਹੱਥ ਜੋੜੀ ਖਲੋੜੇ ਕਰਮ ਸਿੰਘ ਨੂੰ ਪੁੱਛਿਆ, "ਕਿੱਦਾਂ ਆਇਆ ਚੌਕੀਦਾਰਾ ?"

"ਮਾਸਟਰ ਜੀ, ਬਸ...ਐਵੇਂ ਮੁੰਡੇ ਨੂੰ ਵੇਖਣ ਆ ਗਿਆ।"

"ਤੇਰਾ ਮੁੰਡਾ ਕਦੇ ਆਇਆ ਈ ਨਹੀਂ ਸਕੂਲੇ।"

"ਇਹ ਤਾਂ ਰੋਜ਼ ਆਉਂਦਾ, ਮਾਸਟਰ ਜੀ; ਔਹ ਵੇਖੋ ਬੈਠਾ।"

"ਅੱਛਾ; ਇਹ ਆ ਤੇਰਾ ਮੁੰਡਾ ? ਇਹ ਤਾਂ ਰੋਜ਼ ਆਉਂਦਾ ਪਰ ਹਾਜ਼ਰੀ ਕਿਉਂ ਨਹੀਂ ਬੋਲਦਾ। ਜੇ ਦੋ ਚਾਰ ਦਿਨ ਹੋਰ ਤੂੰ ਵੀ ਨਾ ਆਉਂਦੇ ਤਾਂ ਇਸ ਦਾ ਨਾਂ ਕੱਟਿਆ ਜਾਣਾ ਸੀ।"

"ਕਿਉਂ ਉਏ, ਤੂੰ ਹਾਜ਼ਰੀ ਕਿਉਂ ਨਹੀਂ ਬੋਲਦਾ ?" ਕਰਮ ਸਿੰਘ ਨੇ ਸੰਤੂ ਨੂੰ ਪੁੱਛਿਆ।

"ਮੇਰਾ ਨਾਵਾਂ ਨਹੀਂ ਬੋਲਿਆ ਕਦੇ।"

"ਮੈਂ ਤਾਂ ਰੋਜ਼ ਬੋਲਦਾ, ਨਲੈਕਾ। ਸੰਤਾ ਸਿੰਘ ਤੇਰਾ ਈ ਨਾਂ ਹੈ ਕਿ ਕਿਸੇ ਹੋਰ ਦਾ ?'' ਕੋਈ ਉੱਤਰ ਦੇਣ ਦੀ ਥਾਂ, ਸ਼ਰਮਿੰਦਾ ਸੰਤੂ ਸੱਜੇ-ਖੱਬੇ ਵੇਖਣ ਲੱਗ ਪਿਆ।

68 / 87
Previous
Next